ਕੁਲਵਿੰਦਰ ਸਿੰਘ ਵਿਰਦੀ, ਸਿੱਧਵਾਂ ਬੇਟ : ਬੇਟ ਇਲਾਕੇ ਵਿੱਚ ਹੋ ਰਹੀਆਂ ਚੋਰੀਆਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ। ਬੀਤੀ ਰਾਤ ਵੀ ਚੋਰਾਂ ਵੱਲੋਂ ਪਿੰਡ ਮਲਸੀਹਾਂ ਬਾਜਣ ਦੇ ਸਿੱਧਵਾਂ ਬੇਟ-ਕਿਸ਼ਨਪੁਰਾ ਮਾਰਗ ‘ਤੇ ਸਥਿਤ ਬਸਤੀ ਖੋਲਿਆਂ ਵਾਲਾ ਪੁਲ਼ ਵਿਖੇ ਸੁਖਰਾਜ ਕੁਲੈਕਸ਼ਨ ਦੀ ਦੁਕਾਨ ਦਾ ਸ਼ਟਰ ਤੋੜ ਕੇ ਕਰੀਬ 20 ਹਜ਼ਾਰ ਦੀ ਨਕਦੀ ਤੇ ਢਾਈ ਲੱਖ ਦਾ ਹੋਰ ਸਾਮਾਨ ਚੋਰੀ ਕਰਕੇ ਲੈ ਗਏ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਸੁਖਵਿੰਦਰ ਸਿੰਘ ਨੇ ਦੱਸਿਆ ਅਜੇ ਬੀਤੇ ਦਿਨ ਹੀ ਨਵਾਂ ਸਾਮਾਨ ਲੈ ਕੇ ਦੁਕਾਨ ‘ਚ ਪਾਇਆ ਸੀ। ਚੋਰਾਂ ਵੱਲੋਂ ਪਹਿਲਾਂ ਦੁਕਾਨ ਦਾ ਸ਼ਟਰ ਦੇ ਕੁੰਡੇ ਤੋੜੇ ਫਿਰ ਸ਼ੀਸ਼ੇ ਵਾਲਾ ਗੇਟ ਧੱਕ ਕੇ ਦੁਕਾਨ ਅੰਦਰ ਦਾਖਲ ਹੋ ਗਏ। ਚੋਰਾਂ ਵੱਲੋਂ ਦੁਕਾਨ ‘ਚ ਪਈ 20 ਹਜ਼ਾਰ ਦੀ ਨਕਦੀ, 9 ਕੀ ਪੈਡ, 5 ਟੱਚ ਫੋਨ, ਜੀਨ ਦੀਆਂ ਪੈਂਟਾਂ ਦੇ 60 ਪੀਸ, ਕਰੀਬ 100 ਸ਼ਰਟਾਂ, ਬੂਟਾਂ ਦੇ 50 ਜੋੜੇ ਤੇ ਗਾਹਕਾਂ ਦੇ ਰਿਪੇਅਰ ਲਈ ਆਏ ਫੋਨ ਚੋਰੀ ਕਰ ਕਰਕੇ ਫਰਾਰ ਹੋ ਗਏ।
ਉਨ੍ਹਾਂ ਦੱਸਿਆ ਚੋਰ ਬੂਟਾਂ ਦੇ ਡੱਬੇ ਦੁਕਾਨ ਦੇ ਸਾਹਮਣੇ ਬੱਸ ਅੱਡੇ ਦੇ ਪਿਛਲੇ ਪਾਸੇ ਸਥਿਤ ਖੇਤਾਂ ‘ਚ ਲੈ ਗਏ ਤੇ ਡੱਬਿਆਂ ‘ਚੋਂ ਬੂਟ ਕੱਢ ਕੇ ਡੱਬਿਆਂ ਨੂੰ ਉੱਥੇ ਸੁੱਟ ਦਿੱਤਾ। ਇਸ ਸਬੰਧੀ ਚੌਂਕੀ ਗਿੱਦੜਵਿੰਡੀ ਵਿਖੇ ਇਤਲਾਹ ਦਿੱਤੀ ਗਈ ਹੈ। ਪਤਾ ਲੱਗਣ ‘ਤੇ ਚੌਂਕੀ ਇੰਚਾਰਜ਼ ਗੁਲਾਬ ਸਿੰਘ ਨੇ ਮੌਕੇ ‘ਤੇ ਆ ਕੇ ਚੋਰੀ ਸਬੰਧੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।


