ਸਟਾਫ ਰਿਪੋਰਟਰ, ਖੰਨਾ : ਖੰਨਾ ਪੁਲਿਸ ਨੇ ਨਾਬਾਲਗਾ ਨੂੰ ਵਰਗਲਾ ਕੇ ਲਿਜਾਣ ਵਾਲੇ ਮੁਲਜ਼ਮ ਨੂੰ ਬਿਹਾਰ ਤੋਂ ਗਿ੍ਫਤਾਰ ਕਰ ਲਿਆ ਹੈ। ਐੱਸਐੱਚਓ ਹੇਮੰਤ ਮਲਹੋਤਰਾ ਨੇ ਦੱਸਿਆ ਮੁਲਜ਼ਮ ਸੋਨੂੰ ਕੁਮਾਰ ਵਾਸੀ ਮੁਹੱਲਾ ਗੁਰੂ ਨਾਨਕ ਨਗਰ ਖੰਨਾ ਨਾਬਾਲਗਾ ਨੂੰ ਵਿਆਹ ਦੇ ਬਹਾਨੇ ਆਪਣੇ ਨਾਲ ਲੈ ਗਿਆ ਸੀ। ਪਰਿਵਾਰਕ ਮੈਂਬਰਾਂ ਨੇ ਆਪਣੀ ਲੜਕੀ ਦੀ ਆਲੇ-ਦੁਆਲੇ ਭਾਲ ਕੀਤੀ ਪਰ ਉਹ ਕਿਤੇ ਨਹੀਂ ਮਿਲੀ।

ਐੱਸਐੱਚਓ ਨੇ ਦੱਸਿਆ ਲੜਕੀ ਦੇ ਪਰਿਵਾਰ ਵਾਲਿਆਂ ਨੇ 4 ਨਵੰਬਰ ਨੂੰ ਥਾਣਾ ਸਿਟੀ ਵਿਖੇ ਰਿਪੋਰਟ ਦਰਜ ਕਰਵਾਈ ਸੀ। ਪੁਲਿਸ ਨੇ ਲੜਕੀ ਤੇ ਮੁਲਜ਼ਮ ਦੀ ਭਾਲ ਲਈ ਸਾਈਬਰ ਸੈੱਲ ਦੀ ਮਦਦ ਨਾਲ ਮੁਲਜ਼ਮ ਲੜਕੇ ਨੂੰ ਬਿਹਾਰ ਤੋਂ ਮੋਬਾਈਲ ਲੋਕੇਸ਼ਨ ਰਾਹੀਂ ਗਿ੍ਫ਼ਤਾਰ ਕਰ ਲਿਆ। ਪੁਲਿਸ ਨੇ ਲੜਕੀ ਨੂੰ ਉਸ ਦੇ ਮਾਪਿਆਂ ਹਵਾਲੇ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਮੁਲਜ਼ਮ ਖ਼ਿਲਾਫ਼ ਪਹਿਲਾਂ ਹੀ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਗਰੋਂ ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ‘ਤੇ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।