ਸਤਵਿੰਦਰ ਸ਼ਰਮਾ, ਲੁਧਿਆਣਾ : ਗ਼ੈਰ-ਕਾਨੂੰਨੀ ਉਸਾਰੀਆਂ ਵਿਰੁੱਧ ਵੱਡੀ ਮੁਹਿੰਮ ਚਲਾਉਂਦੇ ਹੋਏ ਨਗਰ ਨਿਗਮ ਨੇ ਬੁੱਧਵਾਰ ਨੂੰ ਜ਼ੋਨ ਏ ਤੇ ਬੀ ਅਧੀਨ ਆਉਂਦੇ ਇਲਾਕਿਆਂ ‘ਚ 22 ਗੈਰ-ਕਾਨੂੰਨੀ ਇਮਾਰਤਾਂ/ਉਸਾਰੀਆਂ ਵਿਰੁੱਧ ਕਾਰਵਾਈ ਕੀਤੀ। ਇਨ੍ਹਾਂ ਗੈਰ-ਕਾਨੂੰਨੀ ਇਮਾਰਤਾਂ ‘ਚ ਦੁਕਾਨਾਂ, ਲੇਬਰ ਕੁਆਟਰ, ਕਾਲੋਨੀ ਅਤੇ ਇਕ ਉਦਯੋਗਿਕ ਇਕਾਈ ਸ਼ਾਮਿਲ ਸੀ। ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਕੰਮ ਕਰਦੇ ਹੋਏ ਸਹਾਇਕ ਟਾਊਨ ਪਲਾਨਰ ਹਰਵਿੰਦਰ ਸਿੰਘ ਹਨੀ ਤੇ ਬਿਲਡਿੰਗ ਇੰਸਪੈਕਟਰਾਂ ਰਣਧੀਰ ਰਾਣਾ, ਹਰਵਿੰਦਰ ਸਿੰਘ ਤੇ ਹਰਮਿੰਦਰ ਮੱਕੜ ਨੇ ਆਪੋ-ਆਪਣੇ ਇਲਾਕਿਆਂ ‘ਚ ਨਾਜਾਇਜ਼ ਉਸਾਰੀਆਂ ਵਿਰੁੱਧ ਮੁਹਿੰਮ ਦੀ ਅਗਵਾਈ ਕੀਤੀ। ਏਟੀਪੀ ਹਰਵਿੰਦਰ ਸਿੰਘ ਹਨੀ ਨੇ ਦੱਸਿਆ ਕਿ ਨਗਰ ਨਿਗਮ ਦੇ ਜ਼ੋਨ ਏ ਅਧੀਨ ਆਉਂਦੀ ਕਾਕੋਵਾਲ ਰੋਡ ‘ਤੇ 10 ਨਾਜਾਇਜ਼ ਦੁਕਾਨਾਂ ਨੂੰ ਢਾਹਿਆ ਗਿਆ। ਪਿੱਪਲ ਚੌਕ ਤੋਂ ਗੋਬਿੰਦਗੜ੍ਹ ਰੋਡ (ਢੰਡਾਰੀ) ਜੋ ਕਿ ਨਗਰ ਨਿਗਮ ਦੇ ਜ਼ੋਨ ਬੀ ਅਧੀਨ ਆਉਂਦੀ ਹੈ, ‘ਤੇ ਪੰਜ ਦੁਕਾਨਾਂ ਢਾਹ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਇਸ ਇਲਾਕੇ ‘ਚ ਬਣ ਰਹੀ ਇੱਕ ਨਾਜਾਇਜ਼ ਕਲੋਨੀ ਨੂੰ ਵੀ ਢਾਹ ਦਿੱਤਾ ਗਿਆ। ਨਗਰ ਨਿਗਮ ਦੇ ਜ਼ੋਨ ਬੀ ਅਧੀਨ ਆਉਂਦੇ ਢੰਡਾਰੀ ਖੁਰਦ ਤੇ ਮੁੰਡੀਆਂ ਖੁਰਦ ਇਲਾਕੇ ਵਿੱਚ ਚਾਰ ਨਾਜਾਇਜ਼ ਲੇਬਰ ਕੁਆਰਟਰ ਵੀ ਸੀਲ ਕੀਤੇ ਗਏ। ਗੋਬਿੰਦਗੜ੍ਹ ਰੋਡ ‘ਤੇ ਲੇਬਰ ਕੁਆਟਰਾਂ ਵਾਲੀ ਉਸਾਰੀ ਅਧੀਨ ਇਮਾਰਤ ਨੂੰ ਵੀ ਢਾਹ ਦਿੱਤਾ ਗਿਆ। ਜੇਕਰ ਮਾਲਕਾਂ ਨੇ ਆਉਣ ਵਾਲੇ ਕੁਝ ਦਿਨਾਂ ਵਿੱਚ ਉਲੰਘਣਾਵਾਂ ਨੂੰ ਦੂਰ ਨਾ ਕੀਤਾ ਤਾਂ ਬੁੱਧਵਾਰ ਨੂੰ ਸੀਲ ਕੀਤੇ ਗਏ ਚਾਰ ਲੇਬਰ ਕੁਆਰਟਰਾਂ ਵਿਰੁੱਧ ਵੀ ਢਾਹੁਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।

ਏਟੀਪੀ ਹਨੀ ਨੇ ਦੱਸਿਆ ਕਿ ਢੰਡਾਰੀ ਇਲਾਕੇ ਵਿੱਚ ਪਿੱਪਲ ਚੌਕ ਨੇੜੇ ਸਨਅਤੀ ਯੂਨਿਟ ਦੇ ਇੱਕ ਗੈਰ-ਕਾਨੂੰਨੀ ਹਿੱਸੇ (ਫਰੰਟਲਾਈਨ ਏਰੀਆ) ਨੂੰ ਵੀ ਢਾਹ ਦਿੱਤਾ ਗਿਆ ਸੀ। ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਗੈਰ-ਕਾਨੂੰਨੀ ਉਸਾਰੀਆਂ ਖਿਲਾਫ਼ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਬਿਲਡਿੰਗ ਬ੍ਾਂਚ ਦੇ ਅਧਿਕਾਰੀਆਂ ਨੂੰ ਗੈਰ-ਕਾਨੂੰਨੀ ਗਤੀਵਿਧੀਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਵਸਨੀਕਾਂ ਨੂੰ ਇਮਾਰਤੀ ਨਿਯਮਾਂ ਅਨੁਸਾਰ ਇਮਾਰਤਾਂ ਦੀ ਉਸਾਰੀ ਕਰਨੀ ਚਾਹੀਦੀ ਹੈ। ਉਨਾਂ੍ਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਉਸਾਰੀ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਨਗਰ ਨਿਗਮ ਵੱਲੋਂ ਬਿਲਡਿੰਗ ਪਲਾਨ ਮਨਜ਼ੂਰ ਕਰਵਾ ਲੈਣ, ਨਹੀਂ ਤਾਂ ਉਨਾਂ੍ਹ ਖ਼ਲਿਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।