Skip to content
Tuesday, October 6, 2026 12°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਕੋਈ ਨਿਸ਼ਾਨਾ ਤਾਂ ਮਿੱਥੀਏ…

By Admin Published 4 min read

ਸਿੱਖ ਇਕ ਵੱਖਰੀ ਕੌਮ ਹੈ, ਦੁਨੀਆ ਦੀ ਇੱਕੋ-ਇਕ ਨਿਆਰੀ-ਨਿਰਾਲੀ ਕੌਮ ਹੈ। ਜਿਸਦੀ ਅੱਜ ਪੂਰੇ ਵਿਸ਼ਵ ‘ਚ ਪਛਾਣ ਵੀ ਹੈ, ਸ਼ਾਨ ਵੀ ਹੈ, ਨਾਮ ਵੀ ਹੈ, ਹੋਂਦ ਵੀ ਹੈ। ਇਸਦੇ ਬਾਵਜੂਦ ਜੇ ਉਸ ਦੇਸ਼ ‘ਚ ਜਿਹੜਾ ਦੇਸ਼ ਇਸ ਕੌਮ ਦੀ ਜਨਮ-ਭੂਮੀ ਵੀ ਹੈ, ਕਰਮ-ਭੂਮੀ ਹੈ, ਜਿਸ ਦੇਸ਼ ਦੀ ਹੋਂਦ ਦੀ ਰਾਖ਼ੀ ਲਈ, ਇਸ ਕੌਮ ਨੇ ਅਦੁੱਤੀ ਕੁਰਬਾਨੀਆਂ ਵੀ ਕੀਤੀਆਂ ਹੋਣ, ਇਸ ਦੇਸ਼ ਨੂੰ ਅਜ਼ਾਦੀ ਵੀ ਲੈ ਕੇ ਦਿੱਤੀ ਹੋਵੇ ਅਤੇ ਇਸ ਭੁੱਖੇ ਦੇਸ਼ ਦਾ ਆਪਣੀ ਹੱਡ ਭੰਨਵੀਂ ਮਿਹਨਤ ਨਾਲ ਢਿੱਡ ਵੀ ਭਰਿਆ ਹੋਵੇ, ਉਸ ਦੇਸ਼ ‘ਚ ਵੀ ਜੇ ਇਸ ਕੌਮ ਨੂੰ ਇਸ ਦੇਸ਼ ਦੀ ਬਹੁਗਿਣਤੀ ਵੱਖਰੀ ਕੌਮ ਵਜੋਂ ਮਾਨਤਾ ਦੇਣ ਲਈ ਤਿਆਰ ਨਾ ਹੋਵੇ ਤਾਂ ਫਿਰ ਸਿੱਖ ਕੌਮ, ਇਸ ਦੇਸ਼ ਨੂੰ ਆਪਣਾ ਕਿਵੇਂ ਮੰਨ ਸਕਦੀ ਹੈ? ਸਿੱਖਾਂ ਨੂੰ ਇਸ ਦੇਸ਼ ‘ਚ ਦੂਜੇ ਨੰਬਰ ਦੇ ਸ਼ਹਿਰੀ ਮੰਨਿਆ ਜਾਵੇ, ਤਾਂ ਫਿਰ ਉਨਾਂ ‘ਚ ਇਸ ਦੇਸ਼ ਪ੍ਰਤੀ ਬੇਗਾਨਗੀ ਦੀ ਭਾਵਨਾ ਦਾ ਪੈਦਾ ਹੋਣਾ ਵੀ ਕੁਦਰਤੀ ਹੈ। ਹੁਣ ਜਦੋਂ ਭਗਵਾਂ ਬ੍ਰਿਗੇਡ ਦੇਸ਼ ਦਾ ਹਿੰਦੂਕਰਨ, ਕਰਨ ਦਾ ਮਨ ਬਣਾ ਚੁੱਕੀ ਹੈ ਅਤੇ ਉਸ ਲਈ ਯਤਨ ਵੀ ਸ਼ੁਰੂ ਹੋ ਚੁੱਕੇ ਹਨ ਤਾਂ ਸਿੱਖ ਕੌਮ ਨੂੰ ਆਏ ਦਿਨ ਦੀ ਇਸ ਘੇਸ-ਘੇਸ ਨੂੰ ਮੁਕਾਉਣ ਲਈ ਸਿੱਖ ਇਕ ਵੱਖਰੀ ਕੌਮ ਦੇ ਮੁੱਦੇ ਤੇ ਆਰ-ਪਾਰ ਦੀ ਲੜਾਈ ਲੜ ਹੀ ਲੈਣੀ ਚਾਹੀਦੀ ਹੈ। ਭਾਵੇਂ ਕਿ ਗੁਰੂ ਨਾਨਕ ਸਾਹਿਬ ਦੇ ਇਸ ਨਿਰਮਲੇ ਪੰਥ ਅਤੇ ਦਸਮੇਸ਼ ਪਿਤਾ ਦੇ ਪ੍ਰਮਾਤਮ ਕੀ ਮੌਜ ਸਿਰਜੇ ਖਾਲਸਾ ਪੰਥ ਨੂੰ ਕਿਸੇ ਦੁਨੀਆਵੀ ਮੋਹਰ ਦੀ ਲੋੜ ਨਹੀਂ, ਪ੍ਰੰਤੂ ਇਸ ਦੇਸ਼ ਦਾ ਸੰਵਿਧਾਨ, ਜਿਸਦੀ ਧਾਰਾ 25 (ਬੀ) ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਦੱਸਦੀ ਹੈ, ਜਿਸ ਬਹਾਨੇ ਕੱਟੜ ਹਿੰਦੂਵਾਦੀ ਆਗੂ ਸਿੱਖਾਂ ਨੂੰ ਵਾਰ-ਵਾਰ ਹਿੰਦੂ ਧਰਮ ਦਾ ਅੰਗ ਦੱਸ ਕੇ, ਉਨਾਂ ਦਾ ਮੂੰਹ ਚੜਾਉਣ ਦੀ ਕੋਸ਼ਿਸ ਕਰਦੇ ਹਨ। ਇਸ ਲਈ ਕੌਮ ਨੂੰ ਹੁਣ ਭਾਰਤੀ ਸੰਵਿਧਾਨ ਦੀ ਧਾਰਾ 25 ਬੀ ਨੂੰ ਖ਼ਤਮ ਕਰਵਾ ਕੇ, ਸਿੱਖਾਂ ਨੂੰ ਵੱਖਰੀ ਕੌਮ ਵਜੋਂ ਪ੍ਰਵਾਨ ਕਰਵਾਉਣ ਲਈ ਆਰ-ਪਾਰ ਦੀ ਲੜਾਈ ਲੜਨੀ ਹੀ ਪੈਣੀ ਹੈ। ਅਸੀਂ ਸਮਝਦੇ ਹਾਂ ਕਿ ਉਹ ਸਮਾਂ ਆ ਗਿਆ ਹੈ ਕਿ ਹਿੰਦੂਵਾਦੀ ਅਜਗਰ ਦੇ ਸਿੱਖ ਕੌਮ ਨੂੰ ਨਿਗਲਣ ਲਈ ਖੋਲੇ ਮੂੰਹ ਦੇ ਦੰਦ ਤੋੜਣ ਲਈ ‘ਸਿੱਖ ਇਕ ਵੱਖਰੀ ਕੌਮ’ ਹੈ ਦੀ ਪ੍ਰਵਾਨਗੀ ਭਾਰਤੀ ਸੰਵਿਧਾਨ ‘ਚ ਦਰਜ ਕਰਵਾਈ ਜਾਵੇ।

ਅਸੀਂ ਚਾਹੁੰਦੇ ਹਾਂ ਕਿ ਕੌਮ ਦੀ ਹੋਂਦ ਦੇ ਸੁਆਲ ਨਾਲ ਜੁੜੇ ਇਸ ਮੁੱਦੇ ਨੂੰ ਸਮੁੱਚੀ ਕੌਮ, ਪਾਰਟੀਬਾਜ਼ੀ, ਧੜੇਬੰਦੀ ਅਤੇ ਨਿੱਜੀ ਖ਼ੁਦਗਰਜੀ, ਲਾਲਸਾ ਨੂੰ ਤਿਆਗ ਕੇ, ਕੌਮੀ ਹੋਂਦ ਦਾ ਮੁੱਦਾ ਬਣਾ ਕੇ, ਲੜਾਈ ਲੜੇ। ਅਸੀਂ ਪਹਿਲਾ ਵੀ ਵਾਰ-ਵਾਰ ਹੋਕਾ ਦਿੱਤਾ ਹੈ ਕਿ ਕੌਮ ਦੀ ਵਿਸ਼ਵ-ਵਿਆਪੀ ਹੋਂਦ ਦੀ ਰਾਖ਼ੀ ਲਈ, ਕੌਮ ‘ਚ ਇਕਜੁੱਟਤਾ ਬੇਹੱਦ ਜ਼ਰੂਰੀ ਹੈ। ਇਸ ਲਈ ਦੁਨੀਆ ਦੇ ਕਿਸੇ ਵੀ ਕੋਣੇ ‘ਚ ਬੈਠਾ ਸਿੱਖ ਆਪਣੇ ਮਨ ਨਾਲ ਪ੍ਰਣ ਕਰ ਲਵੇ ਕਿ ”ਸਿੱਖ ਇਕ ਵੱਖਰੀ ਕੌਮ ਹਨ” ਦੀ ਗੂੰਜ ਵਿਸ਼ਵ ਦੇ ਹਰ ਕੋਣੇ ‘ਚ ਪਹੁੰਚਾਉਣੀ ਹੈ ਅਤੇ ਭਾਰਤ ਦੀ ਬਹੁਗਿਣਤੀ ਨੂੰ ਇਸ ਦਾ ਅਹਿਸਾਸ ਵੀ ਹੋਣਾ ਚਾਹੀਦਾ ਹੈ ਤਾਂ ਕਿ ਉਹ ਸਿੱਖਾਂ ਨੂੰ ਨਿਗਲਣ ਦਾ ਜਿਹੜਾ ਸੁਫ਼ਨਾ ਸੰਜੋਈ ਬੈਠੇ ਹਨ, ਉਸਨੂੰ ਮੂਰਖਾਂ ਦਾ ਸੁਫਨਾ ਸਮਝ ਕੇ ਜਲਦੀ ਤੋਂ ਜਲਦੀ ਭੁੱਲ ਜਾਣ। ਪ੍ਰੰਤੂ ਇਹ ਤਦ ਹੀ ਸੰਭਵ ਹੋਵੇਗਾ ਜੇ ਕੌਮ ਆਪਣੇ ਇਸ ਬੁਨਿਆਦੀ ਮੁੱਦੇ ਤੇ ਇਕਜੁੱਟ ਹੋ ਕੇ ਕੌਮੀ ਲੜਾਈ ਆਰੰਭਦੀ ਹੈ। ਅੱਜ ਕੌਮ ਨੂੰ ਉਸਦੀ ਹੋਂਦ ਸਮੇਤ ਅਨੇਕਾਂ ਸਮੱਸਿਆਵਾਂ ਦਰਪੇਸ਼ ਹਨ, ਉਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ, ਇਹ ਲੜਾਈ ਜਿੱਤ ਲੈਣ ਤੋਂ ਬਾਅਦ ਆਪਣੇ-ਆਪ ਹੋ ਜਾਵੇਗਾ। ਆਨੰਦਪੁਰ ਸਾਹਿਬ ਦਾ ਮਤਾ, ਪੰਜਾਬ ਦੀਆਂ ਸਾਰੀਆਂ ਦੁੱਖ-ਤਕਲੀਫ਼ਾਂ ਦਾ ਦਾਰੂ ਹੈ। ਭਾਵੇਂ ਕਿ ਅਸੀਂ ਹਮੇਸ਼ਾ ਵਾਰ-ਵਾਰ ਲਿਖਿਆ ਹੈ ਕਿ ਸਿੱਖ ਕੌਮ ਦੇ ਗ਼ਦਾਰ ਆਗੂਆਂ ਕਾਰਣ, ਸਿੱਖਾਂ ਦੀ ਅਜ਼ਾਦੀ ਖੁੱਸ ਗਈ, ਉਹ ਗੁਲਾਮੀ ਦੀ ਦਲਦਲ ‘ਚ ਫੱਸ ਗਏ। ਸਿੱਖਾਂ ਨੇ ਇਸ ਧਰਤੀ ਤੇ ਵੱਖਰੀ ਕੌਮ ਵਜੋਂ ਰਾਜਭਾਗ ਦਾ ਆਨੰਦ ਮਾਣਿਆ, ਦਰਾ-ਖੈਬਰ ਤੱਕ ਖਾਲਸਾ ਰਾਜ ਦਾ ਝੰਡਾ ਝੁੱਲਿਆ, ਦਰਬਾਰ-ਏ-ਖਾਲਸਾ ਸੱਜਦਾ ਰਿਹਾ, ਨਾਨਕਸ਼ਾਹੀ ਸਿੱਕੇ ਦਾ ਸਿੱਕਾ ਚੱਲਦਾ ਰਿਹਾ, ਇਸ ਲਈ ਜੇ ਅੱਜ ਕੋਈ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਪ੍ਰਵਾਨ ਨਹੀਂ ਕਰਦਾ ਤਾਂ ਸਿੱਖਾਂ ਨੂੰ ਉਸਦੀ ਬੋਲਤੀ ਬੰਦ ਕਰਨੀ ਲਈ ਆਪਣੀ ਹੋਂਦ ਦਾ ਅਹਿਸਾਸ ਤਾਂ ਕਰਵਾਉਣਾ ਹੀ ਪੈਣਾ ਹੈ।-ਜਸਪਾਲ ਸਿੰਘ ਪਹਿਰੇਦਾਰ ਲੁਧਿਆਣਾਂ

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp