ਕਸ਼ਮੀਰ ਦੌਰਾ ਕਰਨ ਵਾਲੇ ਪੱਤਰਕਾਰਾਂ ਦਾ ਵਫ਼ਦ ਅਗਲੇ ਮਹੀਨੇ ਦੇਵੇਗਾ ਰਿਪੋਰਟ
ਸ੍ਰੀਨਗਰ:-ਦਿੱਲੀ ਦੇ ਪੱਤਰਕਾਰਾਂ ਦੇ ਚਾਰ ਮੈਂਬਰੀ ਵਫ਼ਦ ਨੇ ਕਸ਼ਮੀਰ ‘ਚ ਹਾਲਾਤ ਦੇ ਜਾਇਜ਼ੇ ਲਈ ਦੌਰਾ ਕੀਤਾ ਹੈ। ਹਿਜ਼ਬੁਲ ਮੁਜਾਹਿਦੀਨ ਕਮਾਂਡਰ ਬੁਰਹਾਨ ਵਾਨੀ ਦੀ ਜੁਲਾਈ ਵਿੱਚ ਮੁਕਾਬਲੇ ਦੌਰਾਨ ਹੱਤਿਆ ਬਾਅਦ ਕਸ਼ਮੀਰ ਵਿੱਚ ਵੱਡੇ ਪੱਧਰ ਉਤੇ ਹਿੰਸਾ ਫੈਲੀ ਸੀ। ਵਫ਼ਦ ਨੇ ਅੱਜ ਆਪਣੀ ਫੇਰੀ ਸਮਾਪਤ ਕੀਤੀ ਹੈ ਅਤੇ ਉਸ ਵੱਲੋਂ ਅਗਲੇ ਮਹੀਨੇ ਰਿਪੋਰਟ ਜਾਰੀ ਕੀਤੀ ਜਾਵੇਗੀ। ਸੀਨੀਅਰ ਪੱਤਰਕਾਰ ਸੀਮਾ ਮੁਸਤਫ਼ਾ ਨੇ ਦੱਸਿਆ, ‘ਅਸੀਂ ਚਾਰ ਪੱਤਰਕਾਰ ਇਥੇ ਸੁਤੰਤਰ ਤੌਰ ‘ਤੇ ਆਏ ਸੀ। ਇਹ ਸਿਆਸੀ ਮਿਸ਼ਨ ਨਹੀਂ ਹੈ। ਨਾ ਹੀ ਇਹ ਨਵੀਂ ਦਿੱਲੀ ਤੇ ਸ੍ਰੀਨਗਰ ਵਿਚਾਲੇ ਸਾਲਸੀ ਲਈ ਸੀ। ਅਸੀਂ ਪ੍ਰਸ਼ਾਸਨ ਬਜਾਏ ਸ੍ਰੀਨਗਰ ਦੇ ਵੱਧ ਤੋਂ ਵੱਧ ਲੋਕਾਂ ਨਾਲ ਗੱਲਬਾਤ ਕਰਕੇ ਅਸਲ ਹਾਲਾਤ ਬਾਰੇ ਰਿਪੋਰਟ ਦੇਣ ਲਈ ਆਏ ਸੀ।’ ਇਹ ਵਫ਼ਦ ਸੈਂਟਰ ਫਾਰ ਪਾਲਿਸੀ ਅਨੈਲਸਿਸ ਦੀ ਡਾਇਰੈਕਟਰ ਸੀਮਾ ਮੁਸਤਫਾ ਦੀ ਅਗਵਾਈ ਵਿੱਚ ਆਇਆ ਸੀ।



