ਕਲਾ ਦਾ ਸੰਸਾਰ ਬਹੁਤ ਵੱਡਾ ਹੈ। ਕਲਾਕਾਰ ਨਿਮਰਤਾ ਤੇ ਸੰਜੀਦਗੀ ਦੀ ਮੰਗ ਕਰਦਾ ਹੈ। ਗੱਲ ਪੰਜਾਬੀ ਗਾਇਕੀ ਦੀ ਹੋਵੇ ਜਾਂ ਮਾਇਆ ਨਗਰੀ ਦੀ, ਹਰ ਰੋਜ਼ ਕਿੰਨੇ ਚਿਹਰੇ ਵੱਡੇ ਸੁਪਨੇ ਲੈ ਕੇ ਆਉਂਦੇ ਹਨ ਪਰ ਉਨ੍ਹਾਂ ’ਚੋਂ ਕਾਮਯਾਬ ਉਹੀ ਹੰੁਦੇ, ਜੋ ਮਿਹਨਤ ਤੇ ਰਿਆਜ਼ ’ਤੇ ਜ਼ਿਆਦਾ ਜ਼ੋਰ ਦਿੰਦੇ। ਅਜਿਹੀ ਹੀ ਗਾਇਕਾ ਹੈ ਜਸਲੀਨ ਕੌਰ, ਜਿਹੜੀ ਮਿਹਨਤ ’ਚ ਯਕੀਨ ਰੱਖਦੀ ਹੈ। ਇਕ ਵੇਲਾ ਉਹ ਸੀ, ਜਦੋਂ ਕੁੜੀਆਂ ਦਾ ਗਾਉਣਾ ਚੰਗਾ ਨਹੀਂ ਸਮਝਿਆ ਜਾਂਦਾ ਸੀ ਪਰ ਜਦੋਂ ਮਾਪੇ ਆਪਣੀ ਧੀ ਨੂੰ ਉੱਡਣ ਲਈ ਖੱੁਲ੍ਹਾ ਅਸਮਾਨ ਦਿੰਦੇ ਤਾਂ ਧੀ ਵੀ ਉਨ੍ਹਾਂ ਲਈ ਕੁਝ ਕਰ ਦਿਖਾਉਣ ਦਾ ਜਜ਼ਬਾ ਰੱਖਦੀ ਹੈ। ਜਲੰਧਰ ਦੇ ਸਧਾਰਨ ਜਿਹੇ ਪਰਿਵਾਰ ’ਚ ਪਿਤਾ ਪਰਮਜੀਤ ਸਿੰਘ ਤੇ ਮਾਤਾ ਨਰਿੰਦਰ ਕੌਰ ਦੇ ਘਰ ਜਸਲੀਨ ਦਾ ਜਨਮ ਹੋਇਆ। ਜੇ ਗਾਇਕੀ ਵਿਰਾਸਤ ’ਚ ਹੋਵੇ ਤਾਂ ਜ਼ਾਹਿਰ ਘਰ ਦੇ ਮੈਂਬਰ ਵਾਰਸਾਂ ਦੀਆਂ ਪਾਈਆਂ ਪੈੜਾਂ ’ਤੇ ਚੱਲਦੇ ਹੀ ਹਨ। ਉਸ ਨੇ ਦੱਸਿਆ ਕਿ ਪਰਿਵਾਰ ’ਚ ਪਹਿਲਾਂ ਉਸ ਦੇ ਦਾਦਾ ਜੀ ਗਾਉਂਦੇ ਸਨ, ਮਾਤਾ ਵੀ ਗਾਉਂਦੇ ਹਨ। ਉਸ ਦਾ ਕਹਿਣੈ ਕਿ ਉਹ ਸੁਰੀਲੇ ਤਾਂ ਬਹੁਤ ਪਰ ਪ੍ਰੋਫੈਸ਼ਨਲ ਤੌਰ ’ਤੇ ਅੱਗੇ ਨਹੀਂ ਆ ਸਕੇ ਪਰ ਉਨ੍ਹਾਂ ਆਪਣੀ ਧੀ ਨੂੰ ਇਸ ਖਿੱਤੇ ’ਚ ਅੱਗੇ ਵਧਣ ਲਈ ਹੌਸਲਾ ਦਿੱਤਾ।

