ਗੁਰਤੇਜ ਸਿੰਘ ਸਿੱਧੂ, ਬਠਿੰਡਾ : ਸਾਢੇ ਤਿੰਨ ਸਾਲਾਂ ਦੀ ਲੰਬੀ ਉਡੀਕ ਤੋਂ ਬਾਅਦ ਬਠਿੰਡਾ ਤੋਂ ਗਾਜ਼ੀਆਬਾਦ ਦੇ ਹਿੰਡਨ ਏਅਰਪੋਰਟ ਲਈ ਪਹਿਲੀ ਟੈਸਟਿੰਗ ਉਡਾਣ ਤਕਨੀਕੀ ਕਾਰਨਾਂ ਕਰ ਕੇ ਰੱਦ ਕਰ ਦਿੱਤੀ ਗਈ। ਇਸ ਫਲਾਈਟ ਵਿਚ ਬੱਧਵਾਰ ਨੂੰ ਯਾਤਰੀਆਂ ਨੂੰ ਵੀ ਲਿਜਾਇਆ ਜਾਣਾ ਸੀ ਪਰ ਯਾਤਰੀਆਂ ਨੂੰ ਹਵਾਈ ਅੱਡੇ ’ਤੇ ਪਹੁੰਚਣ ਤੋਂ ਬਾਅਦ ਫਲਾਈਟ ਰੱਦ ਹੋਣ ਦੀ ਸੂਚਨਾ ਦਿੱਤੀ ਗਈ। ਪਹਿਲਾਂ ਫਲਾਈਟ ਦਾ ਸਮਾਂ ਦੁਪਹਿਰ 12:30 ਵਜੇ ਸੀ ਪਰ ਬਾਅਦ ਵਿਚ ਇਸ ਦਾ ਸਮਾਂ 3 ਵਜੇ ਦਾ ਕਰ ਦਿੱਤਾ ਗਿਆ ਅਤੇ ਯਾਤਰੀਆਂ ਦੇ ਬੋਰਡਿੰਗ ਪਾਸ ’ਤੇ 2 ਵਜੇ ਦਾ ਸਮਾਂ ਦਿੱਤਾ ਗਿਆ। ਅਜਿਹੇ ’ਚ ਜਦੋਂ ਯਾਤਰੀ 2 ਵਜੇ ਏਅਰਪੋਰਟ ’ਤੇ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਫਲਾਈਟ ਰਵਾਨਾ ਨਹੀਂ ਹੋਵੇਗੀ। ਹਾਲਾਂਕਿ ਸੋਮਵਾਰ ਤੋਂ ਨਿਯਮਿਤ ਰੂਪ ’ਚ ਉਡਾਣਾਂ ਚਲਾਉਣ ਦੀ ਗੱਲ ਚੱਲ ਰਹੀ ਹੈ। ਅਜਿਹੇ ’ਚ ਸਵਾਲ ਇਹ ਉੱਠਦਾ ਹੈ ਕਿ ਜੇ ਟੈਸਟਿੰਗ ਫਲਾਈਟ ਹੀ ਸਹੀ ਢੰਗ ਨਾਲ ਨਹੀਂ ਚੱਲਦੀ ਤਾਂ ਬਾਅਦ ’ਚ ਇਸ ਨੂੰ ਕਿਵੇਂ ਚਲਾਇਆ ਜਾਵੇਗਾ। ਹਾਲਾਂਕਿ ਕੰਪਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਕਨੀਕੀ ਕਾਰਨਾਂ ਕਰਕੇ ਫਲਾਈਟ ਰੱਦ ਕੀਤੀ ਗਈ ਹੈ। ਇਸ ਸਮੱਸਿਆ ਦਾ ਹੱਲ ਕੱਢਣ ਲਈ ਯਤਨ ਕੀਤੇ ਜਾ ਰਹੇ ਹਨ ਜਦੋਂਕਿ ਹਿੰਡਨ ਤੋਂ ਬਠਿੰਡਾ ਆਉਣ ਵਾਲੀ ਫਲਾਈਟ ਨੇ ਪਹਿਲਾਂ ਲੁਧਿਆਣਾ ਤੋਂ ਹਿੰਡਨ ਜਾਣਾ ਸੀ ਪਰ ਲੁਧਿਆਣੇ ਤੋਂ ਹੀ ਫਲਾਈਟ ਦੇਰੀ ਨਾਲ ਹਿੰਡਨ ਪਹੁੰਚੀ, ਜਿਸ ਤੋਂ ਬਾਅਦ ਹਿੰਡਨ ਤੋਂ ਬਠਿੰਡਾ ਵਿਚਾਲੇ ਇਸ ਰੱਦ ਕਰ ਦਿੱਤਾ ਗਿਆ।

ਦੂਜੇ ਪਾਸੇ ਫਲਾਈਟ ਚਲਾਉਣ ਵਾਲੀ ਫਲਾਈਬਿਗ ਕੰਪਨੀ ਦੇ ਅਧਿਕਾਰੀਆਂ ਨੇ ਯਾਤਰੀਆਂ ਨੂੰ ਪੂਰਾ ਰਿਫੰਡ ਦੇਣ ਦਾ ਭਰੋਸਾ ਦਿੱਤਾ ਹੈ ਪਰ ਹਵਾਈ ਅੱਡੇ ’ਤੇ ਆਉਣ ਵਾਲੇ ਯਾਤਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਕੋਈ ਵੀ ਸਥਿਤੀ ਸਪੱਸ਼ਟ ਨਹੀਂ ਕਰ ਸਕਿਆ। ਇੱਥੋਂ ਤਕ ਕਿ ਯਾਤਰੀਆਂ ਨੇ ਫਲਾਈਟ ’ਚ ਸਫਰ ਕਰਨ ਲਈ 1,000 ਰੁਪਏ ਤੋਂ ਲੈ ਕੇ 2,000 ਰੁਪਏ ਤਕ ਦੀਆਂ ਟਿਕਟਾਂ ਵੀ ਬੁੱਕ ਕਰਵਾਈਆਂ ਸਨ। ਹਵਾਈ ਅੱਡੇ ’ਤੇ ਪੁੱਜੇ ਰਾਜਿੰਦਰਪਾਲ ਸਿੰਘ ਨੇ ਦੱਸਿਆ ਕਿ ਪਹਿਲਾਂ ਤਾਂ ਫਲਾਈਟ ਦਾ ਸਮਾਂ ਬਦਲਿਆ ਗਿਆ ਸੀ ਪਰ ਜਦੋਂ ਉਹ ਏਅਰਪੋਰਟ ਪਹੁੰਚਿਆ ਅਤੇ ਪਤਾ ਲੱਗਾ ਕਿ ਫਲਾਈਟ ਰੱਦ ਹੋ ਗਈ ਹੈ ਤਾਂ ਉਸ ਨੂੰ ਕਾਫ਼ੀ ਪਰੇਸ਼ਾਨੀ ਹੋਈ ਜਦੋਂ ਕਿ ਪਰਿਵਾਰ ਦੇ ਬਜ਼ੁਰਗ ਵੀ ਉਸ ਦੇ ਨਾਲ ਸਨ। ਉਸ ਨੇ ਦੱਸਿਆ ਕਿ ਉਸ ਵੱਲੋਂ ਛੇ ਟਿਕਟਾਂ ਬੁੱਕ ਕਰਵਾਈਆਂ ਗਈਆਂ ਸਨ। ਇਸ ਦੇ ਲਈ ਟਿਕਟ ਬੁੱਕ ਕਰਵਾਉਣ ’ਤੇ 1,000 ਤੋਂ 2,000 ਰੁਪਏ ਖ਼ਰਚ ਕੀਤੇ ਗਏ ਜਦੋਂ ਕਿ ਇਹ ਸਿਰਫ਼ ਇਕਤਰਫਾ ਕਿਰਾਇਆ ਸੀ। ਇਸ ਤੋਂ ਇਲਾਵਾ ਦਿੱਲੀ ’ਚ ਹੋਟਲ ਬੁਕਿੰਗ ਵੀ ਕਰਵਾਈ ਗਈ ਸੀ ਜਿਸ ਕਾਰਨ ਉਸ ਦਾ ਕਾਫੀ ਨੁਕਸਾਨ ਹੋਇਆ ਅਤੇ ਖੱਜਲ-ਖੁਆਰੀ ਵੱਖਰੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇ ਫਲਾਈਟ ਰੱਦ ਕਰਨੀ ਸੀ ਤਾਂ ਉਨ੍ਹਾਂ ਨੂੰ ਪਹਿਲਾਂ ਹੀ ਸੂਚਿਤ ਕਰਨਾ ਚਾਹੀਦਾ ਸੀ। ਉਸ ਨੇ ਦੱਸਿਆ ਕਿ ਏਅਰਪੋਰਟ ਪਹੁੰਚਣ ’ਤੇ ਕੰਪਨੀ ਅਧਿਕਾਰੀਆਂ ਨੇ ਦਲੀਲ ਦਿੱਤੀ ਕਿ ਉਨ੍ਹਾਂ ਨੂੰ ਵੀ ਪੰਜ ਮਿੰਟ ਪਹਿਲਾਂ ਹੀ ਪਤਾ ਲੱਗਾ ਹੈ।

ਦੂਜੇ ਪਾਸੇ ਕੰਪਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਕਨੀਕੀ ਕਾਰਨਾਂ ਕਰ ਕੇ ਫਲਾਈਟ ਰੱਦ ਕੀਤੀ ਗਈ ਹੈ ਜਦਕਿ ਇਹ ਇਕ ਟੈਸਟਿੰਗ ਫਲਾਈਟ ਸੀ ਜਿਸ ਦੀਆਂ ਕਮੀਆਂ ਨੂੰ ਦੂਰ ਕੀਤਾ ਜਾ ਰਿਹਾ ਹੈ। ਉਮੀਦ ਹੈ ਕਿ ਸੋਮਵਾਰ ਤੱਕ ਸਭ ਕੁਝ ਠੀਕ ਹੋ ਜਾਵੇਗਾ।

ਹਵਾਈ ਅੱਡੇ ਤੱਕ ਸੜਕ ਬਣਾਉਣ ਦੀ ਹੈ ਯੋਜਨਾ

ਲੋਕ ਨਿਰਮਾਣ ਵਿਭਾਗ ਨੇ ਨੈਸ਼ਨਲ ਹਾਈਵੇ-7 ਦੇ ਬਠਿੰਡਾ-ਅਬੋਹਰ ਤੋਂ ਬਠਿੰਡਾ ਹਵਾਈ ਅੱਡੇ ਤਕ ਸਿੱਧੀ ਪਹੁੰਚ ਲਈ 51 ਕਰੋੜ ਰੁਪਏ ਦੇ ਬਜਟ ਨਾਲ ਗ੍ਰੀਨਫੀਲਡ ਪ੍ਰਾਜੈਕਟ ਦੀ ਤਜਵੀਜ਼ ਰੱਖੀ ਹੈ। ਇਸ ਵੇਲੇ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 30 ਕਿਲੋਮੀਟਰ ਦੂਰ ਪਿੰਡ ਵਿਰਕ ਕਲਾਂ ਵਿਚ ਸਥਿਤ ਹਵਾਈ ਅੱਡੇ ਕੋਲ 9 ਕਿਲੋਮੀਟਰ ਲੰਬੀ ਪੇਂਡੂ Çਲੰਕ ਸੜਕ ਹੈ ਜਦੋਂਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਲੋਕ ਨਿਰਮਾਣ ਵਿਭਾਗ ਨੇ ਰਿਪੋਰਟ ਸੌਂਪ ਦਿੱਤੀ ਹੈ। ਇਸ ਤਹਿਤ ਹਵਾਈ ਅੱਡੇ ਤਕ ਪੂਰੀ ਤਰ੍ਹਾਂ ਨਵੀਂ 5.7 ਕਿਲੋਮੀਟਰ ਲੰਬੀ ਸੜਕ ਬਣਾਉਣ ਦੀ ਯੋਜਨਾ ਹੈ। ਮੌਜੂਦਾ ਸੜਕ ਪੇਂਡੂ ਖੇਤਰਾਂ ਵਿੱਚੋਂ ਲੰਘਦੀ ਹੈ ਅਤੇ ਇਸ ਦੀ ਚੌੜਾਈ ਸਿਰਫ਼ 3 ਮੀਟਰ ਹੈ ਜਦਕਿ ਉਨ੍ਹਾਂ ਦੀ ਟੀਮ ਨੇ ਫੀਲਡ ਵਰਕ ਕੀਤਾ ਅਤੇ ਪਿਛਲੇ ਮਹੀਨੇ 30 ਮੀਟਰ ਚੌੜੀ ਨਵੀਂ ਸੜਕ ਦਾ ਪ੍ਰਸਤਾਵ ਭੇਜਿਆ ਸੀ। ਹਾਲਾਂਕਿ ਜ਼ਮੀਨ ਐਕਵਾਇਰ ਕਰਨ ਦੀ ਅਜੇ ਤਕ ਕੋਈ ਅਧਿਕਾਰਤ ਸੂਚਨਾ ਨਹੀਂ ਮਿਲੀ ਹੈ। ਇਸ ਵੇਲੇ ਹਵਾਈ ਅੱਡੇ ਤਕ ਪਹੁੰਚਣ ਲਈ ਪਿੰਡਾਂ ਵਿੱਚੋਂ ਲੰਘਣਾ ਪੈਂਦਾ ਹੈ।