ਸੁਸ਼ੀਲ ਕੁਮਾਰ ਸੁਸ਼ੀ, ਲੁਧਿਆਣਾ : ਜੇਲ੍ਹ ਬੈਰਕਾਂ ‘ਚੋਂ ਕੈਦੀਆਂ ਤੇ ਹਵਾਲਾਤੀਆਂ ਦੇ ਕਬਜ਼ੇ ‘ਚੋਂ ਮੋਬਾਈਲ ਫੋਨ ਮਿਲਣੇ ਲਗਾਤਾਰ ਜਾਰੀ ਹਨ। ਸਵੇਰ ਵੇਲੇ ਚੈਕਿੰਗ ਦੌਰਾਨ ਇਕ ਕੈਦੀ ਤੇ ਤਿੰਨ ਹਵਾਲਾਤੀਆਂ ਦੇ ਕਬਜ਼ੇ ‘ਚੋਂ ਚਾਰ ਮੋਬਾਈਲ ਫੋਨ ਬਰਾਮਦ ਕੀਤੇ ਗਏ। ਜਾਣਕਾਰੀ ਦਿੰਦਿਆਂ ਸਹਾਇਕ ਸੁਪਰਡੈਂਟ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਜੇਲ੍ਹ ਮੁਲਾਜ਼ਮ ਸਵੇਰ ਵੇਲੇ ਬੈਰਕਾਂ ਦੀ ਰੂਟੀਨ ਚੈਕਿੰਗ ਕਰ ਰਹੇ ਸਨ। ਇਸੇ ਦੌਰਾਨ ਕੈਦੀ ਹਰਜੀਤ ਸਿੰਘ ਉਰਫ਼ ਬਿੱਟੂ ਦੇ ਕਬਜ਼ੇ ‘ਚੋਂ ਇਕ ਮੋਬਾਈਲ ਫੋਨ ਬਰਾਮਦ ਕੀਤਾ ਗਿਆ। ਤਲਾਸ਼ੀ ਦੌਰਾਨ ਹਵਾਲਾਤੀ ਕੁਲਵੰਤ ਸਿੰਘ, ਜਸਵੀਰ ਸਿੰਘ ਉਰਫ਼ ਜੱਸੀ ਅਤੇ ਪੰਕਜ ਕੁਮਾਰ ਉਰਫ਼ ਸੋਨੀ ਉਰਫ਼ ਚਾਤਰੀ ਦੇ ਕਬਜ਼ੇ ‘ਚੋਂ ਇਕ-ਇਕ ਮੋਬਾਈਲ ਫੋਨ ਮਿਲੇ। ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਮੁਲਜ਼ਮਾਂ ਨੇ ਅਜਿਹਾ ਕਰ ਕੇ ਜੇਲ੍ਹ ਨਿਯਮਾਂ ਦੀ ਉਲੰਘਣਾ ਕੀਤੀ ਹੈ। ਉਧਰੋਂ ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ‘ਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।