Ad-Time-For-Vacation.png

ਜੇ ਬਰਤਾਨੀਆ, ਸਿੱਖਾਂ ਦੀਆਂ ਉਸ ਦੇਸ਼ ਲਈ ਕੁਰਬਾਨੀਆਂ ਨੂੰ ਸੰਭਾਲਣ ਦੀ ਸੋਚ ਸਕਦਾ ਹੈ ਤਾਂ ਭਾਰਤ ਕਿਉਂ ਨਹੀਂ?

ਜਦੋਂ ਵੀ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਦੀ ਚਰਚਾ ਚਲਦੀ ਹੈ, ਸਿੱਖਾਂ ਦੇ ਯੋਗਦਾਨ ਦੀ ਸ਼ਲਾਘਾ ਬਿਨਾਂ ਮੁਕੰਮਲ ਨਹੀਂ ਹੁੰਦੀ।ਆਬਾਦੀ ਘੱਟ ਹੋਣ ਦੇ ਬਾਵਜੂਦ ਸਿੱਖਾਂ ਨੇ ਪੂਰੇ ਜਜ਼ਬੇ ਨਾਲ ਭਾਰਤ ਦੀ ਆਜ਼ਾਦੀ ਦੇ ਸੰਗਰਾਮ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਜਾਨਾਂ ਕੁਰਬਾਨ ਕਰਨ ਤੋਂ ਵੀ ਪਿੱਛੇ ਨਾ ਹਟੇ। ਆਜ਼ਾਦੀ ਤੋਂ ਬਾਅਦ ਵੀ ਦੇਸ਼ ਦੀ ਰਾਖੀ ਲਈ ਸਿੱਖ ਅਗਾਂਹ ਵੱਧ ਕੇ ਬਹਾਦਰੀ ਵਿਖਾਉਂਦੇ ਆਏ ਹਨ। ਦੇਸ਼ ਲਈ ਖੜੇ ਹੋਣਾ ਹਰ ਨਾਗਰਿਕ ਦਾ ਫ਼ਰਜ਼ ਬਣਦਾ ਹੈ ਪਰ ਨਿਰਾ ਫ਼ਰਜ਼ ਹੀ ਕਾਫ਼ੀ ਨਹੀਂ ਹੁੰਦਾ। ਦੇਸ਼ ਦੀਆਂ ਪ੍ਰਾਪਤੀਆਂ ਲਈ ਜ਼ਿਆਦਾ ਲੋੜ ਜਜ਼ਬੇ ਦੀ ਹੁੰਦੀ ਹੈ। ਇਸ ਮਾਮਲੇ ਵਿਚ ਸਿੱਖਾਂ ਦਾ ਨਾ ਕੋਈ ਸਾਨੀ ਸੀ, ਨਾ ਹੈ ਅਤੇ ਨਾ ਹੋ ਸਕਦਾ ਹੈ। ਦਸਮ ਪਿਤਾ ਨੇ ਨੌਵੇਂ ਗੁਰੂ ਸਾਹਿਬਾਨ ਦੁਆਰਾ ਤਿਆਰ ਕੀਤੀ ਪੱਕੇ ਅਸੂਲਾਂ ਅਤੇ ਸਮਰਪਣ ਦੀ ਨੀਂਹ, ਆਤਮ ਬਲ ਅਤੇ ਆਤਮ ਸੰਜਮ ਦੀਆਂ ਉਚਾਈਆਂ ਚੁੱਕ ਕੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ। ਸਿੱਖਾਂ ਨੂੰ ਸੱਚ ਦੀ ਪਛਾਣ ਕਰਨ ਅਤੇ ਉਸ ਤੇ ਡੱਟ ਕੇ ਪਹਿਰਾ ਦੇਣ ਦੀ ਸਮਰੱਥਾ ਗੁਰੂ ਬਖ਼ਸ਼ੀ ਦਾਤ ਹੈ। ਇਸ ਸਮਰੱਥਾ ਕਾਰਨ ਸਿੱਖਾਂ ਨੇ ਸਦਾ ਹੀ ਅਦੁੱਤੀ ਇਤਿਹਾਸ ਰਚਿਆ ਹੈ। ਇਸ ਕਾਰਨ ਹੀ ਸਿੱਖਾਂ ਦੀ ਵਖਰੀ ਅਤੇ ਗੌਰਵਸ਼ਾਲੀ ਮੌਜੂਦਗੀ ਅੱਜ ਪੂਰੇ ਸੰਸਾਰ ਅੰਦਰ ਮਹਿਸੂਸ ਕੀਤੀ ਜਾ ਰਹੀ ਹੈ। ਸਿੱਖਾਂ ਨੇ ਵਿਸ਼ਵ ਪੱਧਰ ਉਤੇ ਹਰ ਖੇਤਰ ਵਿਚ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਜਿਸ ਵੀ ਦੇਸ਼ ਵਿਚ ਉਹ ਵਸ ਰਹੇ ਹਨ, ਉਥੋਂ ਦੀ ਤਰੱਕੀ ਵਿਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਸਿੱਖ ਧਰਮ ਭਾਰਤ ਦੀ ਧਰਤੀ ਤੇ ਜੰਮਿਆ ਅਤੇ ਪ੍ਰਫੁੱਲਤ ਹੋਇਆ। ਸਿੱਖਾਂ ਦੀ ਬਹੁਗਿਣਤੀ ਇਥੇ ਹੀ ਵਸਦੀ ਹੈ। ਇਹ ਭਾਰਤ ਲਈ ਵੱਡੇ ਮਾਣ ਦੀ ਗੱਲ ਹੈ। ਪਰ ਜਦੋਂ ਘਟਨਾਵਾਂ ਇਤਿਹਾਸ ਬਣਾਉਂਦੀਆਂ ਹਨ ਤਾਂ ਉਨ੍ਹਾਂ ਦੀ ਸੁਚੱਜੀ ਸੰਭਾਲ ਜ਼ਰੂਰੀ ਹੋ ਜਾਂਦੀ ਹੈ। ਆਉਣ ਵਾਲੀਆਂ ਪੀੜ੍ਹੀਆਂ ਦੀ ਪ੍ਰੇਰਨਾ ਲਈ ਵੀ ਇਹ ਜ਼ਰੂਰੀ ਹੁੰਦਾ ਹੈ। ਸਿੱਖਾਂ ਦੀਆਂ ਦੇਸ਼ ਲਈ ਦਿਤੀਆਂ ਕੁਰਬਾਨੀਆਂ ਭਵਿੱਖ ਲਈ ਪ੍ਰੇਰਨਾ ਬਣਨ, ਇਹ ਦੇਸ਼ ਦਾ ਫ਼ਰਜ਼ ਹੈ।ਬਰਤਾਨੀਆ ਸਰਕਾਰ ਨੇ ਪਿੱਛੇ ਜਿਹੇ ਲੰਦਨ ਵਿਚ ‘ਸਿੱਖ ਵਾਰ ਮੈਮੋਰੀਅਲ’ ਬਣਾਉਣ ਦਾ ਫ਼ੈਸਲਾ ਕੀਤਾ ਹੈ। ਇਹ ਯਾਦਗਾਰ ਉਨ੍ਹਾਂ ਸਿੱਖ ਸੈਨਿਕਾਂ ਦੀ ਯਾਦ ਵਿਚ ਬਣਾਈ ਜਾਵੇਗੀ ਜੋ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਵਿਚ ਬਰਤਾਨੀਆ ਅਤੇ ਸਾਥੀ ਦੇਸ਼ਾਂ ਲਈ ਲੜੇ ਅਤੇ ਜਾਨਾਂ ਕੁਰਬਾਨ ਕੀਤੀਆਂ। ਬਰਤਾਨੀਆ ਸਰਕਾਰ ਨੇ ਮੰਨਿਆ ਕਿ ਹਜ਼ਾਰਾਂ ਮੀਲ ਚੱਲ ਕੇ ਇਥੇ ਆਉਣਾ ਅਤੇ ਉਸ ਦੇਸ਼ ਲਈ ਪੂਰੀ ਬਹਾਦਰੀ ਨਾਲ ਲੜਨਾ, ਜੋ ਉਨ੍ਹਾਂ ਦਾ ਨਹੀਂ ਸੀ, ਬੜੀ ਵੱਡੀ ਗੱਲ ਹੈ। ਸਰਕਾਰ ਨੇ ਬਾਕਾਇਦਾ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਸਿੱਖਾਂ ਦੀ ਇਸ ਮਹਾਨ ਬਹਾਦਰੀ ਅਤੇ ਕੁਰਬਾਨੀ ਲਈ ਬਰਤਾਨੀਆ ਉਨ੍ਹਾਂ ਦਾ ਰਿਣੀ ਹੈ। ਅੰਕੜਿਆਂ ਅਨੁਸਾਰ 83 ਹਜ਼ਾਰ ਤੋਂ ਵੀ ਜ਼ਿਆਦਾ ਦਸਤਾਰਧਾਰੀ ਸਿੱਖ ਸੈਨਿਕਾਂ ਨੇ ਦੋਹਾਂ ਵਿਸ਼ਵ ਯੁੱਧਾਂ ਵਿਚ ਜਾਨਾਂ ਵਾਰੀਆਂ ਅਤੇ ਇਕ ਲੱਖ ਤੋਂ ਵੀ ਜ਼ਿਆਦਾ ਫੱਟੜ ਹੋਏ ਸਨ। ਦਰਅਸਲ ਲੰਦਨ ਵਿਚ ਸਿੱਖ ਵਾਰ ਮੈਮੋਰੀਅਲ ਬਣਾਉਣ ਦੀ ਮੰਗ ਬਰਤਾਨੀਆ ਹੀ ਨਹੀਂ ਪੂਰੇ ਯੂਰੋਪ ਵਿਚ ਚੁਣੇ ਗਏ ਪਹਿਲੇ ਸਾਬਤ ਸੂਰਤ ਸਿੱਖ ਸੰਸਦ ਮੈਂਬਰ ਸ. ਤਨਮਨਜੀਤ ਸਿੰਘ ਢੇਸੀ ਨੇ ਚੁੱਕੀ ਸੀ। ਬੜੇ ਹੀ ਮਿਲਣਸਾਰ ਅਤੇ ਸੱਜਣ ਸੁਭਾਅ ਸ. ਤਨਮਨਜੀਤ ਸਿੰਘ ਢੇਸੀ ਲਗਨ ਦੇ ਪੱਕੇ ਅਤੇ ਬਰਤਾਨੀਆ ਦੇ ਸੂਝਵਾਨ ਸਿਆਸਤਦਾਨ ਵਜੋਂ ਪ੍ਰਸਿੱਧ ਹਨ। ਉਨ੍ਹਾਂ ਬੜੇ ਹੀ ਦਾਨਾਈ ਢੰਗ ਨਾਲ ਇਸ ਮੰਤਵ ਲਈ ਲੰਮੀ ਮੁਹਿੰਮ ਚਲਾਈ ਅਤੇ ਅਪਣੀ ਮੰਗ ਪੂਰੀ ਕਰਾਉਣ ਵਿਚ ਸਫ਼ਲਤਾ ਪ੍ਰਾਪਤ ਕੀਤੀ। ਬੇਸ਼ੱਕ ਸਿੱਖ ਸੈਨਿਕਾਂ ਦੀਆਂ ਕੁਰਬਾਨੀਆਂ ਇਤਿਹਾਸ ਦੇ ਪੰਨਿਆਂ ਵਿਚ ਦਰਜ ਹਨ ਪਰ ਲੰਦਨ ਵਿਚ ‘ਸਿੱਖ ਵਾਰ ਮੈਮੋਰੀਅਲ’ ਦੀ ਉਸਾਰੀ ਨਾਲ ਪੂਰਾ ਬਰਤਾਨੀਆ ਅਪਣੀਆਂ ਭਾਵਨਾਵਾਂ ਦਾ ਪ੍ਰਤੱਖ ਅਤੇ ਸਦੀਵੀਂ ਪ੍ਰਗਟਾਵਾ ਕਰ ਸਕੇਗਾ। ਇਤਿਹਾਸ ਨਾਲ ਦੇਸ਼ ਦੀਆਂ ਭਾਵਨਾਵਾਂ ਦਾ ਜੁੜਨਾ ਜ਼ਿਆਦਾ ਅਰਥ ਰਖਦਾ ਹੈ। ਬਰਤਾਨੀਆ ਸਰਕਾਰ ਨੂੰ ‘ਸਿੱਖ ਵਾਰ ਮੈਮੋਰੀਅਲ’ ਲਈ ਰਾਜ਼ੀ ਕਰਨਾ ਕੋਈ ਸੌਖਾ ਕੰਮ ਨਹੀਂ ਸੀ। ਇਸ ਲਈ ਸ. ਤਨਮਨਜੀਤ ਸਿੰਘ ਢੇਸੀ ਨੇ ਪੂਰੇ ਸਮਰਪਣ ਅਤੇ ਈਮਾਨਦਾਰੀ ਨਾਲ ਮੁਹਿੰਮ ਚਲਾਈ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਨਾਲ ਜੋੜਿਆ। ਕੋਈ ਮੁਹਿੰਮ ਜਦੋਂ ਵਿਅਕਤੀਗਤ ਨਾ ਹੋ ਕੇ ਕੌਮੀ ਮੁਹਿੰਮ ਬਣਦੀ ਹੈ, ਪ੍ਰਾਪਤੀਆਂ ਤਾਂ ਹੀ ਹੁੰਦੀਆਂ ਹਨ। ਸਾਡੇ ਦੇਸ਼ ਵਿਚ ਲੋਕਾਂ ਦੇ ਚਿਹਰੇ ਪ੍ਰਮੁੱਖ ਹੋ ਜਾਂਦੇ ਹਨ ਅਤੇ ਮੰਗਾਂ ਪਿੱਛੇ ਖਿਸਕ ਜਾਂਦੀਆਂ ਹਨ। ਸਫ਼ਲਤਾ ਲਈ ਸਿਆਸੀ ਲੋਕਾਂ ਨੂੰ ਇਸ ਮੁਹਿੰਮ ਨੂੰ ਕੇਸ ਸਟੱਡੀ ਵਾਂਗ ਲੈਣਾ ਚਾਹੀਦਾ ਹੈ।ਜੇ ਬਰਤਾਨੀਆ ਸਰਕਾਰ ਸਿੱਖਾਂ ਦੀਆਂ ਕੁਰਬਾਨੀਆਂ ਦਾ ਇਸ ਤਰ੍ਹਾਂ ਸਨਮਾਨ ਕਰ ਸਕਦੀ ਹੈ ਤਾਂ ਅਪਣੇ ਦੇਸ਼ ਵਿਚ ਕਿਉਂ ਨਹੀਂ? ਭਾਰਤ ਦੀ ਆਜ਼ਾਦੀ ਲਈ ਫਾਂਸੀ ਚੜ੍ਹਨ ਵਾਲਿਆਂ, ਕਾਲਾ ਪਾਣੀ ਦੀ ਸਜ਼ਾ ਕੱਟਣ ਵਾਲਿਆਂ ਦੀ ਕਤਾਰ ਵਿਚ ਸਿੱਖ ਹੀ ਸਿੱਖ ਨਜ਼ਰ ਆਏ। ਅੰਗਰੇਜ਼ਾਂ ਦੀਆਂ ਗੋਲੀਆਂ ਸਹਾਰਨ ਲਈ ਸਿੱਖ ਸਦਾ ਹੀ ਤਿਆਰ ਬਰ ਤਿਆਰ ਰਹੇ। ਸਿੱਖਾਂ ਨੇ ਸ਼ਾਂਤੀਪੂਰਨ ਮੋਰਚਿਆਂ ਨਾਲ ਵੀ ਅੰਗਰੇਜ਼ ਸਰਕਾਰ ਨੂੰ ਹਿਲਾ ਕੇ ਰੱਖ ਦਿਤਾ। ਸਰਕਾਰ ਸਿੱਖਾਂ ਨੂੰ ਗ੍ਰਿਫ਼ਤਾਰ ਕਰਦਿਆਂ ਕਰਦਿਆਂ ਥੱਕ ਗਈ ਪਰ ਸਿੱਖਾਂ ਦੇ ਸ਼ਹੀਦੀ ਜਥੇ ਆਉਣੇ ਬੰਦ ਨਹੀਂ ਹੋਏ। ਸਿੱਖਾਂ ਉਤੇ ਜਿੰਨੇ ਵੀ ਜ਼ੁਲਮ ਹੋਏ ਉਨ੍ਹਾਂ ਨੇ ਸ਼ਾਂਤ ਰਹਿ ਕੇ ਬਰਦਾਸ਼ਤ ਕੀਤੇ ਪਰ ਅਪਣੀ ਮੰਗ ਤੇ ਅੜੇ ਰਹੇ। ਜੈਤੋ ਦੇ ਸ਼ਾਂਤਮਈ ਅਤੇ ਲੰਮੇ ਮੋਰਚੇ ਨੇ ਨਹਿਰੂ ਵਰਗੇ ਕਾਂਗਰਸ ਦੇ ਉੱਘੇ ਲੀਡਰਾਂ ਨੂੰ ਜੈਤੋ ਆਉਣ ਲਈ ਮਜਬੂਰ ਕਰ ਦਿਤਾ ਸੀ। ਆਜ਼ਾਦ ਹਿੰਦ ਫ਼ੌਜ ਦੀਆਂ ਕੁਰਬਾਨੀਆਂ ਵਿਚ ਵੀ 60 ਫ਼ੀ ਸਦੀ ਤੋਂ ਜ਼ਿਆਦਾ ਹਿੱਸਾ ਸਿੱਖਾਂ ਦਾ ਸੀ। ਸਿੱਖੀ ਸ਼ਾਨ ਭਾਵੇਂ ਕਿਸੇ ਤਾਰੀਫ਼ ਦੀ ਮੁਥਾਜ ਨਹੀਂ ਪਰ ਇਸ ਦੀ ਸ਼ਾਨ ਅਤੇ ਵਿਰਸੇ ਦੀ ਸੰਭਾਲ ਤਾਂ ਹੋਣੀ ਹੀ ਚਾਹੀਦੀ ਹੈ। ਇਹ ਦੇਸ਼ ਅਤੇ ਮਨੁੱਖਤਾ ਲਈ ਚਾਨਣ-ਮੁਨਾਰਾ ਹੈ।ਲੰਦਨ ਦੀ ਤਰ੍ਹਾਂ ਹੀ ਦਿੱਲੀ ਵਿਚ ਇਕ ਯਾਦਗਾਰ ਬਣਾਈ ਜਾਣੀ ਚਾਹੀਦੀ ਹੈ ਜੋ ਸਿੱਖਾਂ ਦੀਆਂ ਦੇਸ਼ ਦੀ ਆਜ਼ਾਦੀ ਲਈ ਦਿਤੀਆਂ ਅਭੁੱਲ ਕੁਰਬਾਨੀਆਂ ਨੂੰ ਸਮਰਪਤ ਹੋਵੇ। ਜੋ ਸਿੱਖ ਫ਼ਾਂਸੀ ਤੇ ਚੜ੍ਹੇ, ਅੰਡੇਮਾਨ ਦੀ ਜੇਲ ਵਿਚ ਕੈਦ ਕੀਤੇ ਗਏ, ਸਾਰਾਗੜ੍ਹੀ ਦੇ ਸ਼ਹੀਦ, ਬਜ-ਬਜ ਘਾਟ ਦੇ ਸ਼ਹੀਦ, ਕਾਮਾਗਾਟਾਮਾਰੂ, ਜੈਤੋ ਮੋਰਚੇ ਦੇ ਸ਼ਹੀਦ ਅਤੇ ਹੋਰ ਅਕਾਲੀ ਮੋਰਚਿਆਂ ਦੇ ਸ਼ਹੀਦ ਸਿੱਖ, ਦੇਸ਼ ਅੰਦਰ ਆਜ਼ਾਦੀ ਦੀ ਰੌਸ਼ਨੀ ਲਿਆਉਣ ਵਾਲੇ ਮੁੱਖ ਯੋਧੇ ਸਨ। ਇਹ ਸਾਰੀਆਂ ਸ਼ਹੀਦੀਆਂ ਗੁਰੂ ਸਾਹਿਬਾਨ ਵਲੋਂ ਸਿੱਖਾਂ ਨੂੰ ਬਖ਼ਸ਼ੀ ਸੋਚ ਅਤੇ ਆਤਮਕ ਸ਼ਕਤੀ ਦਾ ਨਤੀਜਾ ਸਨ। ਇਹ ਨਿਰੀ ਸਿੱਖੀ ਸੋਚ ਅਤੇ ਸਮਰੱਥਾ ਨਹੀਂ ਮਨੁੱਖਤਾ ਦੀ ਆਦਰਸ਼ ਸੋਚ ਅਤੇ ਸਮਰੱਥਾ ਹੈ। ਦਿੱਲੀ ਅੰਦਰ ਸਿੱਖ ਤਿਆਗ ਤੇ ਬਲੀਦਾਨ ਯਾਦਗਾਰ ਦਾ ਬਣਨਾ ਪੂਰੇ ਵਿਸ਼ਵ ਨੂੰ ਸੰਦੇਸ਼ ਹੋਵੇਗਾ ਕਿ ਭਾਰਤ ਸੱਚ ਅਤੇ ਸੰਜਮ ਉਤੇ ਪਹਿਰਾ ਦੇਣ ਵਾਲਾ ਦੇਸ਼ ਹੈ। ਅੱਜ ਤਕ ਸਰਕਾਰ ਅਤੇ ਸਿਆਸਤ ਦੇ ਸਿਖਰ ਉਤੇ ਬੈਠੇ ਲੋਕ ਵੱਖ ਵੱਖ ਮੌਕਿਆਂ ਉਤੇ ਮੰਚਾਂ ਤੋਂ ਸਿੱਖਾਂ ਦੀ ਤਾਰੀਫ਼ ਕਰਦੇ ਆਏ ਹਨ। ਆਜ਼ਾਦੀ ਸਮੇਂ ਸਿੱਖਾਂ ਨੂੰ ਜੋ ਭਰੋਸੇ ਦਿਤੇ ਗਏ ਉਹ ਪੂਰੇ ਨਹੀਂ ਹੋਏ। ਸਿੱਖਾਂ ਨੂੰ ਅਪਣੇ ਹੀ ਦੇਸ਼ ਵਿਚ ਆਪ੍ਰੇਸ਼ਨ ਬਲੂ ਸਟਾਰ ਅਤੇ ਨਵੰਬਰ ਚੁਰਾਸੀ ਵਰਗੇ ਨਸਲ ਨਾਸ਼ਕ ਹਮਲੇ ਝਲਣੇ ਪਏ। ਸਿੱਖਾਂ ਨੂੰ ਸਾਬਤ ਕਰਨ ਲਈ ਮਿਹਨਤ ਕਰਨੀ ਪਈ ਕਿ ਉਹ ਦੇਸ਼ਭਗਤ ਹਨ। ਇਹ ਇਤਿਹਾਸ ਪਲਟਣ ਦੀ ਸਾਜ਼ਸ਼ ਸੀ। ਸਿੱਖ ਬਾਮੁਸ਼ਕਲ ਉਨ੍ਹਾਂ ਹਾਲਾਤ ਤੋਂ ਬਾਹਰ ਨਿਕਲੇ ਹਨ।ਭਾਰਤ ਅੰਦਰ ਵੀ ਸਿੱਖਾਂ ਦੀ ਮਹਾਨ ਧਾਰਮਕ, ਸਮਾਜਕ ਅਤੇ ਸਭਿਆਚਾਰਕ ਵਿਰਾਸਤ ਬਾਰੇ ਲੋਕਾਂ ਨੂੰ ਜ਼ਿਆਦਾ ਜਾਣਕਾਰੀ ਨਹੀਂ ਹੈ। ਬਹੁਤ ਸਾਰੇ ਲੋਕਾਂ ਨੂੰ ਹਾਲ ਵਿਚ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਬਾਰੇ ਜਾਣਕਾਰੀ ਹੋਈ ਜਦੋਂ ਲੋਕ ਸਭਾ ਵਿਚ ਇਸ ਬਾਰੇ ਅਕਾਲੀ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਮਤਾ ਰਖਿਆ। ਭਾਰਤ ਬਹੁਤ ਹੀ ਵਿਸ਼ਾਲ ਦੇਸ਼ ਹੈ ਜਿਸ ਵਿਚ ਵੱਖ ਵੱਖ ਧਰਮ, ਭਾਸ਼ਾਵਾਂ, ਬੋਲੀਆਂ, ਸਭਿਆਚਾਰ ਦੇ ਲੋਕ ਰਹਿੰਦੇ ਹਨ ਪਰ ਦੇਸ਼ ਲਈ ਪ੍ਰੇਮ ਅਤੇ ਸਤਿਕਾਰ ਸਾਰੀਆਂ ਅੰਦਰ ਇਕੋ ਜਿਹਾ ਹੈ। ਇਸ ਪ੍ਰੇਮ ਭਾਵਨਾ ਨੂੰ ਮਜ਼ਬੂਤ ਕਰਨ ਲਈ ਲੋੜ ਹੈ ਸਾਂਝੇ ਇਤਿਹਾਸ ਤੋਂ ਜਾਣੂ ਹੋਣ ਦੀ। ਇਨ੍ਹਾਂ ਪੰਕਤੀਆਂ ਦੇ ਲੇਖਕ ਨੂੰ ਕੁੱਝ ਚਿਰ ਪਹਿਲਾਂ ਰਾਮੇਸ਼ਵਰਮ ਜਾਣ ਦਾ ਮੌਕਾ ਮਿਲਿਆ। ਮਨ ਅੰਦਰ ਜਿਗਿਆਸਾ ਸੀ ਕਿ ਉਸ ਅਸਥਾਨ ਦੇ ਦਰਸ਼ਨ ਕਰਨ ਹੋਣ ਜਿਥੇ ਬਾਬੇ ਨਾਨਕ ਭਾਈ ਮਰਦਾਨਾ ਨਾਲ ਠਹਿਰੇ ਸਨ। ਇਸ ਜਗ੍ਹਾ ਗੁਰਦਵਾਰਾ ਬਣਿਆ ਹੋਇਆ ਹੈ। ਰਾਮੇਸ਼ਵਰਮ ਵਿਚ ਹੋਟਲ ਵਾਲਿਆਂ, ਟੈਕਸੀ ਡਰਾਈਵਰ ਨੂੰ, ਕਈ ਲੋਕਾਂ ਨੂੰ ਗੁਰੂ ਸਾਹਿਬ ਦੇ ਅਸਥਾਨ ਬਾਰੇ ਪੁਛਿਆ ਪਰ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ। ਬਸ ਰਾਹ ਚਲਦੀਆਂ ਹੀ ਨਿਸ਼ਾਨ ਸਾਹਿਬ ਵਿਖਾਈ ਦਿਤਾ ਤਾਂ ਇਸ ਪਾਵਨ ਗੁਰੂ ਅਸਥਾਨ ਦੇ ਦਰਸ਼ਨ ਦਾ ਸੁਭਾਗ ਪ੍ਰਾਪਤ ਹੋ ਸਕਿਆ ਸੀ। ਇਸ ਗੁਰਦਵਾਰੇ ਅੰਦਰ ਸੇਵਾ ਕਰਨ ਵਾਲੇ ਗ੍ਰੰਥੀ ਸਿੰਘ ਦਾ ਹੀ ਪ੍ਰਵਾਰ ਰਹਿੰਦਾ ਹੈ। ਨਗਰ ਵਿਚ ਹੋਰ ਕੋਈ ਸਿੱਖ ਵਸੋਂ ਨਹੀਂ। ਨਗਰ ਵਾਸੀਆਂ ਨੂੰ ਇਸ ਅਸਥਾਨ ਦੀ ਇਤਿਹਾਸਕ ਮਹੱਤਤਾ ਬਾਰੇ ਜਾਣਕਾਰੀ ਨਾ ਹੋਣਾ ਦੇਸ਼ ਦੇ ਵਿਰਸੇ ਤੋਂ ਦੂਰ ਹੋਣਾ ਹੈ। ਭਾਈਚਾਰੇ ਦੀ ਭਾਵਨਾ ਦਾ ਖੰਡਿਤ ਹੋਣਾ ਹੈ। ਪੂਰੇ ਦੇਸ਼ ਨੂੰ ਜੋੜਨ ਲਈ ਜਿਸ ਪ੍ਰੇਮ, ਭਾਈਚਾਰੇ, ਸੱਚ ਆਚਾਰ ਤੇ ਸੋਚ ਦੀ ਲੋੜ ਹੈ, ਉਹ ਸਿੱਖ ਧਰਮ ਦਾ ਮੂਲ ਤੱਤ ਹੈ। ਧਿਆਨਯੋਗ ਇਹ ਵੀ ਹੈ ਕਿ ਸਿੱਖ ਭਾਰਤ ਦੇ ਹਰ ਹਿੱਸੇ ਹਰ ਸੂਬਾ ਵਿਚ ਰਹਿ ਰਹੇ ਹਨ। ਇਹ ਏਕਤਾ ਦਾ ਸੱਭ ਤੋਂ ਵੱਡਾ ਸੂਤਰ ਹੈ। ਦੇਸ਼ ਦੇ ਆਜ਼ਾਦ ਹੋਣ ਸਮੇਂ ਸਿੱਖਾਂ ਨਾਲ ਕੀਤੇ ਗਏ ਵਾਅਦੇ ਤੋੜ ਦਿਤੇ ਗਏ। ਉਸ ਨੂੰ ਮੋੜਿਆ ਤਾਂ ਨਹੀਂ ਜਾ ਸਕਦਾ ਪਰ ਸੋਧਿਆ ਤਾਂ ਜਾ ਸਕਦਾ ਹੈ। ਸਿੱਖ ਭਾਰਤ ਅੰਦਰ ਜਿਸ ਸਨਮਾਨ ਦੇ ਹੱਕਦਾਰ ਹਨ, ਉਹ ਦੇਣ ਦੀ ਦਿਸ਼ਾ ਵਿਚ ਵਧਿਆ ਤਾਂ ਜਾ ਸਕਦਾ ਹੈ। ਦਿੱਲੀ ਅੰਦਰ ਸ਼ਾਨਦਾਰ ਤੇ ਵੱਡਾ ਸਿੱਖ ਤਿਆਗ ਤੇ ਬਲਿਦਾਨ ਯਾਦਗਾਰ ਇਸ ਵਲ ਇਕ ਕਦਮ ਹੋ ਸਕਦਾ ਹੈ। ਇਹ ਸਿੱਖਾਂ ਦਾ ਨਹੀਂ ਦੇਸ਼ ਦਾ ਵਿਰਸਾ ਹੈ ਜਿਸ ਦੀ ਸੰਭਾਲ ਕਰਨਾ ਦੇਸ਼ ਹਿਤ ਵਿਚ ਦੇਸ਼ ਦਾ ਫ਼ਰਜ਼ ਹੈ। ਭਾਰਤ ਅੰਦਰ ਸ. ਤਨਮਨਜੀਤ ਸਿੰਘ ਢੇਸੀ ਜਿਹੇ ਸਮਰਪਤ ਆਗੂਆਂ ਨੂੰ ਇਸ ਲਈ ਅੱਗੇ ਆਉਣਾ ਚਾਹੀਦਾ ਹੈ। ਸਪੋਕਸਮੈਨ

Share:

Facebook
Twitter
Pinterest
LinkedIn
matrimonail-ads
On Key

Related Posts

ਸਤਿਕਾਰ ਕਮੇਟੀ ਕਨੇਡਾ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਵਿਰੁੱਧ ਲੱਗੇ ਮੋਰਚੇ ‘ਚ ਸ਼ਾਮਿਲ ਹੋਏ

ਸਰੀ, -ਸਤਿਕਾਰ ਕਮੇਟੀ ਐਬਸਫੋਰਡ ਕਨੇਡਾ ਦੇ ਸੀਨੀਅਰ ਮੈਂਬਰ ਬੀਤੇ ਦਿਨੀਂ ਪੰਜਾਬ ਵਿਚ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਗ੍ਰਿਫਤਾਰੀ ਵਿਰੁੱਧ ਲੱਗੇ ਮੋਰਚੇ ਵਿੱਚ

Ektuhi Gurbani App
Elevate-Visual-Studios
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.