ਸਰੀ, ਬੀ.ਸੀ. – ਸੋਮਵਾਰ ਦੀ ਹੋਈ ਰੈਗੂਲਰ ਕੌਂਸਲ ਦੀ ਮੀਟਿੰਗ ਵਿੱਚ, ਸਰੀ ਸਿਟੀ ਕੌਂਸਲ ਨੇ ਕਲੋਵਰਡੇਲ ਅਥਲੈਟਿਕ ਪਾਰਕ ਅਤੇ ਬੇਅਰ ਕਰੀਕ ਪਾਰਕ ਲਈ ਲਗਭਗ 10 ਮਿਲੀਅਨ ਡਾਲਰ ਦੇ ਅਪਗ੍ਰੇਡ ਨੂੰ ਮਨਜ਼ੂਰੀ ਦਿੱਤੀ। ਇਕਰਾਰਨਾਮੇ ਵਿੱਚ ਬੇਅਰ ਕਰੀਕ ਦੇ ਵਾਟਰ ਪਾਰਕ ਨੂੰ ਬਦਲਣ ਲਈ 9,28,000 ਡਾਲਰ ਅਤੇ ਕਲੋਵਰਡੇਲ ਐਥਲੈਟਿਕ ਪਾਰਕ ਵਿੱਚ ਦੋ ਨਵੇਂ ਟਰਫ਼ ਫੀਲਡਾਂ ਅਤੇ ਇੱਕ ਪਾਰਕਿੰਗ ਲਾਟ ਲਈ $9 ਮਿਲੀਅਨ ਡਾਲਰ ਸ਼ਾਮਲ ਹਨ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਇਹ ਨਿਵੇਸ਼ ਸਿਹਤਮੰਦ ਅਤੇ ਕਿਰਿਆਸ਼ੀਲ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਦੇ ਨਾਲ ਸਭ ਨੂੰ ਸ਼ਾਮਲ ਕਰਨ ਵਾਲੀਆਂ ਥਾਵਾਂ ਬਣਾਉਣ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦੇ ਹਨ,”। “ਨਵੀਆਂ ਟਰਫ਼ ਫੀਲਡਾਂ ਨਾਲ ਖੇਡ ਮੈਦਾਨਾਂ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ ਅਤੇ ਬੇਅਰ ਕਰੀਕ ਵਿੱਚ ਨਵਾਂ ਵਾਟਰ ਪਾਰਕ ਪਰਿਵਾਰਾਂ ਲਈ ਆਉਣ ਵਾਲੇ ਸਾਲਾਂ ਲਈ ਮਨੋਰੰਜਨ ਦਾ ਕੇਂਦਰ ਬਣੇਗਾ। । ਇਹ ਅੱਪਗਰੇਡ ਇਹ ਯਕੀਨੀ ਬਣਾਉਣ ਵਿੱਚ ਮਦਦ ਕਰ ਰਹੇ ਹਨ, ਕਿ ਸਾਡੇ ਪਾਰਕ ਸਰੀ ਦੀ ਵੱਧ ਰਹੀ ਆਬਾਦੀ ਦੀਆਂ ਲੋੜਾਂ ਪੂਰੀਆਂ ਕਰ ਰਹੇ ਹਨ।”
ਮੌਜੂਦਾ ਬੇਅਰ ਕਰੀਕ ਦਾ ਵਾਟਰ ਪਾਰਕ 1985 ਵਿੱਚ ਬਣਾਇਆ ਗਿਆ ਸੀ, ਜਿਸਦਾ ਆਖ਼ਰੀ ਵਾਰ 2006 ਵਿੱਚ ਅੱਪਡੇਟ ਕੀਤਾ ਗਿਆ ਤੇ ਹੁਣ ਇਸਨੂੰ ਤਬਦੀਲ ਕਰਨ ਦੀ ਲੋੜ ਵਿੱਚ ਹੈ। ਨਵੇਂ ਡਿਜ਼ਾਈਨ ਵਿੱਚ ਸਾਰੀਆਂ ਯੋਗਤਾਵਾਂ ਦੇ ਬੱਚਿਆਂ ਲਈ ਵੱਖ-ਵੱਖ ਕਿਸਮਾਂ ਦੇ ਵਾਟਰ ਪਲੇ ਲਈ ਜ਼ੋਨ ਹੋਣਗੇ, ਜਿਸ ਵਿੱਚ ਉੱਚ-ਊਰਜਾ ਵਾਲੀਆਂ ਸਪਰੇਅ ਵਿਸ਼ੇਸ਼ਤਾਵਾਂ ਤੋਂ ਲੈ ਕੇ ਹੌਲੀ ਧਾਰਾਂ ਅਤੇ ਵਾਟਰ ਟੇਬਲ ਤੱਕ ਦੇ ਉਪਕਰਨ ਸ਼ਾਮਲ ਹੋਣਗੇ। ਨਿਰਮਾਣ ਇਸ ਪਤਝੜ ਤੋਂ ਸ਼ੁਰੂ ਹੋਣ ਦੀ ਉਮੀਦ ਹੈ ਅਤੇ ਅਗਲੇ ਬਸੰਤ ਤੱਕ ਪੂਰਾ ਹੋ ਜਾਵੇਗਾ।
ਕਲੋਵਰਡੇਲ ਐਥਲੈਟਿਕ ਪਾਰਕ ਵਿੱਚ ਦੋ ਨਵੇਂ ਟਰਫ ਫ਼ੀਲਡ ਮੌਜੂਦਾ ਘਾਹ ਦੇ ਮੈਦਾਨਾਂ ਦੀ ਥਾਂ ਲੈਣਗੇ ਅਤੇ ਨੌਜਵਾਨਾਂ ਅਤੇ ਬਾਲਗ ਲੀਗਾਂ, ਸਕੂਲ ਐਥਲੈਟਿਕ ਪ੍ਰੋਗਰਾਮਾਂ ਅਤੇ ਹੋਰ ਕਮਿਊਨਿਟੀ ਗਤੀਵਿਧੀਆਂ ਲਈ ਸਾਰੇ ਮੌਸਮਾਂ ਵਿੱਚ ਵਰਤਣਯੋਗ ਖੇਡ ਸਹੂਲਤਾਂ ਮੁਹੱਈਆ ਕਰਨਗੇ। ਇਹ ਮੈਦਾਨ ਅਗਲੇ ਗਰਮੀ ਦੇ ਮੌਸਮ ਤੱਕ ਪੂਰੇ ਹੋਣ ਦੀ ਉਮੀਦ ਹੈ, ਜਿਸ ਵਿੱਚ ਨਵੇਂ ਪਾਰਕਿੰਗ ਲਾਟ ਲਈ ਰੋਡ ਬੇਸ ਵੀ ਸ਼ਾਮਲ ਹੋਵੇਗਾ।
ਇਨ੍ਹਾਂ ਪ੍ਰਾਜੈਕਟਾਂ ਨੂੰ 2025 ਦੇ ਪਾਰਕਸ, ਰਿਕਰੀਏਸ਼ਨ ਅਤੇ ਕਲਚਰ ਕੈਪੀਟਲ ਬਜਟ ਤੋਂ ਫ਼ੰਡ ਦਿੱਤੇ ਜਾਣਗੇ। ਇਨ੍ਹਾਂ ਅਤੇ ਯੋਜਨਾਬੱਧ ਜਾਂ ਨਿਰਮਾਣ ਅਧੀਨ ਹੋਰ ਪ੍ਰੋਜੈਕਟਾਂ ਬਾਰੇ ਵਧੇਰੇ ਜਾਣਕਾਰੀ ਲਈ, surrey.ca/capitalprojects ਤੇ ਜਾਓ।



