ਸਟਾਫ ਰਿਪੋਰਟਰ, ਖੰਨਾ : ਗੁਰੂ ਨਾਨਕ ਨਗਰ ‘ਚ ਚੋਰਾਂ ਨੇ ਇਕ ਘਰ ‘ਚ ਦਾਖ਼ਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਘਰ ‘ਚੋਂ ਚੋਰਾਂ ਨੇ 30 ਹਜ਼ਾਰ ਰੁਪਏ ਦੀ ਨਕਦੀ, ਦੋ ਸੋਨੇ ਦੀਆਂ ਮੁੰਦਰੀਆਂ ਤੇ ਅੱਧਾ ਕਿੱਲੋ ਚਾਂਦੀ ਚੋਰੀ ਕਰ ਲਈ। ਮਕਾਨ ਮਾਲਕ ਅਸ਼ੋਕ ਕੁਮਾਰ ਨੇ ਦੱਸਿਆ ਉਹ ਆਪਣੇ ਪਰਿਵਾਰ ਸਮੇਤ ਘਰ ਨੂੰ ਤਾਲਾ ਲਗਾ ਕੇ ਦੁਪਹਿਰ 12 ਵਜੇ ਭਾਦਲਾ ‘ਚ ਵਿਆਹ ਸਮਾਗਮ ਗਏ ਸੀ।

ਚੋਰਾਂ ਨੇ ਪਿਛਲੇ ਪਾਸਿਓਂ ਘਰ ਦੀ ਕੰਧ ਟੱਪ ਕੇ ਅੰਦਰ ਦਾਖਲ ਹੋ ਕੇ ਦੋ ਕਮਰਿਆਂ ਦੇ ਤਾਲੇ ਤੋੜ ਕੇ ਅੰਦਰ ਪਏ ਬੈੱਡ, ਅਲਮਾਰੀ ਤੇ ਬਕਸੇ ਦੀ ਤਲਾਸ਼ੀ ਲਈ ਤੇ 30 ਹਜ਼ਾਰ ਦੀ ਨਕਦੀ, ਦੋ ਸੋਨੇ ਦੀਆਂ ਮੁੰਦਰੀਆਂ ਤੇ ਅੱਧਾ ਕਿੱਲੋ ਚਾਂਦੀ ਚੋਰੀ ਕਰ ਲਈ। ਇਸ ਦੀ ਸ਼ਿਕਾਇਤ ਥਾਣਾ ਸਿਟੀ 2 ਦੀ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਚੋਰਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।