ਸਰੀ, ਬੀ.ਸੀ. – ਅੱਜ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਸਰੀ ਸ਼ਹਿਰ ਨੇ 176 ਸਟਰੀਟ ਤੋਂ 184 ਸਟਰੀਟ ਤੱਕ 32 ਐਵਿਨਿਊ ‘ਤੇ ਉਸਾਰੀ ਦਾ ਕੰਮ ਆਰੰਭ ਕੀਤਾ । 14.4 ਮਿਲੀਅਨ ਡਾਲਰ ਦੇ ਇਸ ਪ੍ਰੋਜੈਕਟ ਵਿੱਚ ਟਰੈਫ਼ਿਕ ਨੂੰ ਚਲਦਾ ਰੱਖਣ ਲਈ ਦੋ ਤੋਂ ਵਧਾ ਕੇ ਤੋਂ ਚਾਰ ਲੇਨਾਂ ਤੱਕ ਸੜਕ ਚੌੜੀ ਕਰਨਾ ਅਤੇ ਨਿਵਾਸੀਆਂ ਲਈ ਸਾਈਕਲ ਚਲਾਉਣ ਜਾਂ ਤੁਰਨ ਨੂੰ ਸੁਰੱਖਿਅਤ ਬਣਾਉਣ ਲਈ ਦੱਖਣ ਵਾਲੇ ਪਾਸੇ ਇੱਕ ਬਹੁ-ਵਰਤੋਂ ਵਾਲਾ ਰਸਤਾ ਜੋੜਨਾ ਸ਼ਾਮਲ ਹੈ। ਇਹ ਪ੍ਰੋਜੈਕਟ ਕੈਂਬੈਲ ਹਾਈਟਸ (Campbell Heights) ਵਿੱਚ ਬਿਹਤਰ ਆਵਾਜਾਈ ਅਤੇ ਮਾਲ ਦੀ ਢੋਆ-ਢੁਆਈ ਲਈ ਇੱਕ ਬਹੁ-ਪੜਾਵੀ ਪ੍ਰੋਗਰਾਮ ਦਾ ਹਿੱਸਾ ਹੈ, ਜਿਹੜਾ 176 ਸਟਰੀਟ ਤੋਂ 196 ਸਟਰੀਟ ਤੱਕ 32 ਐਵਿਨਿਊ ‘ਤੇ ਬਹੁਪੱਖੀ ਬੁਨਿਆਦੀ ਢਾਂਚਾ ਪ੍ਰਦਾਨ ਕਰਦਾ ਹੈ।
ਮੇਅਰ ਬਰੈਂਡਾ ਲੌਕ ਦਾ ਕਹਿਣਾ ਹੈ, “ਸ਼ਹਿਰ ਦੀ ਆਬਾਦੀ ਅਤੇ ਆਰਥਿਕ ਵਿਕਾਸ ਨੂੰ ਸਮਰਥਨ ਦੇਣ ਲਈ ਆਵਾਜਾਈ ਦੇ ਸਾਡੇ ਥੋੜ੍ਹੇ ਸਮੇਂ ਦੇ ਰਣਨੀਤਿਕ ਪ੍ਰੋਜੈਕਟਾਂ ਦੇ ਹਿੱਸੇ ਵਜੋਂ 32 ਐਵਿਨਿਊ ਨੂੰ ਤਰਜੀਹ ਦਿੱਤੀ ਗਈ ਸੀ, ਜਿਵੇਂ ਕਿ ਅਸੀਂ ਕੈਂਬੈਲ ਹਾਈਟਸ ਉਦਯੋਗਿਕ ਖੇਤਰ ਦਾ ਵਿਸਤਾਰ ਕਰ ਰਹੇ ਹਾਂ, ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਇਹ ਯਕੀਨੀ ਬਣਾਉਣ ਲਈ ਜ਼ਰੂਰੀ ਬੁਨਿਆਦੀ ਢਾਂਚਾ ਪ੍ਰਦਾਨ ਕਰੀਏ ਕਿ ਕਾਰੋਬਾਰ ਸਾਡੇ ਸ਼ਹਿਰ ਅਤੇ ਇਲਾਕੇ ਲਈ ਬਹੁਤ ਜ਼ਰੂਰੀ ਨੌਕਰੀਆਂ ਪੈਦਾ ਕਰਨ ਵਿੱਚ ਮਦਦ ਕਰਨ ਲਈ ਪ੍ਰਫੁੱਲਤ ਹੋ ਸਕਣ। 32 ਐਵਿਨਿਊ ਸੜਕ ‘ਚ ਸੁਧਾਰ ਨਾ ਸਿਰਫ਼ ਭੀੜ-ਭੜੱਕੇ ਨੂੰ ਘਟਾ ਕੇ ਉਤਪਾਦਕਤਾ ਵਿੱਚ ਸੁਧਾਰ ਕਰਨਗੇ, ਸਗੋਂ ਸਾਈਕਲ ਜਾਂ ਪੈਦਲ ਯਾਤਰਾ ਕਰਨ ਵਾਲਿਆਂ ਲਈ ਸੜਕ ਸੁਰੱਖਿਆ ਵਿੱਚ ਵੀ ਬਿਹਤਰੀ ਕਰਨਗੇ। ਇਸ ਗਲਿਆਰੇ ਦੇ ਨਾਲ ਸਾਈਕਲ ਸਵਾਰਾਂ ਅਤੇ ਪੈਦਲ ਚੱਲਣ ਵਾਲਿਆਂ ਲਈ ਸੁਧਾਰਾਂ ਲਈ ਫ਼ੰਡ ਦੇਣ ਵਿੱਚ ਮਦਦ ਕਰਨ ਲਈ ਮੈਂ ਟ੍ਰਾਂਸਲਿੰਕ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ।”
32 ਐਵਿਨਿਊ ਨੂੰ ਟਰੱਕ ਰੂਟ ਵਜੋਂ ਨਾਮਜ਼ਦ ਕੀਤਾ ਗਿਆ ਹੈ ਅਤੇ ਇਹ ਇਸ ਖੇਤਰ ਦੇ ਪ੍ਰਮੁੱਖ ਸੜਕ ਨੈੱਟਵਰਕ ਦਾ ਹਿੱਸਾ ਹੈ, ਟ੍ਰਾਂਸਲਿੰਕ 32 ਐਵਿਨਿਊ ਚੌੜਾ ਕਰਨ ਦੇ ਪਹਿਲੇ ਦੋ ਪੜਾਵਾਂ ਲਈ ਵਾਧੂ ਵਾਹਨ ਲੇਨਾਂ ਅਤੇ ਬਹੁ-ਵਰਤੋਂ ਵਾਲੇ ਰਸਤੇ ਦੇ ਨਿਰਮਾਣ ਲਈ $ 7.2 ਮਿਲੀਅਨ ਦਾ ਯੋਗਦਾਨ ਪਾ ਰਿਹਾ ਹੈ।
ਟ੍ਰਾਂਸਲਿੰਕ ਦੇ ਸੀ. ਈ. ਓ. ਕੈਵਿਨ ਕੁਇੰਨ (Kevin Quinn) ਦਾ ਕਹਿਣਾ ਹੈ, “ਸਾਨੂੰ ਸਰੀ ਸ਼ਹਿਰ ਨੂੰ ਮਹੱਤਵਪੂਰਨ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਵਿੱਚ ਸਹਾਇਤਾ ਦੇਣ ‘ਤੇ ਮਾਣ ਹੈ, ਜੋ ਸਾਡੇ ਖੇਤਰ ਦੇ ਵਿਕਾਸ ਦੇ ਨਾਲ ਤਾਲਮੇਲ ਰੱਖਦਾ ਹੈ। ਕੈਂਬੈਲ ਹਾਈਟਸ ਖੇਤਰ ਵਿੱਚ ਸੜਕ, ਪੈਦਲ ਚਾਲਕਾਂ ਲਈ ਅਤੇ ਸਾਈਕਲਿੰਗ ਸੁਧਾਰਾਂ ਲਈ ਫੰਡਿੰਗ ਕਰਕੇ, ਅਸੀਂ ਇੱਕ ਸੁਰੱਖਿਅਤ, ਵਧੇਰੇ ਜੁੜੇ ਹੋਏ ਅਤੇ ਟਿਕਾਊ ਆਵਾਜਾਈ ਨੈੱਟਵਰਕ ਬਣਾਉਣ ਵਿੱਚ ਮਦਦ ਕਰ ਰਹੇ ਹਾਂ। ਇਸ ਤਰਾਂ ਦੇ ਪ੍ਰੋਜੈਕਟ ਮੈਟਰੋ ਵੈਨਕੂਵਰ ਵਿੱਚ ਲੋਕਾਂ ਅਤੇ ਸਾਮਾਨ ਨੂੰ ਕੁਸ਼ਲਤਾ ਨਾਲ ਇੱਧਰ-ਉੱਧਰ ਲਿਜਾਣ ਲਈ ਜ਼ਰੂਰੀ ਹਨ।”
