ਪਰਗਟ ਸੇਹ, ਬੀਜਾ : ਪਿਛਲੇ ਇੱਕ ਹਫਤੇ ਤੋਂ ਥਾਣਾ ਸਦਰ ਖੰਨਾ ਦੇ ਅਧੀਨ ਪੈਂਦੀ ਪੁਲਿਸ ਚੌਂਕੀ ਕੋਟਾਂ ਇੰਚਾਰਜ ਤੇ ਮੁਣਸ਼ੀ ਤੋਂ ਸੱਖਣੀ ਪਈ ਹੈ। ਕੋਟਾਂ ਚੌਕੀ ‘ਚ ਸਿਰਫ 3 ਮੁਲਾਜ਼ਮ ਹੋਣ ਕਾਰਨ ਹਾਲਾਤ ਇਹ ਬਣੇ ਹੋਏ ਹਨ ਕਿ ਜੇਕਰ ਕਿਸੇ ਮੁਲਾਜ਼ਮ ਨੂੰ ਵਿਭਾਗੀ ਕੰਮਕਾਜ ਲਈ ਕੀਤੇ ਜਾਣਾ ਪੈ ਜਾਵੇ ਤਾਂ ਪੁਲਿਸ ਚੌਕੀ ਦਾ ਕੋਈ ਕੋਈ ਬਾਲੀ ਵਾਰਿਸ ਨਹੀਂ ਰਹਿੰਦਾ। ਜ਼ਿਕਰਯੋਗ ਹੈ ਕਰੀਬ ਇਕ ਹਫਤਾ ਪਹਿਲਾਂ ਐੱਸਆਈ ਪਵਿੱਤਰ ਸਿੰਘ ਨੂੰ ਚੌਕੀ ਇੰਚਾਰਜ ਲਾਇਆ ਗਿਆ ਸੀ ਪਰ ਉਨਾਂ੍ਹ ਦੀ ਤਰੱਕੀ ਹੋਣ ਕਰਕੇ ਬਦਲੀ ਹੋ ਗਈ। ਪੁਲਿਸ ਚੌਂਕੀ ‘ਚ ਮੁਲਾਜ਼ਮਾਂ ਦੀ ਘਾਟ ਹੋਣ ਕਰ ਕੇ ਕੋਟਾਂ ਚੌਕੀ ਦੇ ਹੱਦਬੰਦੀ ‘ਚ ਪੈਂਦੇ ਵੱਡੇ ਧਾਰਮਿਕ ਅਸਥਾਨਾਂ ਤੇ ਇਲਾਕੇ ‘ਚ ਗਸ਼ਤ ਕਰਨਾ ਵੀ ਮੁਸ਼ਕਿਲ ਹੁੰਦਾ ਹੈ। ਜਿਸ ਕਾਰਨ ਇਲਾਕੇ ‘ਚ ਅਪਰਾਧਿਕ ਗਤੀਵੀਧੀਆਂ ‘ਚ ਵਾਧਾ ਹੋ ਰਿਹਾ ਹੈ ਤੇ ਇਲਾਕੇ ਦੇ ਲੋਕਾਂ ਨੂੰ ਵੀ ਪੇ੍ਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਲਦੀ ਹੀ ਇੰਚਾਰਜ ਲਗਾ ਦਿੱਤਾ ਜਾਵੇਗਾ : ਐੱਸਐੱਸਪੀ ਖੰਨਾ
ਪੁਲਿਸ ਜ਼ਿਲ੍ਹਾ ਖੰਨਾ ਦੀ ਐੱਸਐੱਸਪੀ ਅਮਨੀਤ ਕੌਰ ਕੌਂਡਲ ਨੇ ਦੱਸਿਆ ਕਿ ਪਹਿਲਾਂ ਵਾਲੇ ਚੌਕੀ ਇੰਚਾਰਜ ਦੀ ਤਰੱਕੀ ਹੋਣ ਕਰਕੇ ਉਨ੍ਹਾਂ ਦੀ ਬਦਲੀ ਹੋ ਗਈ ਹੈ। ਜਲਦੀ ਹੀ ਪੁਲਿਸ ਕੋਟਾਂ ਚੌਕੀ ‘ਚ ਇੰਚਾਰਜ ਲਗਾਇਆ ਜਾਵੇਗਾ। ਮੁਣਸ਼ੀ ਦੀ ਅਸਾਮੀ ਖਾਲੀ ਹੋਣ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਜਿਸ ਬਾਰੇ ਉਹ ਕੁਝ ਨਹੀਂ ਦਸ ਸਕੇ।


