ਕੁਲਵਿੰਦਰ ਸਿੰਘ ਰਾਏ, ਖੰਨਾ : ਏਐੱਸ ਸਕੂਲ ਦੇ ਸਾਲਾਨਾ ਪੋ੍ਗਰਾਮ ‘ਤੇ ਮੁੱਖ ਮਹਿਮਾਨ ਵਜੋਂ ਪੁੱਜੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਵੱਲੋਂ ਆਮ ਆਦਮੀ ਪਾਰਟੀ ਦੀ ਰੈਲੀ ਦੇ ਖਰਚੇ ‘ਤੇ ਚੁੱਕੇ ਸਵਾਲ ‘ਤੇ ਬਾਜਵਾ ਨੂੰ ਘੇਰਿਆ ਹੈ।

ਹਲਕਾ ਖੰਨਾ ਦੇ ਵਿਧਾਇਕ ਤੇ ‘ਆਪ’ ਦੇ ਪੰਜਾਬ ਮੀਤ ਪ੍ਰਧਾਨ ਤਰੁਣਪ੍ਰਰੀਤ ਸਿੰਘ ਸੋਂਦ ਨੇ ਕਿਹਾ ਬਾਜਵਾ ਜੀ ਸਰਕਾਰ ‘ਤੇ ਚੁੱਕੇ ਸਵਾਲ ਦਾ ਜਵਾਬ ਤਾਂ ਰੈਲੀ ‘ਚ ਠਾਠਾਂ ਮਾਰਦਾ ਇਕੱਠ ਮੂਹੋਂ ਗਵਾਹੀ ਦੇ ਹੀ ਰਿਹਾ ਹੈ ਪਰ ਇਲਾਕੇ ਦੇ ਹਜ਼ਾਰਾਂ ਮਾਪਿਆਂ ਦੇ ਖ਼ੂਨ ਪਸੀਨੇ ਦੀ ਕਮਾਈ ਨਾਲ ਦਿੱਤੀਆਂ ਆਪਣੇ ਬੱਚਿਆਂ ਦੀਆਂ ਫੀਸਾਂ ਦੇ ਪੈਸੇ ਨਾਲ ਜਿਹੜੀ ਕਾਂਗਰਸੀ ਰੈਲੀ ਤੁਸੀਂ ਅੱਜ ਖੰਨਾ ਵਿਖੇ ਕਰਕੇ ਜਾ ਰਹੇ ਹੋ, ਪਹਿਲਾਂ ਉਸ ਦਾ ਜਵਾਬ ਦਿਓ। ਕਾਂਗਰਸੀਆਂ ਵੱਲੋਂ ਪੰਜਾਬ ਦੇ ਲੋਕਾਂ ਦੇ ਪੈਸੇ ਨੂੰ ਲੁੱਟ ਕੇ ਜਿਹੜੀਆਂ ਆਪਣੀਆਂ ਤਿਜੋਰੀਆਂ ਭਰੀਆਂ ਹਨ। ਜ਼ਮੀਨਾਂ ਜਾਇਦਾਦਾਂ ਬਣਾਈਆਂ ਹਨ। ਪਹਿਲਾਂ ਉਨਾਂ੍ਹ ਦਾ ਹਿਸਾਬ ਪੰਜਾਬ ਦੇ ਲੋਕਾਂ ਨੂੰ ਦੇਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਾਂਗਰਸ ਸਰਕਾਰ ਵੱਲੋਂ ਹੁਣ ਤਕ ਨਿੱਜੀ ਸਕੂਲਾਂ ਨੂੰ ਹੀ ਵਧਾਵਾ ਦਿੱਤਾ ਗਿਆ ਹੈ। ਸਰਕਾਰੀ ਸਕੂਲਾਂ ਦੀ ਸਾਰ ਨਹੀਂ ਲਈ ਗਈ, ਜਿਸ ਕਰਕੇ ਸਰਕਾਰੀ ਸਕੂਲਾਂ ‘ਚ ਘੱਟ ਰਹੀ ਬੱਚਿਆਂ ਦੀ ਗਿਣਤੀ ਨੂੰ ਘੱਟਣ ਤੋਂ ਰੋਕਣ ਦਾ ਕੋਈ ਉਪਰਾਲਾ ਨਹੀਂ ਕੀਤਾ ਗਿਆ। ਸਰਕਾਰੀ ਸਕੂਲ ਉਜੜਨ ਦੇ ਕੰਢੇ ਪੁੱਜ ਚੁੱਕੇ ਹਨ, ਜਿਨ੍ਹਾਂ ਨੂੰ ਬਚਾਉਣ ਲਈ ‘ਆਪ’ ਸਰਕਾਰ ਸਿਰਤੋੜ ਯਤਨ ਕਰ ਰਹੀ ਹੈ।