ਕਬੱਡੀ ਵਿਸ਼ਵ ਕੱਪ ‘ਚ ਭਾਰਤ ਦੀ ਅਗਵਾਈ ਕਰਨਗੇ ਅਨੂਪ ਕੁਮਾਰ
ਮੁੰਬਈ— ਹਰਿਆਣਾ ਦੇ ਕਬੱਡੀ ਸਟਾਰ ਅਨੂਪ ਕੁਮਾਰ ਅਗਲੇ ਮਹੀਨੇ ਅਹਿਮਦਾਬਾਦ ‘ਚ ਹੋਣ ਵਾਲੇ ਕਬੱਡੀ ਵਿਸ਼ਵ ਕੱਪ ‘ਚ ਭਾਰਤੀ ਟੀਮ ਦੀ ਅਗਵਾਈ ਕਰਨਗੇ। ਆਲਰਾਊਂਡਰ ਮਨਜੀਤ ਛਿੱਲਰ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਭਾਰਤ ਨੇ 7 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਟੂਰਨਾਮੈਂਟ ਦੇ ਲਈ 14 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਟੂਰਨਾਮੈਂਟ ‘ਚ ਕੁੱਲ 12 ਟੀਮਾਂ ਹਿੱਸਾ ਲੈਣਗੀਆਂ। ਮੇਜ਼ਬਾਨ ਭਾਰਤ ਤੋਂ ਇਲਾਵਾ ਹੋਰ ਜਿਹੜੇ ਦੇਸ਼ ਇਸ ‘ਚ ਹਿੱਸਾ ਲੈ ਰਹੇ ਹਨ ਉਨ੍ਹਾਂ ‘ਚ ਈਰਾਨ, ਦੱਖਣੀ ਕੋਰੀਆ, ਬੰਗਲਾਦੇਸ਼, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਪੋਲੈਂਡ, ਥਾਈਲੈਂਡ, ਜਾਪਾਨ, ਅਰਜਨਟੀਨਾ ਅਤੇ ਕੀਨੀਆ ਸ਼ਾਮਲ ਹਨ।
ਬਲਵਾਨ ਸਿੰਘ ਭਾਰਤੀ ਟੀਮ ਦੇ ਮੁੱਖ ਕੋਚ ਅਤੇ ਈ. ਭਾਸਕਰਨ ਸਹਾਇਕ ਕੋਚ ਹੋਣਗੇ। ਬਲਵਾਨ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ‘ਚ ਕਿਹਾ, ”ਅਹਿਮਦਾਬਾਦ ‘ਚ ਅਭਿਆਸ ਕੈਂਪ ‘ਚ ਸਖਤ ਅਭਿਆਸ ਕੀਤਾ ਸੀ ਜਿਸ ਨਾਲ ਅਸੀਂ ਭਾਰਤੀ ਟੀਮ ‘ਚ ਸਹੀ ਖਿਡਾਰੀਆਂ ਦੀ ਚੋਣ ਕਰਨ ‘ਚ ਸਫਲ ਰਹੇ। ਸਾਡਾ ਟੀਚਾ ਆਗਾਮੀ ਵਿਸ਼ਵ ਕੱਪ ਦੇ ਲਈ ਸੁੰਤਲਿਤ ਟੀਮ ਦੀ ਚੋਣ ਕਰਨਾ ਸੀ।” ਦਿੱਗਜ ਕ੍ਰਿਕਟਰ ਅਤੇ 1983 ਵਿਸ਼ਵ ਕੱਪ ਦੇ ਟੀਮ ਦੇ ਕਪਤਾਨ ਕਪਿਲ ਦੇਵ ਨੇ ਟੀਮ ਦੀ ਜਰਸੀ ਨੂੰ ਜਾਰੀ ਕੀਤਾ। ਕਪਿਲ ਨੇ ਅਨੂਪ ਨੂੰ ਆਪਣੇ ਆਟੋਗ੍ਰਾਫ ਵਾਲੀ ਇਕ ਰੰਗੀਨ ਟੀ ਸ਼ਰਟ ਵੀ ਸੌਂਪੀ ਜੋ ਉਨ੍ਹਾਂ ਨੇ ਭਾਰਤ ਦੀ ਆਸਟ੍ਰੇਲੀਆ ‘ਚ ਪਹਿਲੀ ਇਕ ਰੋਜ਼ਾ ਲੜੀ ਦੇ ਦੌਰਾਨ ਪਹਿਨੀ ਸੀ।



