ਨਵੀਂ ਦਿੱਲੀ (ਏਜੰਸੀ) : ਤਿੰਨ ਮਹੀਨਿਆਂ ਦੀ ਬੱਚੀ ਨਾਲ ਜਬਰ-ਜਨਾਹ ਤੋਂ ਬਾਅਦ ਕਤਲ ਕਰਨ ਦੇ ਮਾਮਲੇ ਵਿਚ ਮੌਤ ਦੀ ਸਜ਼ਾਯਾਫ਼ਤਾ ਵਿਅਕਤੀ ਦੀ ਦੋਸ਼-ਸਿੱਧੀ ਨੂੰ ਸੁਪਰੀਮ ਕੋਰਟ ਨੇ ਖ਼ਾਰਜ ਕਰ ਦਿੱਤਾ ਹੈ। ਸਰਬਉੱਚ ਅਦਾਲਤ ਨੇ ਕਿਹਾ ਹੈ ਕਿ ਵਿਅਕਤੀ ਨੂੰ ਆਪਣੇ ਬਚਾਅ ਦੇ ਢੁਕਵੇਂ ਮੌਕੇ ਮੁਹੱਈਆ ਨਹੀਂ ਕਰਵਾਏ ਗਏ, ਇਸ ਲਈ ਕੇਸ ਦੀ ਸੁਣਵਾਈ ਨਵੇਂ ਸਿਰਿਓਂ ਕੀਤੀ ਜਾਵੇ।
ਸਰਬਉੱਚ ਅਦਾਲਤ ਨੇ ਕਿਹਾ ਹੈ ਕਿ ਸਬੰਧਤ ਮੁਕੱਦਮਾ 2018 ਵਿਚ ਦਰਜ ਹੋਇਆ ਸੀ, ਜਿਸ ਨੂੰ ਦੋਸ਼-ਪੱਤਰ ਦਾਇਰ ਹੋਣ ਦੀ ਤਰੀਕ ਪਿੱਛੋਂ ਮਹਿਜ਼ ਪੰਦਰਾਂ ਦਿਨਾਂ ਦੇ ਅੰਦਰ ਮੁਕੰਮਲ ਕਰ ਲਿਆ ਗਿਆ। ਮੁਲਜ਼ਮ ਨੂੰ ਹੇਠਲੀ ਅਦਾਲਤ ਨੇ ਕਈ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਸੀ। ਜਸਟਿਸ ਬੀਆਰ ਗਵਈ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਕਿਹਾ ਹੈ ਕਿ ਸਾਡਾ ਮੰਨਣਾ ਹੈ ਕਿ ਹੇਠਲੀ ਅਦਾਲਤ ਨੇ ਮਾਮਲੇ ਵਿਚ ਮੁਲਜ਼ਮ ਨੂੰ ਆਪਣੇ ਬਚਾਅ ਲਈ ਵਾਜਿਬ ਮੌਕੇ ਨਹੀਂ ਦਿੱਤੇ ਸਗੋਂ ਜਲਦਬਾਜ਼ੀ ਵਿਚ ਸੁਣਵਾਈ ਆਰੰਭ ਦਿੱਤੀ। ਬੈਂਚ ਵਿਚ ਜਸਟਿਸ ਪੀਐੱਸ ਨਰਸਿਮਹਾ ਤੇ ਜਸਟਿਸ ਪ੍ਰਸ਼ਾਂਤ ਮਿਸ਼ਰਾ ਸ਼ਾਮਲ ਸਨ।
ਬੈਂਚ ਨੇ ਕਿਹਾ ਕਿ ਇਸ ਲਈ ਦੋਸ਼-ਸਿੱਧੀ ਦਾ ਫ਼ੈਸਲਾ ਤੇ ਹੇਠਲੀ ਅਦਾਲਤ ਵੱਲੋਂ ਦਿੱਤੀ ਗਈ ਸਜ਼ਾ ਨੂੰ ਖ਼ਾਰਜ ਕੀਤਾ ਜਾਂਦਾ ਹੈ, ਜਿਸ ਦੀ ਪੁਸ਼ਟੀ ਹਾਈ ਕੋਰਟ ਨੇ ਵੀ ਕੀਤੀ ਹੈ। ਮਾਮਲੇ ਵਿਚ ਨਵੇਂ ਸਿਰੇ ਤੋਂ ਸੁਣਵਾਈ ਲਈ ਫਿਰ ਹੇਠਲੀ ਅਦਾਲਤ ਨੂੰ ਭੇਜਿਆ ਜਾਂਦਾ ਹੈ ਤੇ ਪਟੀਸ਼ਨਰ ਨੂੰ ਆਪਣੇ ਬਚਾਅ ਲਈ ਢੁਕਵੇਂ ਮੌਕੇ ਦਿੱਤੇ ਜਾਣ ਦੀ ਹਦਾਇਤ ਕੀਤੀ ਗਈ ਹੈ। ਸਿਖਰਲੀ ਅਦਾਲਤ ਨੇ ਪਟੀਸ਼ਨਰ ਨਵੀਨ ਵੱਲੋਂ ਦਾਇਰ ਪਟੀਸ਼ਨ ’ਤੇ ਫ਼ੈਸਲਾ ਸੁਣਾਇਆ, ਜਿਸ ਵਿਚ ਮੱਧ ਪ੍ਰਦੇਸ਼ ਹਾਈ ਕੋਰਟ ਨੇ ਦਸੰਬਰ 2018 ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ, ਜਿਸ ਵਿਚ ਕਤਲ ਤੇ ਜਬਰ ਜਨਾਹ ਸਮੇਤ ਹੋਰ ਵੱਖ-ਵੱਖ ਧਾਰਾਵਾਂ ਤੇ ਪੋਕਸੋ ਐਕਟ ਤਹਿਤ ਅਪਰਾਧਾਂ ਲਈ ਨਵੀਨ ਦੀ ਸਜ਼ਾ ਬਰਕਰਾਰ ਰੱਖੀ ਸੀ।



