ਸਰੀ, ਬੀ.ਸੀ. – ਸਰੀ ਸਾਈਮਨ ਫਰੇਜ਼ਰ ਯੂਨੀਵਰਸਟੀ ਨਾਲ ਇਕ ਨਵੀਂ ਸਾਂਝੀਦਾਰੀ ਰਾਹੀਂ ਖੇਤੀਬਾੜੀ ਤਕਨਾਲੋਜੀ ਦੇ ਖੇਤਰ ਵਿੱਚ ਮੋਹਰੀ ਬਣਨ ਵੱਲ ਵੱਧ ਰਿਹਾ ਹੈ। ਸਰੀ ਵਿੱਚ ਖੇਤੀਬਾੜੀ ਦੇ ਭਵਿੱਖ ਬਾਰੇ ਮੇਅਰ ਦੇ ਫੋਰਮ ਦੌਰਾਨ, ਸਿਟੀ ਅਤੇ ਐੱਸ. ਐੱਫ.ਯੂ. ਨੇ ਇੱਕ ਨਵਾਂ ਕੇਂਦਰ ਐੱਸ.ਐੱਫ.ਯੂ. ਫਰੰਟੀਅਰ ਹੱਬ (SFU Frontier Hub), ਜੋ ਐਗ੍ਰੀਟੈਕ ਰਿਸਰਚ ਅਤੇ ਤਕਨਾਲੋਜੀ ਵਿਕਾਸ ਲਈ ਸਮਰਪਿਤ ਹੋਵੇਗਾ, ਨੂੰ ਬਣਾਉਣ ਲਈ ਇੱਕ ਸਮਝੌਤਾ-ਯਾਦ ਪੱਤਰ ‘ਤੇ ਹਸਤਾਖਰ ਕੀਤੇ।
ਇਹ ਪਹਿਲ-ਕਦਮੀ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਦੀ ਜਾਂਚ ਅਤੇ ਉਨ੍ਹਾਂ ਨੂੰ ਅਪਣਾਉਣ ਅਤੇ ਹੋਰ ਕਾਰਗਰ, ਟਿਕਾਊ ਅਤੇ ਲਚਕੀਲੀਆਂ ਖੇਤੀਬਾੜੀ ਪਿਰਤਾਂ ਦਾ ਵਿਕਾਸ ਕਰਨ ਵਿੱਚ ਸਹਾਇਕ ਹੋਵੇਗੀ। ਇਹ ਆਰਥਿਕ ਭਿੰਨਤਾ, ਭੋਜਨ ਸੁਰੱਖਿਆ ਅਤੇ ਲੰਬੇ ਸਮੇਂ ਦੀ ਉਦਯੋਗਕ ਪ੍ਰਤੀਯੋਗਤਾ ਨੂੰ ਵੀ ਸਹਿਯੋਗ ਦਿੰਦੀ ਹੈ ਅਤੇ ਇੱਕ ਅਜਿਹੀ ਥਾਂ ਪ੍ਰਦਾਨ ਕਰਦੀ ਹੈ, ਜਿੱਥੇ ਐਗ੍ਰੀਟੈਕ ਨਵੀਨਤਾਵਾਂ ਦੀ ਜਾਂਚ ਦੇ ਨਾਲ ਹੀ ਉਨ੍ਹਾਂ ਦਾ ਪ੍ਰਦਰਸ਼ਨ ਅਤੇ ਪਰਮਾਣ ਕੀਤਾ ਜਾ ਸਕੇ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਸਰੀ ਇਸ ਖੇਤਰ ਵਿੱਚ ਖੇਤੀਬਾੜੀ ਨਵੀਨਤਾ ਦੀ ਅਗਵਾਈ ਕਰਨ ਦੀ ਤਿਆਰੀ ਕਰ ਰਿਹਾ ਹੈ, ਪਰ ਅਗਵਾਈ ਦਾ ਮਤਲਬ ਰਵਾਇਤੀ ਖੇਤੀ ਨੂੰ ਪਿੱਛੇ ਛੱਡਣਾ ਨਹੀਂ ਹੈ। ਐੱਸ.ਐੱਫ.ਯੂ. ਨਾਲ ਸਾਡੀ ਸਾਂਝੇਦਾਰੀ ਕਿਸਾਨਾਂ ਨੂੰ ਉਹ ਸਾਜ਼ੋ-ਸਾਮਾਨ ਮੁਹੱਈਆ ਕਰੇਗੀ, ਜਿਨ੍ਹਾਂ ਦੀ ਉਹਨਾਂ ਨੂੰ ਨਵੀਨਤਾ, ਟਿਕਾਊ ਵਿਕਾਸ ਅਤੇ ਸਥਾਨਕ ਭੋਜਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਲੋੜ ਹੈ, ਜੋ ਪਰਿਵਾਰਾਂ ਅਤੇ ਅਰਥ-ਵਿਵਸਥਾ ਦੋਵਾਂ ਲਈ ਲਾਭਕਾਰੀ ਹੋਵੇਗੀ।”
