ਗਾਉਣ ਦੀ ਕਲਾ ਦੇ ਜਨੂੰਨ ਨਾਲ ਗਾਇਕੀ ਦੇ ਖੇਤਰ ’ਚ ਅੱਗੇ ਵਧ ਰਿਹਾ ਗਾਇਕ ਸੰਨੀ ਮੋਰਾਂਵਾਲੀ ਉਨ੍ਹਾਂ ਗਾਇਕਾਂ ’ਚੋਂ ਇਕ ਹੈ, ਜਿਨ੍ਹਾਂ ਲਈ ਗਾਇਕੀ ਕੁਦਰਤ ਵੱਲੋਂ ਮਿਲਿਆ ਅਨਮੋਲ ਤੋਹਫ਼ਾ ਹੈ। ਸੰਗੀਤ ਨੂੰ ਅਥਾਹ ਪਿਆਰ ਕਰਨ ਵਾਲਾ ਇਹ ਨੌਜਵਾਨ ਸੰਗੀਤ ਨੂੰ ਕੁਦਰਤ ਦੀ ਦੇਣ ਤੇ ਰੂਹ ਦੀ ਖ਼ੁਰਾਕ ਮੰਨਦਾ ਹੋਇਆ ਆਪਣੀ ਕਲਾ ਨੂੰ ਪੂਰਨ ਤੌਰ ’ਤੇ ਸਮਰਪਿਤ ਹੈ। ਗਾਉਣ ਦੇ ਸ਼ੌਕ ਸਬੰਧੀ ਗੱਲ ਕਰਦਿਆਂ ਉਸ ਨੇ ਦੱਸਿਆ ਕਿ ਬਾਲ ਸਭਾਵਾਂ ’ਚ ਅਕਸਰ ਗਾਉਣ ਦੇ ਸ਼ੌਕ ਨਾਲ ਉਸ ਨੂੰ ਗਾਉਣ ਦੀ ਚੇਟਕ ਲੱਗੀ। ਗੀਤ-ਸੰਗੀਤ ਦੀ ਬਾਰੀਕੀਆਂ ਉਸ ਨੇ ਉਸਤਾਦ ਜੋਗਾ ਸਿੰਘ ਗਰਚਾ ਤੋਂ ਸਿੱਖੀਆਂ। ਜੋਗਾ ਸਿੰਘ ਗਰਚਾ ਸੰਗੀਤ ਦਾ ਉਹ ਮਾਲੀ ਹੈ, ਜਿਸ ਨੇ ਰੋਸ਼ਨ ਪਿ੍ਰੰਸ, ਰਮਜ਼ਾਨਾ ਹੀਰ, ਬੰਟੀ ਬੀਸਲਾ, ਦਵਿੰਦਰ ਢਾਹਾ ਵਰਗੇ ਹੀਰੇ ਸੰਗੀਤ ਜਗਤ ਨੂੰ ਦਿੱਤੇ ਹਨ।
ਜੇ ਸੰਨੀ ਦੇ ਗੀਤਾਂ ਦੀ ਗੱਲ ਕਰੀਏ ਤਾਂ ਭਾਵੇਂ ਉਸ ਦੇ ਜ਼ਿਆਦਾ ਗੀਤ ਅਜੇ ਮਾਰਕੀਟ ’ਚ ਨਹੀਂ ਆਏ ਪਰ ਉਹ ਥੋੜ੍ਹਾ ਤੇ ਚੰਗਾ ਗਾ ਕੇ ਸਰੋਤਿਆਂ ਦੀਆਂ ਉਮੀਦਾਂ ’ਤੇ ਖਰਾ ਉਤਰਨਾ ਚਾਹੁੰਦੈ। ਉਸ ਨੇ ਸੰਗੀਤ ਦੇ ਖੇਤਰ ’ਚ 2017 ’ਚ ਪਹਿਲੇ ਸਿੰਗਲ ਟਰੈਕ ‘ਯਾਰੀਆਂ ਪਿਆਰੀਆਂ’ ਨਾਲ ਆਗ਼ਾਜ਼ ਕੀਤਾ। ਇਸ ਮਗਰੋਂ ‘ਬਾਬਾ ਸਾਹਿਬ’,‘ਹਾਕਮ’,‘ਮੈਂ ਤੇਰੀ ਤੂੰ ਮੇਰਾ’ (ਕਵਰ ਸੌਂਗ) ਰਿਲੀਜ਼ ਹੋਏ। ਉਸ ਦੇ ਗਾਏ ਗੀਤਾਂ ਨੂੰ ਸਰੋਤਿਆਂ ਮਣਾਂਮੂੰਹੀ ਪਿਆਰ ਦਿੱਤਾ ਹੈ। ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੋਰਾਂਵਾਲੀ ਦੇ ਜੰਮਪਲ ਸੰਨੀ ਮੋਰਾਂਵਾਲੀ ਨੇ ਆਪਣੇ ਨਾਂ ਪਿੱਛੇ ਪਿੰਡ ਦਾ ਨਾਂ ਜੋੜ ਕੇ ਆਪਣੀ ਜਨਮ ਭੋਇੰ ਦੀ ਮਿੱਟੀ ਨੂੰ ਵੀ ਸੰਗੀਤ ਦੇ ਖੇਤਰ ’ਚ ਪ੍ਰਸਿੱਧੀ ਦਿਵਾਈ ਹੈ। ਉਸ ਨੇ ਹੋਰ ਦੱਸਿਆ ਕਿ ਗਾਇਕੀ ਦੇ ਸਫ਼ਰ ਦੌਰਾਨ ਉਹ ਕਈ ਵਾਰ ਡਿੱਗਿਆ ਪਰ ਸਕੂਲ ਸਮੇਂ ਦੇ ਪਿ੍ਰੰਸੀਪਲ ਸੋਹਣ ਲਾਲ, ਅਧਿਆਪਕ ਗੁਰਦੀਪ ਸਿੰਘ ਵੱਲੋਂ ਕਹੇ ਸ਼ਬਦ ‘ਸਾਬਾਸ਼ ਪੁੱਤਰਾ ਸਾਬਾਸ਼… ਇਕ ਦਿਨ ਤੂੰ ਜ਼ਰੂਰ ਆਪਣੇ ਪਿੰਡ ਤੇ ਮਾਪਿਆਂ ਦਾ ਨਾਂ ਰੋਸ਼ਨ ਕਰੇਂਗਾ’, ਉਸ ਨੂੰ ਹਮੇਸ਼ਾ ਉੱਠ ਖੜ੍ਹਾ ਹੋ ਕੇ ਅੱਗੇ ਵਧਣ ਦੀ ਤਾਕਤ ਬਖਸ਼ਦੇ ਹਨ। ਪੰਜਾਬੀ ਗਾਇਕੀ ਦੇ ਅਜੋਕੇ ਦੌਰ ’ਚ ਲੜਾਈ-ਝਗੜੇ, ਨਸ਼ੇ, ਮਹਿੰਗੇ-ਮਹਿੰਗੇ ਪਹਿਰਾਵੇ, ਬਰਾਂਡ ਤੇ ਹਥਿਆਰਾਂ ਦੀਆਂ ਗੱਲਾਂ ਹੋ ਰਹੀਆਂ ਹਨ ਪਰ ਉਸ ਦੀ ਸੋਚ ਹੈ ਕਿ ਉਹ ਹਮੇਸ਼ਾ ਸਮਾਜਿਕ ਤੇ ਪਰਿਵਾਰਕ ਰਿਸ਼ਤਿਆਂ ਦੀਆਂ ਬਾਤਾਂ ਪਾਉਂਦੇ ਵਿਸ਼ਿਆਂ ਨੂੰ ਹੀ ਤਰਜੀਹ ਦੇਵੇਗਾ। ਸੰਗੀਤ ਦੇ ਖੇਤਰ ’ਚ ਸੱਜਰੀਆਂ ਪੈੜਾਂ ਪਾ ਰਹੇ ਸੰਨੀ ਦੇ ਕਈ ਹੋਰ ਨਵੇਂ ਗੀਤ ਰਿਲੀਜ਼ ਹੋਣ ਦੀ ਦਹਿਲੀਜ਼ ’ਤੇ ਹਨ। ਦੁਆ ਕਿ ਸੰਨੀ ਮੋਰਾਂਵਾਲੀ ਸੰਗੀਤ ਦੇ ਖੇਤਰ ’ਚ ਹੋਰ ਉੱਚੀਆਂ ਬੁਲੰਦੀਆਂ ਛੂਹੇ।
– ਸੁਖਬੀਰ ਕੌਰ



