ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਲੁਧਿਆਣਾ ਦੇ ਗਊਸ਼ਾਲਾ ਰੋਡ ‘ਤੇ ਉਸ ਵੇਲੇ ਭਾਜੜ ਮਚ ਗਈ ਜਦੋਂ ਉਥੋਂ ਦੀ ਇੱਕ ਫੈਕਟਰੀ ਨੂੰ ਸ਼ਾਰਟ ਸਰਕਟ ਤੋਂ ਬਾਅਦ ਅੱਗ ਲੱਗ ਗਈ। ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਫਿਲਹਾਲ ਮ੍ਰਿਤਕ ਦੀ ਸ਼ਨਾਖਤ ਨਹੀਂ ਹੋ ਸਕੀ।
ਜਾਣਕਾਰੀ ਮੁਤਾਬਕ ਬੀਤੀ ਦੇਰ ਰਾਤ ਹਰਬੰਸਪੁਰਾ ਇਲਾਕੇ ਦੀ ਇਕ ਹੌਜਰੀ ਫੈਕਟਰੀ ‘ਚ ਸ਼ਾਰਟ ਸਰਕਟ ਤੋਂ ਬਾਅਦ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਇਸ ਕਦਰ ਮੱਚ ਰਹੀ ਸੀ ਕਿ ਫੈਕਟਰੀ ਦੀ ਛੱਤ ‘ਤੇ ਸੁੱਤੇ ਤਿੰਨ ਵਿਅਕਤੀ ਧੂੰਏ ਕਾਰਨ ਬੇਹੋਸ਼ ਹੋ ਗਏ। ਕੁਝ ਸਮੇਂ ਵਿੱਚ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਛੱਤ ਤੇ ਫਸੇ ਲੋਕਾਂ ਨੂੰ ਹੇਠਾਂ ਉਤਾਰਿਆ ਅਤੇ ਹਸਪਤਾਲ ਦਾਖਲ ਕਰਵਾਇਆ ਗਿਆ, ਤਿੰਨ ਵਿਅਕਤੀਆਂ ਚੋਂ ਇੱਕ ਦੀ ਮੌਤ ਹੋ ਗਈ ਹੈ। ਸੀਐਮਸੀ ਹਸਪਤਾਲ ਦੇ ਡਾਕਟਰਾਂ ਦੇ ਮੁਤਾਬਕ ਹਸਪਤਾਲ ਵਿੱਚ ਭਰਤੀ ਦੋ ਵਿਅਕਤੀਆਂ ਦੀ ਹਾਲਤ ਵੀ ਗੰਭੀਰ ਹੈ । ਇਸ ਹਾਦਸੇ ਕਾਰਨ ਫੈਕਟਰੀ ਵਿੱਚ ਪਈ ਲੱਖਾਂ ਰੁਪਏ ਦੀ ਮਸ਼ੀਨਰੀ ਸੜ ਕੇ ਸੁਆਹ ਹੋ ਗਈ ਹੈ। ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ਤੇ ਕਾਬੂ ਪਾਇਆ।