ਗਾਇਕੀ ਦੇ ਸ਼ੌਕ ਸਬੰਧੀ ਉਸ ਨੇ ਦੱਸਿਆ ਕਿ ਗਾਉਣ ਦਾ ਸ਼ੌਕ ਤਾਂ ਉਸ ਨੂੰ ਬਚਪਨ ਤੋਂ ਹੀ ਸੀ। ਪਹਿਲਾਂ-ਪਹਿਲ ਗਾਉਂਦੀ ਸੀ ਫਿਰ ਉਹ ਸਿਤਾਰ ਵਜਾਉਣ ਲੱਗੀ। ਸਿਤਾਰ ’ਚ ‘ਕਲਾ ਉਤਸਵ’ ਤੇ ‘ਸੰਗੀਤ ਕੇ ਸਿਤਾਰੇ’ ਦੀ ਉਹ ਨੈਸ਼ਨਲ ਜੇਤੂ ਹੈ ਤੇ ਹੋਰ ਵੀ ਕਈ ਮਾਣ-ਸਨਮਾਨ ਆਪਣੇ ਨਾਂ ਕਰ ਚੱੁਕੀ ਹੈ। ਕਾਲਜ ਜਾ ਕੇ ਸੰਗੀਤ ਅਧਿਆਪਕਾਂ ਵੱਲੋਂ ਮਿਲੀ ਹੱਲਾਸ਼ੇਰੀ ਨੇ ਦੁਬਾਰਾ ਉਸ ਨੂੰ ਗਾਉਣ ਲਈ ਪ੍ਰੇਰਿਤ ਕੀਤਾ। ਫਿਰ ਉਸ ਦਾ ਪਹਿਲਾ ਧਾਰਮਿਕ ਸ਼ਬਦ ‘ਜਗਤਿ ਜਲੰਦਾ ਰਖਿ ਲੈ’ ਰਿਲੀਜ਼ ਹੋਇਆ, ਜਿਸ ਨੂੰ ਸਰੋਤਿਆਂ ਭਰਵਾਂ ਹੰੁਗਾਰਾ ਦਿੱਤਾ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਉਸ ਦੇ ਗਾਏ ਧਾਰਮਿਕ ਕਵਰ ਸ਼ਬਦ ‘ਸਤਿਗੁਰੂ ਨਾਨਕ ਪ੍ਰਗਟਿਆ’ ਨੂੰ ਵੀ ਸਰੋਤਿਆਂ ਖ਼ੂਬ ਸਲਾਹਿਆ। ਵਾਕਿਆ ਹੀ ਉਸ ਦੀ ਆਵਾਜ਼ ’ਚ ਮਿਠਾਸ ਏ ਤੇ ਸੁਣ ਕੇ ਰੂਹ ਨੂੰ ਸਕੂਨ ਮਿਲਦੈ। ਆਪਣੀ ਗਾਇਕੀ ਦੇ ਸਫ਼ਰ ’ਚ ਉਹ ਸੰਗੀਤ ਅਧਿਆਪਕਾਂ ਡਾ. ਅਰੁਣ ਮਿਸ਼ਰਾ, ਡਾ. ਅਮਿਤਾ ਮਿਸ਼ਰਾ, ਡਾ. ਵਿਵੇਕ ਵਰਮਾ ਤੇ ਡਾ. ਮਨਦੀਪ ਸਿੰਘ ਦਾ ਅਹਿਮ ਯੋਗਦਾਨ ਮੰਨਦੀ ਏ, ਜਿਨ੍ਹਾਂ ਤੋਂ ਉਹ ਸੰਗੀਤ ਦੀਆਂ ਬਾਰੀਕੀਆਂ ਸਿੱਖ ਕੇ ਮੁਕਾਬਲੇ ਭਰੇ ਇਸ ਖਿੱਤੇ ’ਚ ਅੱਗੇ ਵੱਧ ਰਹੀ ਹੈ। ਯੂਥ ਫੈਸਟੀਵਲ ਦੌਰਾਨ ਡਾ. ਅਨਾਦੀ ਮਿਸ਼ਰਾ ਦੀਆਂ ਤਿਆਰ ਸੰਗੀਤਕ ਧੁਨਾਂ ’ਚ ਗਾਉਂਦੀ ਏ। ਉਸ ਦਾ ਕਹਿਣੈ ਕਿ ਜਦੋਂ ਕਿਸੇ ਸੰਗੀਤਕ ਮੁਕਾਬਲੇ ਜਾਂ ਯੂਥ ਫੈਸਟੀਵਲ ’ਚ ਭਾਗ ਲੈਣਾ ਹੰੁਦਾ ਤਾਂ ਰਿਆਜ਼ ਨੂੰ ਏਨਾ ਕੁ ਸਮਾਂ ਦਿੱਤਾ ਜਾਂਦਾ ਕਿ ਸੂਰਜ ਛਿਪੇ ਦਾ ਵੀ ਨਹੀਂ ਪਤਾ ਲੱਗਦਾ।

ਉਹ ਰੌਲਾ ਪਾਉਣ ਵਾਲੀ ਗਾਇਕੀ ਤੋਂ ਕੋਹਾਂ ਦੂਰ ਹੈ। ਉਸ ਲਈ ਸੰਗੀਤ ਇਬਾਦਤ ਹੈ। ਉਹ ਘੱਟ ਪਰ ਹਮੇਸ਼ਾ ਚੰਗਾ ਗਾਉਣ ਦੀ ਚਾਹਵਾਨ ਏ। ਅੱਜ-ਕੱਲ੍ਹ ਉਹ ਏਪੀਜੇ ਕਾਲਜ ਤੋਂ ਸੰਗੀਤ ਦੀ ਐੱਮਏ ਕਰ ਰਹੀ ਹੈ। ਜਲਦੀ ਹੀ ਜੀਵਨ ਥਾਪਰ ਦੇ ਸਹਿਯੋਗ ਨਾਲ ਆਪਣੇ ਨਵੇਂ ਸਿੰਗਲ ਟ੍ਰੈਕਜ਼ ਨਾਲ ਸਰੋਤਿਆਂ ਦੇ ਰੂਬਰੂ ਹੋ ਰਹੀ ਏ। ਉਮੀਦ ਕਿ ਸਰੋਤੇ ਉਸ ਦੇ ਗੀਤਾਂ ਨੂੰ ਜ਼ਰੂਰ ਸਲਾਹੁਣਗੇ।

– ਹਨੀ ਸੋਢੀ