ਤਿਉਹਾਰਕ ਭਾਈਵਾਲੀ ਦੌਰਾਨ ਇਹ ਰੌਸ਼ਨੀ ਪ੍ਰਦਰਸ਼ਨੀ ਅੱਗ ਪੀੜਤਾਂ ਦੀ ਸਹਾਇਤਾ ਲਈ ਫ਼ੰਡ ਇਕੱਠੇ ਕਰੇਗੀ।
ਸਰੀ, ਬੀ.ਸੀ. – ਸਰੀ ਸ਼ਹਿਰ ਰੌਸ਼ਨੀ ਦੀ ਪ੍ਰਦਰਸ਼ਨੀ ਦੇ 28ਵੇਂ ਸਾਲਾਨਾ ‘ਬ੍ਰਾਈਟ ਨਾਈਟਸ’ (Bright Nights) ਦਾ, ਆਪਣੇ ਜੱਦੀ ਘਰ ਸਰੀ ਵਿੱਚ ਵਾਪਸੀ ’ਤੇ ਸਵਾਗਤ ਕਰ ਮਾਣ ਮਹਿਸੂਸ ਕਰ ਰਿਹਾ ਹੈ। ਇਸ ਸਾਲ ਬ੍ਰਾਈਟ ਨਾਈਟਸ, ਦੂਜੇ ਸਾਲਾਨਾ ਨੋਏਲ ਹੌਲੀਡੇ ਲਾਈਟ ਫ਼ੈਸਟੀਵਲ (Noel Holiday Light Festival) ਦੇ ਹਿੱਸੇ ਵਜੋਂ ਪੇਸ਼ ਕੀਤਾ ਜਾਵੇਗਾ, ਜਿਸ ਦਾ ਆਯੋਜਨ 28 ਨਵੰਬਰ ਤੋਂ 28 ਦਸੰਬਰ ਤੱਕ ਕਲੋਵਰਡੇਲ ਫੇਅਰਗ੍ਰਾਉਂਡਸ (Cloverdale Fairgrounds) ਵਿਖੇ ਹੋਵੇਗਾ। ਇਸਦੀ ਘਰ ਵਾਪਸੀ ਕਲੋਵਰਡੇਲ ਨੂੰ ਛੁੱਟੀਆਂ ਦੀ ਰੁੱਤ ਦੌਰਾਨ ਇੱਕ ਰੌਣਕਮਈ ਮਨੋਰੰਜਨ ਕੇਂਦਰ ਅਤੇ ਇੱਕ ਪ੍ਰਮੁੱਖ ਸਥਾਨ ਵਜੋਂ ਪ੍ਰਦਰਸ਼ਿਤ ਕਰੇਗੀ । ਰੌਸ਼ਨੀ ਦਾ ਪ੍ਰਦਰਸ਼ਨ 800 ਤੋਂ ਵੱਧ ਫਾਇਰਫਾਈਟਰਾਂ ਵੱਲੋਂ ਹਜ਼ਾਰਾਂ ਵਲੰਟੀਅਰ ਘੰਟਿਆਂ ਦੌਰਾਨ ਤਿਆਰ ਕੀਤਾ ਜਾਂਦਾ ਹੈ ਅਤੇ ਇਹ ਬੀ.ਸੀ. ਪ੍ਰੋਫੈਸ਼ਨਲ ਫਾਇਰ ਫਾਈਟਰਸ ਬਰਨ ਫ਼ੰਡ (BC Professional Firefighters’ Burn Fund) ਲਈ ਸਭ ਤੋਂ ਵੱਡਾ ਸਾਲਾਨਾ ਫ਼ੰਡਰੇਜ਼ਰ ਹੈ। ਨੋਏਲ ਸਰੀ (Noel Surrey) ਦੀ ਹਰੇਕ ਟਿਕਟ ਦੀ ਵਿੱਕਰੀ ਵਿੱਚੋਂ 2 ਡਾਲਰ, ਸੂਬੇ ਭਰ ਵਿੱਚ ਸੜਨ ਮਗਰੋਂ ਜ਼ਿੰਦਾ ਬਚਣ ਵਾਲੇ ਲੋਕਾਂ ਦੀ ਸਹਾਇਤਾ ਲਈ ਦਾਨ ਕੀਤੇ ਜਾਣਗੇ।
ਇਹ ਰਵਾਇਤ 1980 ਦੇ ਦਹਾਕੇ ਦੇ ਮੱਧ ਵਿੱਚ ਸ਼ੁਰੂ ਹੋਈ ਸੀ, ਜਦੋਂ ਸਰੀ ਨਿਵਾਸੀ ਬੌਬ ਵਿੰਗਫ਼ੀਲਡ (Bob Wingfield) ਅਤੇ ਮਾਰਗ ਬੈਰੇਟ (Marg Barret) ਨੇ ਸਰੀ ਦੇ ਫਾਇਰਫਾਈਟਰਾਂ ਦੀ ਸਹਾਇਤਾ ਨਾਲ ਨਿਊਟਨ ਵਿੱਚ ਆਪਣੇ ਘਰ ਵਿੱਚ ਇੱਕ ਵਿਸ਼ਾਲ ਕ੍ਰਿਸਮਸ ਰੌਸ਼ਨੀ ਪ੍ਰਦਰਸ਼ਨੀ ਤਿਆਰ ਕੀਤੀ ਸੀ। ਇਹ ਪ੍ਰਦਰਸ਼ਨੀ, ਵੈਨਕੂਵਰ ਜਨਰਲ ਹਸਪਤਾਲ ‘ਚ ਮੌਜੂਦ ਸੜਨ ਮਗਰੋਂ ਜ਼ਿੰਦਾ ਬਚੇ ਲੋਕਾਂ ਲਈ ਫ਼ੰਡ ਇਕੱਠੇ ਕਰਦਿਆਂ ਹਰ ਸਾਲ ਹਜ਼ਾਰਾਂ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣਦੀ ਰਹੀ। 1997 ਵਿੱਚ, ਬੌਬ ਅਤੇ ਮਾਰਗ ਨੇ ਆਪਣਾ ਰੌਸ਼ਨੀ ਸੰਗ੍ਰਹਿ ਬੀ. ਸੀ. ਪ੍ਰੋਫੈਸ਼ਨਲ ਫਾਇਰ ਫਾਈਟਰਜ਼ ਬਰਨ ਫ਼ੰਡ ਨੂੰ ਦਾਨ ਕਰ ਦਿੱਤਾ, ਜਿਸ ਨਾਲ ‘ਬ੍ਰਾਈਟ ਨਾਈਟਸ’ ਦੀ ਸਿਰਜਣਾ ਹੋਈ, ਜੋ ਕਿ ਵੈਨਕੂਵਰ ਦੇ ਸਟੈਨਲੀ ਪਾਰਕ (Stanley Park) ਵਿੱਚ 25 ਸਾਲਾਂ ਤੋਂ ਵੱਧ ਸਮੇਂ ਲਈ ਚਲਦੀ ਰਹੀ।
ਮੇਅਰ ਬਰੈਂਡਾ ਲੌਕ ਨੇ ਕਿਹਾ “ਮੈਂ ਬ੍ਰਾਈਟ ਨਾਈਟਸ ਦਾ ਸਰੀ ਵਿੱਚ ਵਾਪਸ ਸਵਾਗਤ ਕਰਨ ਲਈ ਬਹੁਤ ਉਤਸ਼ਾਹਿਤ ਹਾਂ। ਸਰੀ ਦੇ ਦੋ ਨਿਵਾਸੀ ਆਪਣੇ ਆਂਢ-ਗੁਆਂਢ ਵਿੱਚ ਕੁੱਝ ਖ਼ਾਸ ਸਿਰਜਣ ਲਈ ਇਕੱਠੇ ਹੋਏ, ਇਹ ਸਾਡੇ ਸ਼ਹਿਰ ਨੂੰ ਪਰਿਭਾਸ਼ਿਤ ਕਰਨ ਵਾਲੀ ਦਰਿਆ-ਦਿਲੀ ਅਤੇ ਭਾਈਚਾਰਕ ਭਾਵਨਾ ਨੂੰ ਦਰਸਾਉਂਦਾ ਹੈ। ਕਲੋਵਰਡੇਲ ਵਿਖੇ ‘ਨੋਏਲ ਸਰੀ’ ਵਿੱਚ ‘ਬ੍ਰਾਈਟ ਨਾਈਟਸ’ ਲਿਆਉਣਾ, ਉਨ੍ਹਾਂ ਕਦਰਾਂ-ਕੀਮਤਾਂ ਦਾ ਜਸ਼ਨ ਮਨਾਉਂਦਾ ਹੈ ਅਤੇ ਕਲੋਵਰਡੇਲ ਨੂੰ ਕਾਰੋਬਾਰਾਂ, ਸੈਲਾਨੀਆਂ ਅਤੇ ਭਾਈਚਾਰਕ ਮੌਕਿਆਂ ਲਈ ਇੱਕ ਖ਼ੁਸ਼ਹਾਲ ਮੰਜ਼ਿਲ ਵਜੋਂ ਦੇਖਣ ਦਾ ਸਮਰਥਨ ਕਰਦਾ ਹੈ।”
ਸਰੀ ਫਾਇਰ ਫਾਈਟਰਜ਼ ਐਸੋਸੀਏਸ਼ਨ (Surrey Firefighters Association) ਦੇ ਪ੍ਰਧਾਨ ਸੇਵਰੀਓ ਲੈਟਨਜ਼ੀਓ (Saverio Lattanzio) ਨੇ ਕਿਹਾ “ਲੋਕਲ 1271 (Local 1271) ਦੇ ਮੈਂਬਰਾਂ ਵੱਲੋਂ, ਅਸੀਂ ਸਰੀ ਵਿੱਚ ‘ਬ੍ਰਾਈਟ ਨਾਈਟਸ’ ਦਾ ਨਿੱਘਾ ਸਵਾਗਤ ਕਰਦੇ ਹਾਂ। ਸਾਨੂੰ ਆਪਣੇ ਭਾਈਚਾਰੇ ‘ਤੇ ਅਤੇ ਲੰਬੇ ਸਮੇਂ ਤੋਂ ਬੀ ਸੀ ਪੀ ਐਫ਼ ਐਫ਼ ਬਰਨ ਫ਼ੰਡ (BCPFF Burn Fund) ਦਾ ਸਮਰਥਨ ਕਰਨ ਵਿੱਚ ਬਹੁਤ ਮਾਣ ਮਹਿਸੂਸ ਹੁੰਦਾ ਹੈ। ਛੁੱਟੀਆਂ ਦੀ ਰੁੱਤ ਦਾ ਜਸ਼ਨ ਮਨਾਉਂਦੇ ਹੋਏ, ਅਜਿਹੇ ਅਰਥਪੂਰਨ ਕਾਰਜ ਲਈ ਫ਼ੰਡ ਇਕੱਠਾ ਕਰਨ ਦੇ ਮੌਕੇ ਦੀ ਅਸੀਂ ਸੱਚਮੁੱਚ ਕਦਰ ਕਰਦੇ ਹਾਂ।”
ਨੋਏਲ ਸਰੀ ਵਿਖੇ, ਹਾਜ਼ਰੀਨ ਬਿਲ ਰੀਡ ਮਿਲੇਨੀਅਮ ਐਂਫੀਥੀਏਟਰ (Bill Reid Millennium Amphitheatre) ਵਿਖੇ ਤਲਾਬ ਦੇ ਆਲੇ-ਦੁਆਲੇ ਇੱਕ ਪਹੁੰਚਯੋਗ ਰਸਤੇ ਦੇ ਕਿਨਾਰੇ ਲਗਭਗ ਤਿੰਨ ਮਿਲੀਅਨ ਲਾਈਟਾਂ ਵਾਲੀ ‘ਬ੍ਰਾਈਟ ਨਾਈਟਸ’ ਪ੍ਰਦਰਸ਼ਨੀ ਦਾ ਨਜ਼ਾਰਾ ਲੈ ਸਕਦੇ ਹਨ। ਇਸ ਤਿਉਹਾਰ ਵਿੱਚ ਨੋਏਲ ਪਿੰਡ (Noel Village), 30,000 ਵਰਗ ਫੁੱਟ ਤੋਂ ਵੱਧ ਦਾ ਇੱਕ ਇਨਡੋਰ ਸਥਾਨ ਹੈ, ਜਿਸ ਵਿੱਚ ਬੱਚਿਆਂ ਲਈ ਥਾਂ, ਸੈਂਟਾ (Santa) ਅਤੇ ਛੁੱਟੀਆਂ ਦੇ ਕਿਰਦਾਰਾਂ (Holiday Characters) ਨਾਲ ਫ਼ੋਟੋਆਂ, ਮੌਕੇ ‘ਤੇ ਨਾਲੋ – ਨਾਲ ਚਲਦਾ ਸੰਗੀਤ, ਖਾਣ-ਪੀਣ ਦਾ ਕੇਂਦਰ (Dinning Hub) ਅਤੇ ਇੱਕ ਕ੍ਰਿਸਮਸ ਮਾਰਕੀਟ ਵੀ ਸ਼ਾਮਿਲ ਹਨ। ਇਸ ਤੋਂ ਇਲਾਵਾ, ਮਹਿਮਾਨ 50-ਫੁੱਟ ਉੱਚੇ ਝੂਲੇ (Ferris wheel) ਅਤੇ ਚੋਣਵੀਂਆਂ ਤਾਰੀਖਾਂ ‘ਤੇ ਬੰਪਰ ਕਾਰਾਂ ਦੇ ਮੁਫ਼ਤ ਝੂਟਿਆਂ ਅਤੇ ਨਾਲ ਹੀ ਕਈ ਤਰਾਂ ਦੇ ਸਥਾਨਕ ਫੂਡ ਟਰੱਕਾਂ ਤੋਂ ਖਾਣ ਅਤੇ ਪੀਣ ਦੀਆਂ ਚੀਜ਼ਾਂ ਦਾ ਆਨੰਦ ਮਾਣ ਸਕਦੇ ਹਨ।
ਟੌਡ ਸ਼ੀਅਰਲਿੰਗ (Todd Schierling) ਨੇ ਕਿਹਾ, “ਸਰੀ ਫਾਇਰ ਕੈਪਟਨ ਅਤੇ ਬੀਸੀ ਪ੍ਰੋਫੈਸ਼ਨਲ ਫਾਇਰ ਫਾਈਟਰਜ਼ ਬਰਨ ਫ਼ੰਡ (BC Professional Firefighters’ Burn Fund) ਦੇ ਪ੍ਰਧਾਨ ਹੋਣ ਦੇ ਨਾਤੇ, ਮੈਂ ਬ੍ਰਾਈਟ ਨਾਈਟਸ ਨੂੰ ਸਰੀ ਵਿੱਚ ਨੋਏਲ ਹੌਲੀਡੇ ਲਾਈਟ ਫ਼ੈਸਟੀਵਲ ਨੂੰ ਰੌਸ਼ਨਾਉਂਦੇ ਹੋਏ ਦੇਖ ਕੇ ਬਹੁਤ ਉਤਸ਼ਾਹਿਤ ਹਾਂ। ਅਸੀਂ ਕਲੋਵਰਡੇਲ ਫੇਅਰਗ੍ਰਾਉਂਡਸ ਵਿਖੇ ਇਸ ਪਰੰਪਰਾ ਨੂੰ ਇੱਕ ਸ਼ਾਨਦਾਰ ਨਵੀਂ ਪ੍ਰਸਥਿਤੀ ਵਿੱਚ ਲਿਆਉਣ ਦੇ ਮੌਕੇ ਲਈ ਅਤੇ ਛੁੱਟੀਆਂ ਦੇ ਇੱਕ ਜਾਦੂਈ ਅਨੁਭਵ, ਜੋ ਸੂਬੇ ਭਰ ਵਿੱਚ ਸੜਨ ਤੋਂ ਬਾਦ ਜ਼ਿੰਦਾ ਬਚੇ ਲੋਕਾਂ ਦੀ ਸਹਾਇਤਾ ਕਰਦਾ ਹੈ, ਨੂੰ ਜਾਰੀ ਰੱਖਣ ਲਈ ਧੰਨਵਾਦੀ ਹਾਂ।”
ਰਵਾਇਤ ਨੂੰ ਕਾਇਮ ਰੱਖਦੇ ਹੋਏ, ਬੀਸੀ ਪ੍ਰੋਫੈਸ਼ਨਲ ਫਾਇਰ ਫਾਈਟਰਜ਼ ਬਰਨ ਫ਼ੰਡ, ਸੜਨ ਤੋਂ ਬਾਅਦ ਜ਼ਿੰਦਾ ਬਚੇ ਲੋਕਾਂ ਲਈ ਦਾਨ ਦਾ ਸਵਾਗਤ ਕਰੇਗਾ, ਜਿਸ ਵਿੱਚ ‘ਹੋਮ ਅਵੇ ਐਟ ਦਾ ਬਰਨ ਫ਼ੰਡ ਸੈਂਟਰ’ (Home Away at the Burn Fund Centre) ਜਿਹੜੀ ਵੈਨਕੂਵਰ ਵਿੱਚ ਇਲਾਜ ਕਰਵਾ ਰਹੇ ਲੋਕਾਂ ਲਈ ਇੱਕ ਸੁਰੱਖਿਅਤ ਅਤੇ ਸਵਾਗਤਯੋਗ ਜਗ੍ਹਾ ਹੈ, ਸ਼ਾਮਲ ਹੈ। ਇੱਥੇ ਵਿਕਣ ਵਾਲੀ ਹਰੇਕ ਟਿਕਟ ਤੋਂ 2 ਡਾਲਰ, ਇਹ ਯਕੀਨੀ ਬਣਾਉਣ ਵਿੱਚ ਮਦਦ ਕਰਨਗੇ ਕਿ ਜ਼ਿੰਦਾ ਬਚੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਨ੍ਹਾਂ ਛੁੱਟੀਆਂ ਦੀ ਰੁੱਤ ਵਿੱਚ ਲੋੜੀਂਦੀ ਸਹਾਇਤਾ ਮਿਲੇ।
ਜਾਦ-ੂਭਰੇ ਨੋਏੇਲ ਹੌਲੀਡੇ ਬ੍ਰਾਈਟ ਨਾਈਟਸ ਫ਼ੈਸਟੀਵਲ ਬਾਰੇ ਵਧੇਰੇ ਜਾਣਕਾਰੀ ਲਈ, noelfesitval.com ‘ਤੇ ਜਾਓ।
ਬੀ ਸੀ ਪ੍ਰੋਫੈਸ਼ਨਲ ਫਾਇਰਫਾਈਟਰਜ਼’ ਬਰਨ ਫ਼ੰਡ ਬਾਰੇ:
1978 ਤੋਂ ਫਾਇਰਫਾਈਟਰਾਂ ਨੇ ਬੀ.ਸੀ. ਅਤੇ ਯੂਕੋਨ ਵਿੱਚ ਸੜਨ ਮਗਰੋਂ ਜ਼ਿੰਦਾ ਬਚੇ ਲੋਕਾਂ ਦੀ ਬਚਾਅ ਤੋਂ ਲੈ ਕੇ ਸਿਹਤਯਾਬੀ ਤੱਕ, ਸਹਾਇਤਾ ਕਰਨ ਦੇ ਸੱਦੇ ਨੂੰ ਹੁੰਗਾਰਾ ਦਿੱਤਾ ਹੈ। ਬਰਨ ਫ਼ੰਡ, ਸੜਨ ਪਿੱਛੋਂ ਜ਼ਿੰਦਾ ਬਚੇ ਲੋਕਾਂ ਨੂੰ ਉਨ੍ਹਾਂ ਦੀ ਸਿਹਤਯਾਬੀ ਦੌਰਾਨ ਹਰ ਕਦਮ ‘ਤੇ ਉਨ੍ਹਾਂ ਦੀ ਸਹਾਇਤਾ ਕਰਨ ਪ੍ਰਤੀ ਸਮਰਪਿਤ ਹੈ। ਬਰਨ ਫ਼ੰਡ, ਬਚੇ ਲੋਕਾਂ ਨੂੰ ਪ੍ਰੋਗਰਾਮਾਂ ਅਤੇ ਰਿਟਰੀਟਾਂ ਰਾਹੀਂ ਮਜ਼ਬੂਤੀ ਦਿੰਦਾ ਹੈ, ਸੜ ਕੇ ਜ਼ਿੰਦਾ ਬਚੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਰਿਹਾਇਸ਼ ਪ੍ਰਦਾਨ ਕਰਦਾ ਹੈ, ਬੀ.ਸੀ. ਦੇ ਟਰੌਮਾ ਹਸਪਤਾਲਾਂ ਵਿੱਚ ਡਾਕਟਰੀ ਦੇਖਭਾਲ ਵਿੱਚ ਵਾਧਾ ਕਰਦਾ ਹੈ ਅਤੇ ਮਹੱਤਵਪੂਰਨ ਸਰੋਤਾਂ ਅਤੇ ਇਲਾਜ ਦੇ ਜ਼ਰੀਏ ਪਾੜੇ ਨੂੰ ਭਰਦਾ ਹੈ।
ਨੋਏਲ ਹੌਲੀਡੇ ਲਾਈਟ ਫ਼ੈਸਟੀਵਲ ਬਾਰੇ:
ਨੋਏਲ ਹੌਲੀਡੇ ਲਾਈਟ ਫ਼ੈਸਟੀਵਲ ਇੱਕ ਇਨਡੋਰ-ਆਊਟਡੋਰ ਕ੍ਰਿਸਮਸ ਤਿਉਹਾਰ ਹੈ, ਜੋ ਲੋਕਾਂ ਨੂੰ ਛੁੱਟੀਆਂ ਦੀ ਰੁੱਤ ਦੀ ਖ਼ੁਸ਼ੀ ਅਤੇ ਹੈਰਤ ਨੂੰ ਅਨੁਭਵ ਕਰਨ ਲਈ ਇਕੱਠੇ ਕਰਦਾ ਹੈ। ਚਮਕਦਾਰ ਰੌਸ਼ਨੀਆਂ ਦੀਆਂ ਸਥਾਪਨਾਵਾਂ ਅਤੇ ਛੁੱਟੀਆਂ ਦੀ ਮਨਮੋਹਕ ਸਜਾਵਟ ਦੇ ਨਾਲ, ਨੋਏਲ ਪਰਿਵਾਰਾਂ, ਦੋਸਤਾਂ ਅਤੇ ਛੁੱਟੀਆਂ ਦੇ ਸਾਰੇ ਉਤਸ਼ਾਹੀਆਂ ਲਈ ਇੱਕ ਤਿਉਹਾਰੀ ਮਾਹੌਲ ਬਣਾਉਂਦਾ ਹੈ।