176 ਸਟਰੀਟ ਤੋਂ 184 ਦਰਮਿਆਨ ਦੂਜੇ ਪੜਾਅ ਤਹਿਤ ਨਿਰਮਾਣ 2026 ਦੀ ਪਤਝੜ ਤੱਕ ਪੂਰਾ ਹੋਣ ਦੀ ਉਮੀਦ ਹੈ। ਇਕਰਾਰਨਾਮੇ ਵਿੱਚ ਐਰਿਕਸਨ ਕ੍ਰੀਕ (Erickson Creek) ਤੱਕ ਡਰੇਨੇਜ ਦੇ ਵਹਾਅ ਨੂੰ ਬਿਹਤਰ ਬਣਾਉਣ ਅਤੇ ਭਵਿੱਖ ਦੇ ਉੱਚ -ਪੱਧਰੀ ਵਿਕਾਸ ਲਈ ਡਰੇਨੇਜ ਦੇ ਬੁਨਿਆਦੀ ਢਾਂਚੇ ਵਿੱਚ ਅੱਪਗ੍ਰੇਡ ਵੀ ਸ਼ਾਮਲ ਹਨ।
184 ਸਟਰੀਟ ਤੋਂ 188 ਸਟਰੀਟ ਤੱਕ, ਪਹਿਲੇ ਪੜਾਅ 32 ਐਵਿਨਿਊ ਸੜਕ ਨੂੰ ਚੌੜਾ ਕਰਨ ਦਾ ਨਿਰਮਾਣ ਜੂਨ ਵਿੱਚ ਪੂਰਾ ਹੋਇਆ ਸੀ। ਉਸ ਕਾਂਟ੍ਰੈਕਟ ਦੇ ਹਿੱਸੇ ਵਜੋਂ, ਸ਼ਹਿਰ ਨੇ ਸੜਕ ਦੀ ਵਰਤੋਂ ਕਰਨ ਵਾਲਿਆਂ ’ਤੇ ਪ੍ਰਭਾਵਾਂ ਨੂੰ ਘੱਟ ਕਰਨ ਅਤੇ ਆਰਥਿਕ ਬੱਚਤ ਲਈ ਮੌਕੇ ਪ੍ਰਦਾਨ ਕਰਨ ਲਈ ਕੈਂਬੈਲ ਹਾਈਟਸ ਇਲਾਕੇ ਦੀ ਸੇਵਾ ਲਈ ਬੀਸੀ ਹਾਈਡਰੋ ਦਾ ਯੋਜਨਾਬੱਧ ਡਕਟ ਬੈਂਕ ਵੀ ਪ੍ਰਦਾਨ ਕੀਤਾ। ਡਕਟ ਬੈਂਕ ਦੇ ਕੰਮ ਨੂੰ ਪੂਰੀ ਤਰਾਂ ਬੀਸੀ ਹਾਈਡਰੋ ਦੁਆਰਾ ਫ਼ੰਡ ਕੀਤਾ ਗਿਆ ਸੀ।
192 ਸਟਰੀਟ ਤੋਂ 196 ਸਟਰੀਟ ਤੱਕ 32 ਐਵਿਨਿਊ ਦੇ ਸੁਧਾਰਾਂ ਦੇ ਤੀਜੇ ਪੜਾਅ ਤਹਿਤ ਨਿਰਮਾਣ ਦਾ ਕੰਮ 2027 ਵਿੱਚ ਸ਼ੁਰੂ ਹੋਵੇਗਾ ਅਤੇ 2028 ਵਿੱਚ ਪੂਰਾ ਹੋਣ ਦੀ ਉਮੀਦ ਹੈ।
32 ਐਵਿਨਿਊ ਪ੍ਰੋਜੈਕਟਾਂ ਬਾਰੇ ਹੋਰ ਜਾਣਨ ਲਈ, surrey.ca/32Avenue’ਤੇ ਜਾਓ।



