Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

ਐਨਟਾਰੀਉ ਦਾ ਠੀਕ ਫ਼ੈਸਲਾ ਕਿ ਨਵੰਬਰ ’84 ਦਾ ਘਲੂਘਾਰਾ ‘ਨਸਲਕੁਸ਼ੀ’ ਤੇ ਕਤਲੇਆਮ ਸੀ!

By uscreative Published 4 min read

ਕੈਨੇਡਾ ਦੇ ਐਂਨਟਾਰੀਉ ਸੂਬੇ ਦੀ ਪਾਰਲੀਮੈਂਟ ਨੇ ’84 ਦੇ ਦਿੱਲੀ ਦੇ 72 ਘੰਟਿਆਂ ਦੀ ਪ੍ਰੀਭਾਸ਼ਾ ਹੀ ਬਦਲ ਦਿਤੀ ਹੈ। 32 ਸਾਲਾਂ ਤੋਂ ਭਾਰਤ ਸਰਕਾਰ ਉਨ੍ਹਾਂ 72 ਘੰਟਿਆਂ ਨੂੰ ‘ਦੰਗੇ’ ਆਖਦੀ ਆ ਰਹੀ ਸੀ। ਦੰਗੇ ਯਾਨੀ ਕਿ ਇਕ ਹਿੰਸਕ ਬੇਕਾਬੂ ਭੀੜ ਜੋ ਅਪਣੇ ਆਪ ਹੀ ਇਕ ਖੂੰਖਾਰ ਮੋੜ ਲੈ ਗਈ। ਪਰ ਐਂਨਟਾਰੀਉ ਨੇ ਉਨ੍ਹਾਂ 72 ਘੰਟਿਆਂ ਨੂੰ ‘ਕਤਲੇਆਮ’ ਅਤੇ ਉਸ ਤੋਂ ਵੀ ਅੱਗੇ ਨਸਲਕੁਸ਼ੀ ਮੰਨ ਲਿਆ ਹੈ। ਇਹ ਕਦਮ ਸਿੱਖ ਕੌਮ ਦੇ ਜ਼ਖ਼ਮਾਂ ਉਤੇ ਸ਼ਾਇਦ ਪਹਿਲਾ ਮਲ੍ਹਮ ਹੈ ਪਰ ਭਾਰਤ ਸਰਕਾਰ ਵਲੋਂ ਇਸ ਫ਼ੈਸਲੇ ਉਤੇ ਇਤਰਾਜ਼ ਜਤਾਇਆ ਜਾ ਰਿਹਾ ਹੈ। ਨਸਲਕੁਸ਼ੀ ਕਹਿਣ ਦਾ ਮਤਲਬ ਇਹ ਕਬੂਲਣਾ ਹੈ ਕਿ ਉਹ 72 ਘੰਟੇ ਸਰਕਾਰ ਦੇ ਕੁੱਝ ਵੱਡੇ ਮੰਤਰੀਆਂ ਵਲੋਂ ਇਕ ਭੀੜ ਨੂੰ ਪੈਸਾ ਦੇ ਕੇ ਨਫ਼ਰਤ ਅਤੇ ਗੁੱਸੇ ਵਿਚ ਹੈਵਾਨੀਅਤ ਦੇ ਨੇੜੇ ਪਹੁੰਚਾ ਕੇ ਸਿੱਖਾਂ ਦਾ ਸ਼ਿਕਾਰ ਕਰਨ ਲਈ ਉਨ੍ਹਾਂ ਉਤੇ ਛੱਡ ਦਿਤਾ ਗਿਆ। ਇਹ ਨਸਲਕੁਸ਼ੀ ਇਸ ਕਰ ਕੇ ਹੈ ਕਿ ਇਨ੍ਹਾਂ 72 ਘੰਟਿਆਂ ਵਿਚ ਇਕ ਵੀ ਹਿੰਦੂ, ਮੁਸਲਮਾਨ, ਈਸਾਈ ਨਹੀਂ ਮਾਰਿਆ ਗਿਆ, ਸਿਰਫ਼ ਸਿੱਖ ਹੀ ਹਜ਼ਾਰਾਂ ਦੀ ਗਿਣਤੀ ਵਿਚ ਮਾਰੇ ਗਏ। ਇਹ ਕਤਲੇਆਮ ਇਸ ਕਰ ਕੇ ਹੈ ਕਿਉਂਕਿ ਇਸ ਦੇ ਪਿੱਛੇ ਸਰਕਾਰ ਦਾ ਹੱਥ ਸੀ। ਪੁਲੀਸ ਹੱਥ ਉਤੇ ਹੱਥ ਧਰੀ ਬੈਠੀ ਰਹੀ ਜਾਂ ਕਾਤਲਾਂ ਦੀ ਮਦਦ ਕਰ ਰਹੀ ਸੀ।

ਇਸ ਨੂੰ ਨਸਲਕੁਸ਼ੀ ਆਖਣਾ ਜ਼ਰੂਰੀ ਹੈ ਕਿਉਂਕਿ ਸਿੱਖ ਭਾਰਤ ਦਾ ਹਿੱਸਾ ਹਨ ਤੇ ਜਦ ‘ਭਾਰਤ ਮਾਂ’ ਨੇ ਅਪਣੇ ਸੱਭ ਤੋਂ ਦਲੇਰ ਤੇ ਵਫ਼ਾਦਾਰ ਬੱਚੇ ਨਾਲ ਅਨਿਆ ਕੀਤਾ, ਉਸ ਕੌਮ ਦਾ ਦਿਲ ਟੁੱਟ ਗਿਆ ਤੇ ਅਜੇ ਤਕ ਉਹ ਦਿਲ ਟੁੱਟਾ ਹੀ ਚਲਿਆ ਆ ਰਿਹਾ ਹੈ। ਭਾਰਤ ਦਾ ਹਰ ਨਾਗਰਿਕ ਸਿੱਖਾਂ ਦਾ ਗੁਨਾਹਗਾਰ ਹੈ ਕਿਉਂਕਿ ਉਹ ਚੁੱਪੀ ਧਾਰੀ ਬੈਠਾ ਰਿਹਾ। 32 ਸਾਲ ਬਾਅਦ ਉਸ ਕਤਲੇਆਮ ਦੇ ਕਿਸੇ ਇਕ ਕਾਤਲ ਨੂੰ ਵੀ ਸਜ਼ਾ ਨਹੀਂ ਮਿਲੀ। ਸੁਪਰੀਮ ਕੋਰਟ ਅੱਜ ਆਖਦੀ ਹੈ ਕਿ 25 ਸਾਲਾਂ ਤੋਂ ਬਾਬਰੀ ਮਸਜਿਦ ਦੇ ਹਾਦਸੇ ਨੂੰ ਇਨਸਾਫ਼ ਨਾ ਮਿਲਣਾ, ਨਿਆਂ ਦੀ ਤੌਹੀਨ ਹੈ ਪਰ ‘ਦਿੱਲੀ ਕਤਲੇਆਮ’ ਵੀ ਉਸ ਤੋਂ ਘੱਟ ਨਹੀਂ। ਜੋ ਸਿੱਖ ਦਿੱਲੀ ਵਿਚ ਮਾਰੇ ਗਏ, ਉਨ੍ਹਾਂ ਦੇ ਪ੍ਰਵਾਰਾਂ ਦੇ ਜ਼ਖ਼ਮ ਬਾਬਰੀ ਮਸਜਿਦ ਦੇ ਪੀੜਤਾਂ ਤੋਂ ਵਖਰੇ ਜਾਂ ਘੱਟ ਨਹੀਂ ਹਨ। ਪਰ ਬਾਬਰੀ ਮਸਜਿਦ ਹਾਦਸੇ ਦੇ ਪੀੜਤਾਂ ਦੀ ਪੀੜ ਅਤੇ ਦਿੱਲੀ ਦੇ ਉਨ੍ਹਾਂ ਸਿੱਖਾਂ ਦੇ ਪੀੜ ਵਿਚ ਇਕ ਅੰਤਰ ਵੀ ਸੀ। ਬਾਬਰੀ ਮਸਜਿਦ ਸਾਕਾ ਹੋ ਜਾਣ ਤੋਂ ਬਾਅਦ ਦੇਸ਼ ਭਰ ਵਿਚ ਦੰਗੇ ਹੋਏ ਜਿਥੇ ਮੁਸਲਮਾਨਾਂ ਤੇ ਹਿੰਦੂਆਂ ਨੇ ਆਪਸ ਵਿਚ ਭਿੜ ਕੇ ਇਕ ਦੂਜੇ ਤੇ ਵਾਰ ਕੀਤੇ। ਦੋ ਹਜ਼ਾਰ ਲੋਕ ਮਾਰੇ ਗਏ ਜਿਨ੍ਹਾਂ ਵਿਚ ਜ਼ਿਆਦਾਤਰ ਮੁਸਲਮਾਨ ਸਨ। ਪਰ, ਦਿੱਲੀ ਸਿੱਖ ਕਤਲੇਆਮ ਵਿਚ ਸਿੱਖ ਨਿਹੱਥੇ ਸਨ। ਉਨ੍ਹਾਂ ਨੂੰ ਅਜੇ ਵੀ ਸਰਕਾਰ ਤੇ ਭਰੋਸਾ ਸੀ ਕਿਉਂਕਿ ਸਿੱਖਾਂ ਦੀ ਸੋਚ ਵਿਚ ਇਹ ਸ਼ਾਮਲ ਹੈ ਕਿ ਭਾਰਤ ਸਾਡਾ ਅਪਣਾ ਦੇਸ਼ ਅਤੇ ਜਨਮ-ਭੁਮੀ ਹੈ। ਭਾਰਤ ਦੀ ਹਰ ਜੰਗ ਵਿਚ ਸੱਭ ਤੋਂ ਅੱਗੇ ਦਲੇਰੀ ਨਾਲ ਜਾਨ ਤਲੀ ਉਤੇ ਰੱਖਣ ਵਾਲੇ ਸਿੱਖ ਫ਼ੌਜੀ ਹੀ ਹੁੰਦੇ ਹਨ। ਇਸ ਜਾਂਬਾਜ਼ ਕੌਮ ਨੇ ਭਾਰਤ ਦੀ ਸਰਹੱਦ ਨੂੰ ਹਮੇਸ਼ਾ ਸੁਰੱਖਿਅਤ ਹੀ ਰਖਿਆ ਹੈ ਤੇ ਅੰਗਰੇਜ਼ਾਂ ਦਾ ਰਾਜ ਸੱਭ ਤੋਂ ਘਟ ਸਮੇਂ ਲਈ ਪੰਜਾਬ ਵਿਚ ਹੀ ਰਿਹਾ ਸੀ ਜਦਕਿ ਸਾਰਾ ਭਾਰਤ ਗ਼ੁਲਾਮ ਬਣ ਚੁੱਕਾ ਸੀ। ਭਾਰਤ ਵੰਡ ਸਮੇਂ ਸਿੱਖਾਂ ਨੇ ਭਾਰਤ ਦਾ ਸਾਥ ਨਾ ਛਡਿਆ ਭਾਵੇਂ ਉਸ ਬਟਵਾਰੇ ਵਿਚ ਵੀ ਸਿੱਖਾਂ ਨੇ ਸੱਭ ਤੋਂ ਵੱਧ ਜਾਨਾਂ ਗਵਾਈਆਂ। ਮੁਗ਼ਲਾਂ ਦੇ ਰਾਜ ਵਿਚ ਹਿੰਦੂਆਂ ਦੀ ਰਾਖੀ ਕਰਦਿਆਂ ਤੇ ਆਜ਼ਾਦੀ ਦੀ ਲੜਾਈ ਵਿਚ ਦੇਸ਼ ਲਈ, ਕੁਰਬਾਨੀ ਕਰਦਿਆਂ ਸਿੱਖ ਸੱਭ ਤੋਂ ਅੱਗੇ ਹੋ ਕੇ ਨਿੱਤਰਦੇ ਰਹੇ। ਇਹ ਸਾਰੇ ਤੱਥ ਜ਼ਿਹਨ ਵਿਚ ਵਸੇ ਹੋਏ ਹੋਣ ਕਾਰਨ, ਦਿੱਲੀ ਦੇ ਸਿੱਖਾਂ ਨੇ ਕਦੇ ਸੋਚਿਆ ਵੀ ਨਹੀਂ ਕਿ ਸਰਕਾਰ ਉਨ੍ਹਾਂ ਦੇ ਖ਼ੂਨ ਦੀ ਪਿਆਸੀ ਹੋ ਜਾਵੇਗੀ।

ਕਿੰਨੀਆਂ ਔਰਤਾਂ ਦੀ ਪੱਤ ਲੁੱਟੀ ਗਈ, ਕਿੰਨੀਆਂ ਕੁੜੀਆਂ ਘਰਾਂ ਵਿਚੋਂ ਚੁੱਕ ਕੇ ਵੇਚ ਦਿਤੀਆਂ, ਕਿੰਨੀਆਂ ਨੇ ਅਪਣੇ ਘਰ ਦੇ ਸਾਰੇ ਮਰਦ ਜ਼ਿੰਦਾ ਸੜਦੇ ਵੇਖੇ, ਅਪਣੇ ਬੱਚੇ ਅਪਣੀਆਂ ਅੱਖਾਂ ਸਾਹਮਣੇ ਪਾਣੀ ਦੀ ਬੂੰਦ ਬੂੰਦ ਲਈ ਤਰਸਦੇ ਤੇ ਮਰਦੇ ਵੇਖੇ। ਇਨ੍ਹਾਂ ਸੱਭ ਦਾ ਕੋਈ ਸੱਚਾ ਹਿਸਾਬ ਨਹੀਂ ਹੈ। ਪਰ ਇਨ੍ਹਾਂ ਦੀਆਂ ਕਹਾਣੀਆਂ ਅਜੇ ਵੀ ਉਨ੍ਹਾਂ 72 ਘੰਟਿਆਂ ਦੇ ਇਨਸਾਫ਼ ਦੀ ਉਡੀਕ ਕਰ ਰਹੀਆਂ ਹਨ। ਕੀ ਅੱਜ ਇਹ ਦਲੇਰ ਕੌਮ ਅਪਣੇ ਵਾਸਤੇ ਖੜੀ ਹੋ ਸਕਦੀ ਹੈ ਤੇ ਅਪਣੇ ਦੇਸ਼ ਵਿਚ ਅਪਣੇ ਨਾਲ ਹੋਏ ਅਨਿਆਂ ਦੀ ਕਹਾਣੀ ਨੂੰ ਕਿਸੇ ਸੁਖਦ ਅੰਜਾਮ ਵਲ ਲਿਜਾ ਸਕਦੀ ਹੈ? ਜੇ ਅਪਣਾ ਹੀ ਦੇਸ਼ ਅਪਣੇ ਇਤਿਹਾਸ ਨੂੰ ਸਹੀ ਨਾ ਕਰ ਸਕਿਆ ਤਾਂ ਦੁਨੀਆਂ ਦਾ ਕੀ ਕਰ ਲਵੇਗਾ? ਇਹ ਅੱਜ ਸਾਰੇ ਭਾਰਤ ਵਾਸਤੇ ਸ਼ਰਮ ਦੀ ਗੱਲ ਹੈ ਕਿ ਸਿੱਖ, ਵਿਦੇਸ਼ਾਂ ਵਿਚ ਜਾ ਕੇ ਇਨਸਾਫ਼ ਮੰਗ ਰਹੇ ਹਨ। ਭਾਰਤ ਅਪਣੀ ਗ਼ਲਤੀ ਮੰਨਣ ਨਾਲ ਵੱਡਾ ਹੀ ਹੋਵੇਗਾ, ਛੋਟਾ ਨਹੀਂ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp