ਜਸਵੀਰ ਸਿੰਘ ਬੰਗਾ, ਲੁਧਿਆਣਾ
ਕਰਵਾਚੌਥ ਦੇ ਤਿਉਹਾਰ ਨੂੰ ਲੈ ਕੇ ਮੰਗਲਵਾਰ ਨੂੰ ਬਾਜ਼ਾਰਾਂ ‘ਚ ਭਾਰੀ ਰੌਣਕਾਂ ਰਹੀਆਂ ਤੇ ਅੌਰਤਾਂ ਵੱਲੋਂ ਖ਼ੂਬ ਖ਼ਰੀਦਦਾਰੀ ਕੀਤੀ ਗਈ। ਦੁਕਾਨਦਾਰਾਂ ‘ਚ ਵੀ ਕਰਵਾਚੌਥ ਦੇ ਤਿਉਹਾਰ ਨੂੰ ਲੈ ਕੇ ਉਤਸ਼ਾਹ ਨਜ਼ਰ ਆ ਰਿਹਾ ਹੈ, ਕਿਉਂਕਿ ਉਨ੍ਹਾਂ ਨੂੰ ਤਿਉਹਾਰਾਂ ਦੀ ਹੀ ਆਸ ਰਹਿੰਦੀ ਹੈ ਕਿ ਉਨ੍ਹਾਂ ਦਾ ਸੀਜ਼ਨ ਵਧੀਆ ਲੱਗੇਗਾ। ਕਰਵਾ ਚੌਥ ਦਾ ਤਿਉਹਾਰ ਅੌਰਤਾਂ ਖਾਸਕਰ ਨਵਵਿਆਹੀਆਂ ਲਈ ਖਾਸ ਮਹੱਤਵ ਰੱਖਦਾ ਹੈ। ਇਸ ਦਿਨ ਅੌਰਤਾਂ ਵਰਤ ਰੱਖ ਕੇ ਆਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਹਨ ਅਤੇ ਸ਼ਾਮ ਨੂੰ ਅਰਗ ਦੇਣ ਉਪਰੰਤ ਆਪਣੇ ਪਤੀ ਦੇ ਹੱਥੋਂ ਨਾਰੀਅਲ ਦੀ ਗਰੀ ਨਾਲ ਵਰਤ ਖੋਲ੍ਹਦੀਆਂ ਹਨ। ਅੌਰਤਾਂ ਦੇ ਨਾਲ ਨਾਲ ਕੁਆਰੀਆਂ ਲੜਕੀਆਂ ‘ਚ ਵੀ ਇਸ ਦਿਨ ਉਤਸ਼ਾਹ ਦੇਖਣ ਨੂੰ ਮਿਲਦਾ ਹੈ, ਉਹ ਵੀ ਵਰਤ ਰੱਖਕੇ ਆਪਣੇ ਹੋਣ ਵਾਲੇ ਵਰ ਦੀ ਤੰਦਰੁਸਤੀ ਅਤੇ ਲੰਮੀ ਉਮਰ ਦੀ ਕਾਮਨਾ ਕਰਦੀਆਂ ਹਨ। ਬਜ਼ਾਰਾਂ ‘ਚ ਦੁਕਾਨਦਾਰਾਂ ਵੱਲੋਂ ਦੁਕਾਨਾਂ ਖੂਬ ਸਜਾਇਆ ਹੋਇਆ ਹੈ ਅਤੇ ਅੌਰਤਾਂ ਨੂੰ ਆਪਣੇ ਵੱਲ ਲੁਭਾਉਣ ਲਈ ਵੱਖ ਵੱਖ ਤਰਾਂ੍ਹ ਦੀਆਂ ਆਫ਼ਰਾਂ ਵੀ ਰੱਖੀਆਂ ਗਈਆਂ ਹਨ। ਸ਼ਹਿਰ ਦੇ ਘੰਟਾ ਘਰ, ਚੌੜਾ ਬਜਾਰ, ਗਿਰਜਾ ਘਰ ਚੌਂਕ, ਸਾਬਣ ਬਾਜ਼ਾਰ, ਗੁੜ੍ਹ ਮੰਡੀ, ਕਿਪਸ ਮਾਰਕੀਟ, ਘੁਮਾਰ ਮੰਡੀ, ਗਿੱਲ ਰੋਡ ਦੇ ਨਾਲ ਨਾਲ ਛੋਟੇ ਬਾਜ਼ਾਰਾਂ ਵਿੱਚ ਵੀ ਕਰਵਾਚੌਥ ਦੇ ਤਿਉਹਾਰ ਨੂੰ ਲੈ ਕੇ ਲੋਕਾਂ ਵੱਲੋਂ ਚੂੜੀਆਂ, ਕਪੜਿਆਂ, ਮੇਕਅਪ ਅਤੇ ਪੂਜਾ ਦੀਆਂ ਵਸਤੂਆਂ ਦੇ ਸਮਾਨ ਦੀ ਖੂਬ ਖਰੀਦਦਾਰੀ ਕੀਤੀ ਜਾ ਰਹੀ ਹੈ।
ਮਠਿਆਈਆਂ ਦੀਆਂ ਦੁਕਾਨਾਂ ‘ਤੇ ਰੌਣਕਾਂ