ਸਮਝੌਤੇ ਅਨੁਸਾਰ, ਸਰੀ ਸਿਟੀ ਲਗਭਗ 10 ਏਕੜ ਐਗਰੀਕਲਚਰਲ ਲੈਂਡ ਰਿਜ਼ਰਵ (ALR) ਨੂੰ ਲੰਬੇ ਸਮੇਂ ਦੀ ਘੱਟ-ਲਾਗਤ ਵਾਲੀ ਲੀਜ਼ ਰਾਹੀਂ ਪ੍ਰਦਾਨ ਕਰੇਗਾ ਅਤੇ ਜ਼ੋਨਿੰਗ, ਪਰਮਿਟਿੰਗ ਅਤੇ ਨਿਯਮਕ ਪ੍ਰਕਿਰਿਆਵਾਂ ਰਾਹੀਂ ਪ੍ਰੋਜੈਕਟ ਦਾ ਸਮਰਥਨ ਕਰੇਗਾ। ਐੱਸ.ਐੱਫ.ਯੂ. ਨਵੇਂ ਹੱਬ ਦੇ ਡਿਜ਼ਾਈਨ ਅਤੇ ਵਿਕਾਸ ਦੀ ਅਗਵਾਈ ਕਰੇਗਾ, ਅਪਲਾਈਡ ਰਿਸਰਚ ਪ੍ਰੋਗਰਾਮਾਂ (Applied Research Programs) ਦੀ ਦੇਖ-ਰੇਖ ਕਰੇਗਾ ਅਤੇ ਹੱਬ ਦੇ ਵਿਕਾਸ ਨੂੰ ਸਮਰਥਨ ਦੇਣ ਲਈ ਗ੍ਰਾਂਟ ਫੰਡਿੰਗ ਅਤੇ ਬਾਹਰੀ ਨਿਵੇਸ਼ ਨੂੰ ਯਕੀਨੀ ਬਣਾਏਗਾ।
ਸਾਈਮਨ ਫਰੇਜ਼ਰ ਯੂਨੀਵਰਸਟੀ ਦੇ ਪ੍ਰਧਾਨ, ਡਾ. ਜੌਇ ਜੌਨਸਨ (Dr. Joy Johnson) ਨੇ ਕਿਹਾ “ਸਾਈਮਨ ਫਰੇਜ਼ਰ ਯੂਨੀਵਰਸਟੀ ਨੂੰ ਸਰੀ ਸਿਟੀ ਨਾਲ ਮਿਲ ਕੇ ਐੱਸ. ਐੱਫ.ਯੂ. ਫਰੰਟੀਅਰ ਹੱਬ ਫਾਰ ਐਗ੍ਰੀਟੈਕ ਰਿਸਰਚ ਐਂਡ ਮੈਥਾਡਾਲੋਜੀ (SFU-FARM) ਬਣਾਉਣ ‘ਤੇ ਮਾਣ ਹੈ। ਇਹ ਨਵਾਂ ਹੱਬ ਬ੍ਰਿਟਿਸ਼ ਕੋਲੰਬੀਆ ਅਤੇ ਇਸ ਤੋਂ ਪਰੇ ਐਗ੍ਰੀਟੈਕ ਰਿਸਰਚ, ਨਵੀਨਤਾ ਅਤੇ ਵਪਾਰੀਕਰਨ ਨੂੰ ਤੇਜ਼ ਕਰੇਗਾ, ਇਹ ਸੁਧਰੀ ਹੋਈ ਖੇਤੀਬਾੜੀ ਅਤੇ ਸਮਾਰਟ ਫਾਰਮਿੰਗ ਤਕਨਾਲੋਜੀਆਂ ‘ਤੇ ਕੇਂਦਰਿਤ ਹੋਵੇਗਾ। SFU-FARM ਸਾਡੀ ਜਲਵਾਯੂ ਨਵੀਨਤਾ ਨੂੰ ਅੱਗੇ ਵਧਾਉਣ ਅਤੇ ਵਿਸ਼ਵ ਪੱਧਰੀ ਵਾਤਾਵਰਣੀ ਚੁਣੌਤੀਆਂ ਦਾ ਹੱਲ ਵਿਸ਼ਵ ਦੇ ਚੋਟੀ ਦੇ ਐਗਰੀਟੈਕ ਤਰਕੀਬਾਂ ਰਾਹੀਂ ਲੱਭਣ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਭਵਿੱਖ ਲਈ ਤਿਆਰ ਇਹ ਨਵੀਨਤਾਵਾਂ ਬੀ.ਸੀ. ਦੇ ਖੇਤੀਬਾੜੀ ਸੈਕਟਰ ਨੂੰ ਮਜ਼ਬੂਤ ਕਰਨ, ਕੈਨੇਡਾ ਦੀ ਭੋਜਨ ਸੁਰੱਖਿਆ ਨੂੰ ਸਹਾਰਾ ਦੇਣ ਅਤੇ ਇੱਕ ਲਚਕੀਲੀ ਅਰਥਵਿਵਸਥਾ ਵਿੱਚ ਯੋਗਦਾਨ ਪਾਉਣਗੀਆਂ।”
ਸਰੀ ਦੀ ਇਨਵੈਸਟਮੈਂਟ, ਇਨੋਵੇਸ਼ਨ ਅਤੇ ਬਿਜ਼ਨਸ ਕਮੇਟੀ (Investment, Innovation and Business Committee) ਦੇ ਚੇਅਰ ਹੈਰੀ ਬੈਂਸ ਨੇ ਕਿਹਾ, “ਮੈਂ ਖੁਦ ਇੱਕ ਖੇਤੀਬਾੜੀ ਪਰਿਵਾਰ ਤੋਂ ਹੋਣ ਕਰਕੇ ਜਾਣਦਾ ਹਾਂ ਕਿ ਜ਼ਮੀਨ ਤੋਂ ਰੋਜ਼ੀ ਕਮਾਉਣਾ ਕਿੰਨਾ ਚੁਣੌਤੀਪੂਰਨ ਹੈ। ਇਹ ਸਮਝੌਤਾ ਵਿਹਾਰਿਕ ਖੋਜ ਅਤੇ ਪ੍ਰਦਰਸ਼ਨ ਪ੍ਰੋਜੈਕਟਾਂ ਨੂੰ ਸਹਾਰਾ ਦੇਵੇਗਾ, ਜਿਸ ਨਾਲ ਕਿਸਾਨਾਂ ਨੂੰ ਐਗ੍ਰੀਟੈਕ ਤਰਕੀਬਾਂ ਨੂੰ ਅਪਣਾਉਣ ਅਤੇ ਆਪਣੀਆਂ ਕਾਰਵਾਈਆਂ ਨੂੰ ਮਜ਼ਬੂਤ ਕਰਨ ਦੇ ਅਸਲ ਮੌਕੇ ਮਿਲਣਗੇ।”
ਸਰੀ ਦੀ ਵਿਆਪਕ ਐਗ੍ਰੀਟੈਕ ਰਣਨੀਤੀ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ, ਜੋ ਰਿਸਰਚ, ਤਕਨਾਲੋਜੀ ਵਿਕਾਸ ਅਤੇ ਸਥਾਨਕ ਕਿਸਾਨਾਂ ਅਤੇ ਭੋਜਨ ਉਤਪਾਦਕਾਂ ਨਾਲ ਸਹਿਯੋਗ ਲਈ ਮੁੱਢ ਬੰਨ੍ਹ ਰਹੀ ਹੈ। ਮਜ਼ਬੂਤ ਰਣਨੀਤੀ ਅਤੇ ਕਾਰਵਾਈ ਰਾਹੀਂ, ਸਿਟੀ ਇਹ ਦਰਸਾ ਰਹੀ ਹੈ ਕਿ ਉਹ ਐਗ੍ਰੀਟੈਕ ਵਿਕਾਸ ਅਤੇ ਉਸ ਨੂੰ ਅਪਣਾਉਣ ਦੇ ਮੋਰਚੇ ‘ਤੇ ਅੱਗੇ ਹੈ। ਆਪਣੀ ਖੇਤੀਬਾੜੀ ਜ਼ਮੀਨ, ਖੋਜ, ਪ੍ਰਤਿਭਾ ਅਤੇ ਨਵੀਨਤਾ ਦੇ ਵਿਲੱਖਣ ਮੇਲ਼ ਨੂੰ ਲਾਗੂ ਕਰਕੇ, ਸਰੀ ਇੱਕ ਮਜ਼ਬੂਤ ਅਤੇ ਭਵਿੱਖ-ਮੁਖੀ ਭੋਜਨ ਪ੍ਰਣਾਲੀ ਬਨਾਉਣ ਲਈ ਤਤਪਰ ਹੈ।
ਸਿਟੀ ਦੇ ਐਗ੍ਰੀਟੈਕ ਮੌਕਿਆਂ ਬਾਰੇ ਹੋਰ ਜਾਣਨ ਲਈ, investsurrey.ca/your-opportunities/agritech ‘ਤੇ ਜਾਓ।



