ਜਲੰਧਰ— ਇਨ੍ਹੀਂ ਦਿਨੀਂ ਇਕ ਪੰਜਾਬੀ ਫਿਲਮ ਦੀ ਹਰ ਪਾਸੇ ਚਰਚਾ ਸੁਣਨ ਨੂੰ ਮਿਲ ਰਹੀ ਹੈ, ਜਿਸ ਦਾ ਨਾਂ ਹੈ ‘ਵਾਪਸੀ’। ‘ਵਾਪਸੀ’ ‘ਚ ਅਭਿਨੇਤਾ ਹਰੀਸ਼ ਵਰਮਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ‘ਚ ਸਮੇਕਸ਼ਾ, ਧਰਿਤੀ ਸਹਾਰਾਨ ਤੇ ਗੁਲਸ਼ਨ ਗਰੋਵਰ ਵੀ ਆਪਣੀ ਅਦਾਕਾਰੀ ਦਾ ਜੌਹਰ ਦਿਖਾਉਂਦੇ ਨਜ਼ਰ ਆਉਣਗੇ। ਫਿਲਮ ਦੀ ਕਹਾਣੀ ਨੌਜਵਾਨ ਹਾਕੀ ਖਿਡਾਰੀ ਅਜੀਤ ਸਿੰਘ (ਹਰੀਸ਼ ਵਰਮਾ) ਦੇ ਆਲੇ-ਦੁਆਲੇ ਘੁੰਮਦੀ ਹੈ, ਜਿਹੜਾ ਪੰਜਾਬ ਦੇ ਕਾਲੇ ਦਿਨਾਂ ਕਾਰਨ ਭਿਆਨਕ ਮੁਸੀਬਤ ‘ਚ ਫੱਸ ਜਾਂਦਾ ਹੈ।
‘ਵਾਪਸੀ’ ਉਨ੍ਹਾਂ ਨੌਜਵਾਨਾਂ ਦੀ ਕਹਾਣੀ ਨੂੰ ਵੀ ਦਰਸਾਉਂਦੀ ਹੈ, ਜਿਹੜੇ 1984 ਦੇ ਦੰਗਿਆਂ ਕਾਰਨ ਦੇਸ਼ ਛੱਡਣ ਲਈ ਮਜਬੂਰ ਹੋ ਗਏ ਸਨ। ਹਾਲਾਂਕਿ ਹੁਣ ਸਾਰੇ ਆਪਣੇ ਦੇਸ਼ ਵਾਪਸ ਆਉਣਾ ਚਾਹੁੰਦੇ ਹਨ। ਇਸੇ ਘਰ ਵਾਪਸੀ ਦੀ ਕਹਾਣੀ ਬਿਆਨ ਕਰ ਰਹੀ ਹੈ ਫਿਲਮ ‘ਵਾਪਸੀ’। ਫਿਲਮ ਦਾ ਟਰੇਲਰ 13 ਅਪ੍ਰੈਲ ਨੂੰ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਭਰਪੂਰ ਹੁੰਗਾਰਾ ਮਿਲਿਆ। ਫਿਲਮ ਅਗਲੇ ਮਹੀਨੇ 3 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦਾ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ।