ਹੈਪੀ ਜੱਲ੍ਹਾ, ਪਾਇਲ : ਭਾਰਤੀ ਜਨਤਾ ਪਾਰਟੀ ਹੀ ਪੰਜਾਬ ‘ਚ ਮਜ਼ਬੂਤ ਸਰਕਾਰ ਦਾ ਆਧਾਰ ਬਣ ਸਕਦੀ ਹੈ ਕਿਉਂਕਿ ਰਵਾਇਤੀ ਪਾਰਟੀਆਂ ਵੱਲੋਂ ਪੰਜਾਬ ਨਾਲ ਸਮੇਂ-ਸਮੇਂ ‘ਤੇ ਕੀਤੇ ਧੋਖੇ ਤੋ ਬਾਅਦ ਤੀਜਾ ਬਦਲ ਵੀ ਪੰਜਾਬੀਆਂ ਦਾ ਵਿਸ਼ਵਾਸ ਗੁਆ ਚੁੱਕਿਆ ਹੈ। ਉਕਤ ਪ੍ਰਗਟਾਵਾ ਭਾਜਪਾ ਮਹਿਲਾ ਮੋਰਚਾ ਪੰਜਾਬ ਦੇ ਬੁਲਾਰੇ ਨੀਤੂ ਸਿੰਘ ਨੇ ਕਰਦਿਆਂ ਕਿਹਾ ਭਾਰਤੀ ਜਨਤਾ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਮਜ਼ਬੂਤ ਰਾਸ਼ਟਰ, ਮਜ਼ਬੂਤ ਭਾਰਤ ਤੇ ਮਜ਼ਬੂਤ ਆਰਥਿਕਤਾ ਪ੍ਰਦਾਨ ਕਰਕੇ ਸਿੱਧ ਕਰ ਦਿੱਤਾ ਹੈ ਕਿ ਭਾਜਪਾ ਦੇਸ਼ ਪ੍ਰਤੀ ਬੇਹੱਦ ਸੰਜੀਦਾ ਹੈ ਤੇ ਦੇਸ਼ ਨੂੰ ਅੱਗੇ ਲਿਜਾ ਸਕਦੀ ਹੈ।

ਉਨ੍ਹਾਂ ਕਿਹਾ ਪੰਜਾਬ ਦੇ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਵਾਸਤੇ ਭਾਜਪਾ ਦੀ ਕੇਂਦਰ ਸਰਕਾਰ ਨੇ ਵੱਡੇ ਪੱਧਰ ‘ਤੇ ਰਾਸ਼ੀ ਜਾਰੀ ਕੀਤੀ ਹੈ ਤੇ 60 ਫੀਸਦੀ ਰਾਸ਼ੀ ਕੇਂਦਰ ਸਰਕਾਰ ਦੀ ਹੋਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਅਪਣੀ ਰਾਸ਼ੀ ਕਹਿ ਕੇ ਲਾਹਾ ਖੱਟਣ ਲਈ ਸਿਆਸੀ ਮੈਦਾਨ ਤਲਾਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿਸੇ ਵੀ ਸੰਸਦ ਮੈਂਬਰ ਦੀ ਲੋਕਾਂ ਨੂੰ ਸ਼ਕਲ ਤਕ ਵੀ ਯਾਦ ਨਹੀਂ। ਭਾਜਪਾ ਲੋਕ ਸਭਾ ਹਲਕੇ ਦੀ ਤਰੱਕੀ ਲਈ ਯੋਜਨਾ ‘ਤੇ ਕੰਮ ਕਰੇਗੀ ਤੇ ਜਲਦ ਹੀ ਪਾਰਟੀ ਸਰਗਰਮੀ ਤੇਜ਼ ਹੋਵੇਗੀ।