ਅੱਜ ਕੋਈ ਵਿਰਲਾ ਹੀ ਘਰ ਜਾਂ ਪਾਰਟੀ ਹੋਵੇਗੀ ਜਿੱਥੇ ਮੈਦਾ ਨਾ ਵਰਤਿਆ ਜਾ ਰਿਹਾ ਹੋਵੇ। ਬਰੈੱਡ, ਸਮੋਸੇ, ਨੂਡਲਜ਼, ਪੀਜ਼ਾ, ਕਚੌਰੀ, ਪੂਰੀ, ਪਾਸਤਾ, ਬਿਸਕੁਟ, ਪੇਸਟਰੀ ਤੇ ਕੇਕ ਆਦਿ ਸਭ ਚੀਜ਼ਾਂ ਮੈਦੇ ਦੀਆਂ ਹੀ ਹਨ। ਖਾਣ ਪਦਾਰਥਾਂ ਵਿੱਚ ਮੈਦਾ ਅਹਿਮ ਹਿੱਸਾ ਬਣ ਚੁੱਕਿਆ ਹੈ। ਮੈਦੇ ਦੇ ਸਰੀਰ ਅੰਦਰ ਮਾੜੇ ਅਸਰ ਵੇਖਦੇ ਹੋਏ ਡਾਕਟਰੀ ਕਿਤਾਬਾਂ ਵਿੱਚ ਇਸ ਨੂੰ ‘ਸਲੋ ਪਾਇਜ਼ਨ’ ਭਾਵ ਜ਼ਹਿਰ ਮੰਨ ਲਿਆ ਗਿਆ ਹੈ। ਦਰਅਸਲ, ਫਾਈਬਰ ਰਹਿਤ ਮੈਦੇ ਵਿੱਚ ਗਲਾਈਸੀਮਿਕ ਇੰਡੈੱਕਸ ਬਹੁਤ ਜ਼ਿਆਦਾ ਹੈ ਅਤੇ ਇਸ ਨੂੰ ਚਿੱਟਾ ਕਰਨ ਲਈ ਬੈਨਜ਼ੌਇਲ ਪਰ ਆਕਸਾਈਡ ਨਾਲ ਬਲੀਚ ਕੀਤਾ ਜਾਂਦਾ ਹੈ ਜੋ ਚੀਨ ਤੇ ਯੂਰਪ ਵਿੱਚ ਵਰਤਣ ਉੱਤੇ ਸਖ਼ਤ ਮਨਾਹੀ ਹੈ। ਗਲਾਈਸੀਮਿਕ ਇੰਡੈੱਕਸ ਵੱਧ ਹੋਣ ਕਾਰਨ ਸਰੀਰ ਅੰਦਰ ਸ਼ੱਕਰ ਦੀ ਮਾਤਰਾ ਬਹੁਤ ਜ਼ਿਆਦਾ ਵਧ ਜਾਂਦੀ ਹੈ ਤੇ ਪੈਨਕਰੀਆਜ਼ ਗਲੈਂਡ ਨੂੰ ਇਸ ਨੂੰ ਹਜ਼ਮ ਕਰਨ ਵਾਸਤੇ ਵਾਧੂ ਕੰਮ ਕਰਨਾ ਪੈਂਦਾ ਹੈ।
ਜੇ ਕਦੇ ਕਦਾਈਂ ਮੈਦਾ ਵਰਤਿਆ ਜਾ ਰਿਹਾ ਹੋਵੇ ਤਾਂ ਸਰੀਰ ਹਜ਼ਮ ਕਰਦਾ ਰਹਿੰਦਾ ਹੈ ਪਰ ਜੇ ਰੋਜ਼ ਜਾਂ ਹਫ਼ਤੇ ਵਿੱਚ ਤਿੰਨ-ਚਾਰ ਵਾਰ ਲਾਜ਼ਮੀ ਮੈਦਾ ਖਾਧਾ ਜਾ ਰਿਹਾ ਹੋਵੇ ਤਾਂ ਕਈਆਂ ਨੂੰ ਸ਼ੱਕਰ ਰੋਗ ਦੇ ਨਾਲ ਨਾਲ ਹੋਰ ਵੀ ਬਥੇਰੇ ਰੋਗ ਲੱਗ ਜਾਂਦੇ ਹਨ। ਪੈਨਕਰੀਆਜ਼ ਲੋੜੋਂ ਵਧ ਕੰਮ ਕਰਦੇ ਰਹਿਣ ਕਰਕੇ ਹੌਲੀ ਹੌਲੀ ਇਨਸੂਲਿਨ ਘੱਟ ਬਣਾਉਣ ਲੱਗ ਪੈਂਦਾ ਹੈ ਜਾਂ ਸਰੀਰ ਅੰਦਰ ਇਨਸੂਲਿਨ ਦਾ ਅਸਰ ਘੱਟ ਜਾਂਦਾ ਹੈ। ਇੰਜ ਵਾਧੂ ਬਚੀ ਗੁਲੂਕੋਸ ਇਨਸੂਲਿਨ ਦੀ ਘਾਟ ਸਦਕਾ ਸਰੀਰ ਅੰਦਰਲੇ ਪ੍ਰੋਟੀਨ ਨਾਲ ਚਿੰਬੜ ਜਾਂਦੀ ਹੈ। ਇਸ ਨੂੰ ਗਲਾਈਕੇਸ਼ਨ ਕਹਿੰਦੇ ਹਨ ਜਿਸ ਨਾਲ ਚਿੱਟੇ ਮੋਤੀਏ ਤੋਂ ਲੈ ਕੇ ਆਰਥਰਾਈਟਿਸ ਤੇ ਦਿਲ ਦੇ ਰੋਗ ਵੀ ਹੋ ਸਕਦੇ ਹਨ।
ਸਰੀਰ ਅੰਦਰਲੇ ਵਿਟਾਮਿਨ ਤੇ ਲੋੜੀਂਦੇ ਤੱਤਾਂ ਦੇ ਘਟਦੇ ਸਾਰ ਸਰੀਰ ਦੇ ਹਰ ਅੰਗ ਉੱਤੇ ਹੀ ਅਸਰ ਪੈਣਾ ਸ਼ੁਰੂ ਹੋ ਜਾਂਦਾ ਹੈ। ਮੈਦੇ ਵਿਚਲੇ ਗਲੱਟਨ ਅੰਦਰਲਾ ਪ੍ਰੋਟੀਨ ਗਲਾਇਆਡਿਨ ਭੁੱਖ ਵਧਾ ਦਿੰਦਾ ਹੈ ਜੋ ਮੋਟਾਪੇ ਦਾ ਕਾਰਨ ਬਣ ਜਾਂਦਾ ਹੈ। ਇਹ ਸਾਬਤ ਹੋ ਚੁੱਕਿਆ ਹੈ ਕਿ ਕਣਕ ਨਾਲੋਂ ਮੈਦਾ ਖਾਣ ਵਾਲੇ ਲਗਭਗ 400 ਕੈਲਰੀਆਂ ਰੋਜ਼ ਦੀਆਂ ਵਾਧੂ ਅੰਦਰ ਲੰਘਾ ਜਾਂਦੇ ਹਨ। ਇਸੇ ਸਦਕਾ ਕੋਲੈਸਟਰੋਲ ਤੇ ਟਰਾਈਗਲਿਸਰਾਈਡ ਵੀ ਲਹੂ ਅੰਦਰ ਵਧ ਜਾਂਦੇ ਹਨ।
ਮੈਦਾ ਅੰਤੜੀਆਂ ਦੀ ਚਾਲ ਘਟਾ ਦਿੰਦਾ ਹੈ ਕਿਉਂਕਿ ਇਹ ਫਾਈਬਰ ਰਹਿਤ ਹੈ। ਇਸੇ ਲਈ ਸਰੀਰ ਅੰਦਰੋਂ ਨਕਾਰੀਆਂ ਹੋਈਆਂ ਚੀਜ਼ਾਂ ਛੇਤੀ ਬਾਹਰ ਨਹੀਂ ਨਿਕਲਦੀਆਂ ਤੇ ਉਨ੍ਹਾਂ ਦੇ ਮਾੜੇ ਅਸਰ ਵੀ ਛੇਤੀ ਦਿਸਣ ਲੱਗ ਪੈਂਦੇ ਹਨ। ਗਲੱਟਨ ਸਦਕਾ ਕਣਕ ਤੋਂ ਐਲਰਜੀ ਵੀ ਕਾਫ਼ੀ ਵੇਖਣ ਨੂੰ ਮਿਲਣ ਲੱਗ ਪਈ ਹੈ। ਕਣਕ ਤੇ ਮੈਦੇ ਨੂੰ ਨਰਮ ਕਰਨ ਲਈ ਲੋੜੋਂ ਵੱਧ ਗਲੱਟਨ ਮਿਲਾਇਆ ਜਾਣ ਲੱਗ ਪਿਆ ਹੈ ਜੋ ਕਣਕ ਤੋਂ ਐਲਰਜੀ ਹੋਣ ਦਾ ਕਾਰਨ ਬਣ ਗਿਆ ਹੈ।