ਕਰਵਾਚੌਥ ਦੇ ਤਿਉਹਾਰ ਨੂੰ ਲੈ ਕੇ ਮਠਿਆਈ ਕਾਰੋਬਾਰੀਆਂ ‘ਚ ਵੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਵੱਖ ਵੱਖ ਮਠਿਆਈ ਦੀਆਂ ਦੁਕਾਨਾਂ ਵਾਲਿਆਂ ਵੱਲੋਂ ਦੁਕਾਨਾਂ ਬਾਹਰ ਮੱਠੀਆਂ, ਫੇਨੀਆਂ, ਨਾਰੀਅਲ ਸਮੇਤ ਅਨੇਕਾਂ ਖਾਣ ਵਾਲੇ ਪਦਾਰਥਾਂ ਦੇ ਸਟਾਲ ਲਗਾਏ ਹੋਏ ਹਨ। ਇਸ ਦੌਰਾਨ ਸ਼ਹਿਰ ਦੇ ਵੱਡੇ ਮਠਿਆਈਆਂ ਕਾਰੋਬਾਰੀਆਂ ਤੋਂ ਸਮਾਨ ਲੈਣ ਲਈ ਲੰਮੀਆਂ ਲਾਈਨਾਂ ਵਿੱਚ ਲੱਗਣਾ ਪੈ ਰਿਹਾ ਹੈ। ਅੌਰਤਾਂ ਵੱਲੋਂ ਤਿਉਹਾਰ ਨੂੰ ਲੈ ਕੇ ਖੂਬ ਖਰੀਦਦਾਰੀ ਕੀਤੀ ਜਾ ਰਹੀ ਹੈ। ਇਕ ਦੁਕਾਨਦਾਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨਾਂ੍ਹ ਨੂੰ ਤਿਉਹਾਰੀ ਸੀਜਨ ਤੇ ਹੀ ਆਸ ਰਹਿੰਦੀ ਹੈ, ਕਿ ਉਨਾਂ੍ਹ ਦਾ ਸੀਜਨ ਵਧੀਆ ਲੱਗੇਗਾ।
ਬਿਊਟੀ ਪਾਰਲਰਾਂ ਤੇ ਰਹੀਆਂ ਰੌਣਕਾਂ, ਅੌਰਤਾਂ ਨੂੰ ਦਿੱਤੀਆਂ ਜਾ ਰਹੀਆਂ ਵਿਸ਼ੇਸ਼ ਆਫ਼ਰਾਂ
ਕਰਵਾ ਚੌਥ ਦੇ ਤਿਉਹਾਰ ਨੂੰ ਲੈ ਕੇ ਬਿਊਟੀ ਪਾਰਲਰ ਵਾਲਿਆਂ ਵੱਲੋਂ ਅੌਰਤਾਂ ਨੂੰ ਵਿਸ਼ੇਸ਼ ਆਫ਼ਰਾਂ ਦਿੱਤੀਆਂ ਜਾ ਰਹੀਆਂ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕਰਵਾ ਚੌਥ ਤਿਉਹਾਰ ਦੇ ਮੱਦੇਨਜ਼ਰ ਅੌਰਤਾਂ ਵੱਲੋਂ ਬਿਊਟੀ ਪਾਰਲਰਾਂ ਤੇ ਐਡਵਾਂਸ ਹੀ ਬੂਕਿੰਗਾਂ ਕਰਵਾ ਦਿੱਤੀਆਂ ਜਾਂਦੀਆਂ ਹਨ। ਅੌਰਤਾਂ ਵੱਲੋਂ ਵੀ ਦਿੱਤੀਆਂ ਜਾ ਰਹੀਆਂ ਇਨਾਂ੍ਹ ਆਫ਼ਰਾਂ ਦਾ ਲਾਹਾ ਲਿਆ ਜਾਂਦਾ ਹੈ। ਬਿਊਟੀ ਪਾਰਲਰਾਂ ਦੇ ਬਾਹਰ ਮਹਿੰਦੀ ਲਗਵਾਉਣ ਵਾਲਿਆਂ ਕੋਲ ਵੀ ਅੌਰਤਾਂ ਦਾ ਤਾਂਤਾ ਲੱਗਿਆ ਰਹਿੰਦਾ ਹੈ ਅਤੇ ਦੇਰ ਰਾਤ ਤੱਕ ਅੌਰਤਾਂ ਮਹਿੰਦੀ ਲਗਵਾਉਂਦੀਆਂ ਨਜ਼ਰ ਆਉਂਦੀਆਂ ਹਨ। ਮਹਿੰਦੀ ਲਗਾਉਣ ਵਾਲਿਆਂ ਦੀ ਇਸ ਤਿਉਹਾਰ ‘ਤੇ ਚਾਂਦੀ ਰਹਿੰਦੀ ਹੈ। ਅੌਰਤਾਂ ਵੱਖ ਵੱਖ ਪ੍ਰਕਾਰ ਦੀ ਮਹਿੰਦੀ ਲਗਵਾਉਣ ਲਈ ਇੱਕ ਦੂਜੇ ਤੋਂ ਕਾਹਲੀ ਨਜ਼ਰ ਆਉਂਦੀਆਂ ਹਨ। ਮਹਿੰਦੀ ਲਗਾਉਣ ਵਾਲਿਆਂ ਵੱਲੋਂ ਸੈਂਕੜਿਆਂ ਤੋਂ ਲੈ ਕੇ ਹਜ਼ਾਰਾਂ ਤੱਕ ਆਪਣੇ ਰੇਟ ਤੈਅ ਕੀਤੇ ਹੋਏ ਹਨ। ਮੰਗਲਵਾਰ ਦੇਰ ਰਾਤ ਤੱਕ ਅੌਰਤਾਂ ਮਹਿੰਦੀ ਲਗਵਾਉਂਦੀਆਂ ਨਜ਼ਰ ਆਈਆਂ।


