ਬਲਜਿੰਦਰ ਮਾਨ, ਨਾਭਾ
ਨਾਭਾ ਦੇ ਪੁਰਾਤਨ ਕਿਲਾ ਮੁਬਾਰਕ ਦੀ ਸਾਂਭ-ਸੰਭਾਲ ਨੂੰ ਲੈ ਕੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨਾਲ ਵਿਸਥਾਰ ਨਾਲ ਮੁਲਾਕਾਤ ਕੀਤੀ। ਵਿਧਾਇਕ ਦੇਵਮਾਨ ਨੇ ਦੱਸਿਆ ਕਿ ਮੰਤਰੀ ਅਨਮੋਲ ਗਗਨ ਮਾਨ ਬਹੁਤ ਜਲਦ ਨਾਭਾ ਕਿਲ੍ਹੇ ਦਾ ਦੌਰਾ ਕਰਨਗੇ। ਉਨ੍ਹਾਂ ਭਰੋਸਾ ਦਿਵਾਇਆ ਹੈ ਕਿ ਪੰਜਾਬ ਸਰਕਾਰ ਵੱਲੋ ਨਾਭਾ ਕਿਲ੍ਹੇ ਦੀ ਸਾਂਭ-ਸੰਭਾਲ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ ਅਤੇ ਇਸ ਕਿਲ੍ਹੇ ਨੂੰ ਪੁਨਰਸੁਰਜੀਤੀ ਕਰ ਕੇ ਸੈਰ ਸਪਾਟੇ ਦਾ ਕੇਂਦਰ ਬਣਾਇਆ ਜਾਵੇਗਾ। ਵਿਧਾਇਕ ਦੇਵ ਮਾਨ ਨੇ ਦੱਸਿਆ ਕਿ ਪਿਛਲੇ ਦਿਨੀ ਇਸ ਸਬੰਧ ਵਿਚ ਡਿਪਟੀ ਕਮਿਸ਼ਨਰ ਪਟਿਆਲਾ ਨੇ ਨਾਭਾ ਦੇ ਐੱਸਡੀਐੱਮ ਅਤੇ ਹੋਰ ਅਧਿਕਾਰੀਆਂ ਨੇ ਮੀਟਿੰਗ ਕੀਤੀ ਸੀ। ਉਨ੍ਹਾਂ ਦੱਸਿਆ ਕਿ ਕਿ ਮਹਾਰਾਜਾ ਹੀਰਾ ਸਿੰਘ ਤੇ ਮਹਾਰਾਜਾ ਰਿਪੁਦਮਨ ਸਿੰਘ ਨਾਲ ਸਬੰਧਤ ਨਾਭੇ ਦਾ ਕਿਲ੍ਹਾ ਮੁਬਾਰਕ ਇਤਿਹਾਸਕ ਮਹੱਤਤਾ ਰੱਖਦਾ ਹੈ, ਇਸ ਲਈ ਇਸ ਦੀ ਹੋਂਦ ਨੂੰ ਸੰਭਾਲਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਗੰਭੀਰ ਹੈ। ਵਿਧਾਇਕ ਦੇਵਮਾਨ ਨੇ ਦੱਸਿਆ ਕਿ ਇਸ ਸਬੰਧੀ ਜਲਦ ਕੇਂਦਰੀ ਟੂਰਿਜ਼ਮ ਮੰਤਰੀ ਕ੍ਰਿਸ਼ਨ ਰੈਡੀ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ।



