Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਪੰਜਾਬ Punjab

ਜਿਸ ਦਾ ਦਿਲ ਹੀ ਪੰਥ ਦੁਸ਼ਮਣ ਹੋਵੇ, ਉਸਤੋਂ ਸਿੱਖ ਕੀ ਆਸ ਕਰਨ…?

By Admin Published 4 min read

ਜਸਪਾਲ ਸਿੰਘ ਹੇਰਾਂ

ਸ਼੍ਰੋਮਣੀ ਅਕਾਲੀ ਦਲ ਅਖਵਾਉਂਦੀ ਪਾਰਟੀ ਦੇ ਪ੍ਰਧਾਨ ਜਲੰਧਰ ‘ਚ ਭਾਜਪਾ ਨੂੰ ਆਪਣੀ ਪਾਰਟੀ ਦਾ ਦਿਲ ਆਖਦੇ ਹਨ। ਜਿਸ ਦਾ ਅਰਥ ਹੈ ਕਿ ਜਦੋਂ ਤੱਕ ਭਾਜਪਾ ਹੈ, ਭਾਵ ਦਿਲ ਧੜਕਦਾ ਹੈ, ਉਦੋਂ ਤੱਕ ਹੀ ਅਕਾਲੀ ਦਲ ਹੈ। ਜੇ ਭਾਜਪਾ ਦਾ ਭੋਗ ਪੈ ਗਿਆ, ਅਕਾਲੀ ਦਲ ਦਾ ਵੀ ਭੋਗ ਪੈ ਜਾਵੇਗਾ। ਇਸ ਤੋਂ ਪਹਿਲਾਂ ਬਾਦਲਕੇ, ਭਾਜਪਾ ਨਾਲ ਨਹੁੰ-ਮਾਸ ਦਾ ਰਿਸ਼ਤਾ ਜਾਂ ਪਤੀ-ਪਤਨੀ ਵਾਲਾ ਰਿਸ਼ਤਾ ਤਾਂ ਜੋੜਦੇ ਆਏ ਹਨ। ਇਹ ਰਿਸ਼ਤੇ ਟੁੱਟ ਵੀ ਜਾਂਦੇ ਹਨ ਤੇ ਕੰਮ ਚੱਲਦਾ ਰਹਿੰਦਾ ਹੈ। ਪ੍ਰੰਤੂ ਹੁਣ ਜਿਹੜਾ ਦਿਲ ਵਾਲਾ ਰਿਸ਼ਤਾ ਜੋੜਿਆ ਗਿਆ ਹੈ, ਇਹ ਟੁੱਟਣ ਵਾਲਾ ਨਹੀਂ, ਜੇ ਟੁੱਟਦਾ ਹੈ ਸਮਝੋ ਕੰਮ ਮੁੱਕਿਆ। ਅਸੀਂ ਆਖ਼ ਸਕਦੇ ਹਾਂ ਕਿ ਸੁਖਬੀਰ ‘ਤੇ ਵੀ ਆਪਣੇ ਬਾਪ ਵੱਡੇ ਬਾਦਲ ਵਾਗੂੰ ਭਾਜਪਾ ਵਾਲਾ ਗੂੜਾ ਰੰਗ ਚੜ ਗਿਆ। ਇਹ ਰੰਗ ਦੇ ਗੂੜਾ ਹੋਣ ਤੋਂ ਪਹਿਲਾਂ ਸੁਖਬੀਰ ਦੇ ਸਾਹਮਣੇ ਭਾਜਪਾ ਦਾ ਘੱਟਗਿਣਤੀ ਵਿਰੋਧੀ ਵਹਿਸ਼ੀਆਨਾ ਚਿਹਰਾ ਨਹੀਂ ਆਇਆ। ਭਾਜਪਾ ਵਾਲੇ, ਇੰਦਰਾ ਗਾਂਧੀ ਨੂੰ ਦਰਬਾਰ ਸਾਹਿਬ ‘ਤੇ ਹਮਲਾ ਕਰਨ ਲਈ ਉਕਸਾਉਂਦੇ ਨਹੀਂ ਦਿਸੇ, ਭਾਜਪਾ ਵਾਲੇ ਪੰਜਾਬੀ ਸੂਬੇ ਤੇ ਪੰਜਾਬੀ ਬੋਲੀ ਦਾ ਵਿਰੋਧ ਕਰਦੇ ਨਹੀਂ ਦਿਸੇ, ਭਾਜਪਾ ਵਾਲੇ ਗੁਰਦੁਆਰਾ ਸਾਹਿਬਾਨ ‘ਚ ਬੀੜੀਆਂ-ਸਿਗਰਟਾਂ ਸੁੱਟਦੇ ਅਤੇ ‘ਕੱਛ, ਕੜਾ, ਕਿਰਪਾਨ ਭੇਜ ਦਿਆਂਗੇ ਪਾਕਿਸਤਾਨ” ਦੇ ਨਾਅਰੇ ਲਾਉਂਦੇ ਨਹੀਂ ਸੁਣੇ, ਭਾਜਪਾ ਵਾਲੇ ਆਨੰਦਪੁਰ ਸਾਹਿਬ ਦੇ ਮਤੇ ਨੂੰ ਚਿਮਟੇ ਨਾਲ ਛੂਹਣ ਤੋਂ ਗੁਰੇਜ਼ ਕਰਦੇ ਨਹੀਂ ਵਿਖਾਈ ਦਿੱਤੇ, ਭਾਜਪਾ ਦੀ ਮਾਂ ਸੰਘ ਵੱਲੋਂ ੨੦੭੦ ਤੱਕ ਸਿੱਖੀ ਤੇ ਸਿੱਖ ਦੇ ਖ਼ਾਤਮੇ ਦੀ ਚੁਣੌਤੀ ਨਹੀਂ ਸੁਣੀ।

ਗੱਲ ਕੀ, ਭਾਜਪਾ ਦੀ ਸਿੱਖ ਵਿਰੋਧੀ ਜ਼ਹਿਰੀਲੀ ਸੋਚ ਦਾ ਸੁਖਬੀਰ ਬਾਦਲ ਨਾਲ ਕੋਈ ਲੈਣਾ-ਦੇਣਾ ਨਹੀਂ ਜਾਪਦਾ। ਪੁਰਾਣੀ ਗੱਲ ਤਾਂ ਦੂਰ ਜਿਸ ਦਿਨ ਸੁਖਬੀਰ ਬਾਦਲ ਭਾਜਪਾ ਨੂੰ ਅਕਾਲੀ ਦਲ ਦਾ ‘ਦਿਲ’ ਦੱਸ ਰਿਹਾ ਹੈ, ਉਸੇ ਦਿਨ ਹੀ ਭਾਜਪਾ ਦੇ ਰਾਜ ਵਾਲੇ ਯੂ.ਪੀ. ‘ਚ ਅੰਮ੍ਰਿਤਧਾਰੀ ਸਿੱਖ ਬੱਚਿਆਂ ਤੇ ਯੂ.ਪੀ. ਦੇ ਹਿੰਦੂ ਸਕੂਲਾਂ ‘ਚ ‘ਕਿਰਪਾਨ’ ਪਹਿਨਣ ‘ਤੇ ਪਾਬੰਦੀ ਲਾਈ ਗਈ ਹੈ। ਸਹਾਰਨਪੁਰ ‘ਚ ਗੁਰੂ ਤੇਗ਼ ਬਹਾਦਰ ਪਬਲਿਕ ਸਕੂਲ ਦੇ ਵਿਦਿਆਰਥੀ ਦਾ ਪ੍ਰੀਖਿਆ ਕੇਂਦਰ ਸਹਾਰਨਪੁਰ ਦਾ ਹੀ ਡੇ.ਏ.ਵੀ. ਸਕੂਲ ਬਣ ਗਿਆ। ਇਸ ਸਕੂਲ ਦੇ ਪ੍ਰਬੰਧਕਾਂ ਵੱਲੋਂ ਅੰਮ੍ਰਿਤਧਾਰੀ ਸਿੱਖ ਬੱਚਿਆਂ ਦੀਆਂ ਕਿਰਪਾਨਾਂ ਜਬਰੀ ਉਤਰਵਾਈਆਂ ਗਈਆਂ ਤੇ ਉਨਾਂ ਨੂੰ ਨਾਦਰਸ਼ਾਹੀ ਫ਼ੁਰਮਾਨ ਸੁਣਾਇਆ ਗਿਆ ਕਿ ਜੇ ਪਰਚੇ ਦੇਣੇ ਹਨ ਤਾਂ ਕਿਰਪਾਨਾਂ ਉਤਾਰੋ, ਨਹੀਂ ਤਾਂ ਵਾਪਸ ਜਾਉ। ਭਾਜਪਾ ਦੀ ਕੇਂਦਰ ਸਰਕਾਰ ਅਤੇ ਭਾਜਪਾ ਰਾਜ ਵਾਲੇ ਸੂਬਿਆਂ ‘ਚ ਸਿੱਖੀ ਵਿਰੋਧੀ ਕਾਲੇ ਕਾਰਨਾਮਿਆਂ ਦੀ ਸੂਚੀ ਅਥਾਹ ਲੰਬੀ ਹੈ। ਜਿਸ ਇਨਸਾਫ਼ ਤੋਂ ਸਿੱਖ ਕਾਂਗਰਸ ਦੇ ਰਾਜ ਸਮੇਂ ਵਾਂਝੇ ਸਨ, ਭਾਜਪਾ ਦੇ ਰਾਜ ‘ਚ ਵੀ ਉਵੇਂ ਹੀ ਵਾਂਝੇ ਹਨ। ਭਾਜਪਾ, ਉਲਟਾ ਸਿੱਖਾਂ ਨੂੰ ‘ਅੱਤਵਾਦੀ’ ਦੇ ਫੱਟੇ ਨਾਲ ਵਿਦੇਸ਼ਾਂ ‘ਚ ਵੀ ਬਦਨਾਮ ਕਰਨ ‘ਤੇ ਉਤਾਰੂ ਹੋ ਚੁੱਕੀ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਹਾਲੀਆ ਫ਼ੇਰੀ ਇਸ ਦਾ ਪ੍ਰਤੱਖ ਪ੍ਰਮਾਣ ਹੈ। ਰਾਸ਼ਟਰੀ ਸਿੱਖ ਸੰਗਤ ਰਾਂਹੀ, ਜਿਸ ਤਰਾਂ ਸਿੱਖੀ ‘ਚ ਘੁਸਪੈਠ ਕਰਕੇ ਗੁਰਬਾਣੀ, ਸਿੱਖ ਸਿਧਾਂਤਾਂ, ਪ੍ਰੰਪਰਾਵਾਂ, ਮਰਿਆਦਾ, ਇਤਿਹਾਸ, ਵਿਰਸੇ ਤੇ ਸਭਿਆਚਾਰ ਨੂੰ ਵਿਗਾੜਨ ਦਾ ਯਤਨ ਭਾਜਪਾ ਤੇ ਉਸਦੀ ਮਾਂ ਆਰ.ਐਸ.ਐਸ. ਵੱਲੋਂ ਕੀਤਾ ਜਾ ਰਿਹਾ ਹੈ, ਉਹ ਵੀ ਕਿਸੇ ਤੋਂ ਲੁਕਿਆ-ਛਿਪਿਆ ਨਹੀਂ। ਇਹ ਠੀਕ ਹੈ ਕਿ ਸੁਖਬੀਰ ਬਾਦਲ ਖ਼ੁਦ ਨੂੰ ਤੇ ਹੁਣ ਉਸਦੀ ਧਰਮ ਪਤਨੀ ਨੂੰ ਕੇਂਦਰੀ ਮੰਤਰੀ ਦੀ ਝੰਡੀ ਦੇਣ ਵਾਲੀ, ਪ੍ਰਕਾਸ਼ ਸਿੰਘ ਬਾਦਲ ਨੂੰ ਹਰ ਤਰਾਂ ਦੀ ਸਹਾਇਤਾ ਦੇ ਕੇ ਪੰਜ ਵਾਰ ਮੁੱਖ ਮੰਤਰੀ ਬਣਾਉਣ ਵਾਲੀ ਭਗਵਾਂ ਪਾਰਟੀ ਦੀ ਬਾਦਲ ਪਰਿਵਾਰ ਨੂੰ ਵੱਡੀ ਦੇਣ ਹੈ, ਜਿਸਨੂੰ ਬਾਦਲ ਪਰਿਵਾਰ ਭੁਲਾ ਨਹੀਂ ਸਕਦਾ।

ਇਸ ਬਦਲੇ ਹੀ ਉਸਨੇ ਕੌਮ ਦੀ ਨਕੇਲ ਭਾਜਪਾ ਦੇ ਹੱਥ ਫੜਾਉਣ ਦਾ ਹਰ ਕੋਝਾ ਤੇ ਸੰਭਵ ਯਤਨ ਕੀਤਾ ਹੈ। ਇੱਕ ਪਾਸੇ ਸੁਖਬੀਰ ਬਾਦਲ ਨੇ ਆਪਣੀ ਦਿੱਲੀ ਬ੍ਰਿਗੇਡ ਜੀ.ਕੇ. ਦੀ ਅਗਵਾਈ ‘ਚ ਸਿੱਖ ਮੁੱਦਿਆਂ ਦੇ ਹੱਕ ‘ਚ ਸਿੱਖਾਂ ਨੂੰ ਗੁੰਮਰਾਹ ਕਰਨ ਲਈ ਮੋਰਚੇ ‘ਤੇ ਲਾਈ ਹੈ ਅਤੇ ਦੂਜੇ ਪਾਸੇ ਭਾਜਪਾ ਨੂੰ ਅਕਾਲੀ ਦਲ ਦਾ ਦਿਲ ਦੱਸ ਰਿਹਾ ਹੈ, ਆਖ਼ਰ ਉਹ ਕਿਸਨੂੰ ਮੂਰਖ਼ ਬਣਾਉਣਾ ਚਾਹੁੰਦਾ ਹੈ? ਸਾਨੂੰ ਬਾਦਲਾਂ ਦੀ ਅਤੇ ਭਾਜਪਾ ਦੀ ਗੂੜੀ ਯਾਰੀ ‘ਤੇ ਕੋਈ ਇਤਰਾਜ਼ ਨਹੀਂ, ਪੰ੍ਰਤੂ ਜਿਹੜਾ ਕੌਮ ਨੂੰ ਗੁੰਮਹਾਰ ਕੀਤਾ ਜਾ ਰਿਹਾ ਹੈ, ਉਸ ਡਰਾਮੇ ਨੂੰ ਬੰਦ ਕੀਤਾ ਜਾਵੇ। ਜਾਂ ਤਾਂ ਭਾਜਪਾ ਦੇ ਸਿੱਖ ਵਿਰੋਧੀ ਹਮਲਿਆਂ, ਪੈਤੜਿਆਂ ਤੇ ਸੋਚ ਨੂੰ ਖ਼ਤਮ ਕਰਵਾਇਆ ਜਾਵੇ ਜਾਂ ਫ਼ਿਰ ਭਾਜਪਾ ਨਾਲ ਦਿਲ ਦੀ ਸਾਂਝ ਵਾਲੀ ਗੱਲ ਬੰਦ ਕੀਤੀ ਜਾਵੇ ਜਾਂ ਫ਼ਿਰ ਸਿੱਖਾਂ ਨੂੰ ਪੰਥਕ ਮਖੌਟਾ ਵਾਰ-ਵਾਰ ਪਾ ਕੇ ਗੁੰਮਰਾਹ ਕਰਨਾ ਬੰਦ ਕੀਤਾ ਜਾਵੇ। ਭਾਵੇਂ ਅਸੀਂ ਸਮਝਦੇ ਹਾਂ ਕਿ ਬਹੁਗਿਣਤੀ ਸਿੱਖ ਹੁਣ ਬਾਦਲਾਂ ਦੀ ਅਸਲੀਅਤ ਨੂੰ ਬਾਖ਼ੂਬੀ ਸਮਝ ਚੁੱਕੇ ਹਨ, ਪ੍ਰੰਤੂ ਫ਼ਿਰ ਵੀ ਪੰਥ ਦੇ ਨਾਮ ‘ਤੇ ਗੁੰਮਰਾਹ ਹੋਣ ਵਾਲੇ ਸਿੱਖਾਂ ਦੀ ਕੋਈ ਕਮੀ ਨਹੀਂ। ਇਸੇ ਕਾਰਣ ਅਸੀਂ ਗਾਹੇ-ਬਗਾਹੇ ਬਾਦਲਾਂ ਦਾ ਕੱਚ ਤੇ ਸੱਚ ਆਪਣੇ ਪਾਠਕਾਂ ਸਾਹਮਣੇ ਰੱਖਦੇ ਰਹਿੰਦੇ ਹਾਂ। ਸਹਾਰਨਪੁਰ ‘ਚ ਡੀ.ਏ.ਵੀ, ਸਕੂਲ ਵਾਲਿਆਂ ਵੱਲੋਂ ਸਿੱਖ ਬੱਚਿਆਂ ਦੀਆਂ ਕਿਰਪਾਨਾਂ ਲਹਾਉਣੀਆਂ ਬੇਹੱਦ ਗੰਭੀਰ ਤੇ ਚਿੰਤਾ ਵਾਲਾ ਮਾਮਲਾ ਹੈ। ਸਿੱਖ ਪੰਥ ਨੂੰ ਇਸ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ। ਜੇ ਇਸ ਦੇਸ਼ ‘ਚ ਜਿਸ ਦੇਸ਼ ਨੂੰ ਸਿੱਖਾਂ ਨੇ ਆਪਣੀਆਂ ਕਿਰਪਾਨਾਂ ਦੇ ਜ਼ੋਰ ਨਾਲ ਅਜ਼ਾਦ ਕਰਵਾਇਆ ਸੀ, ਉਥੇ ਵੀ ਕਿਰਪਾਨਾਂ ਸੁਰੱਖਿਅਤ ਨਹੀਂ ਹਨ ਤਾਂ ਫ਼ਿਰ ਵਿਦੇਸ਼ਾਂ ‘ਚ ਕਿਵੇਂ ਸੁਰੱਖਿਅਤ ਰਹਿਣਗੀਆਂ?

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp