ਨਵੀਂ ਦਿੱਲੀ (ਪੀਟੀਆਈ) : ਸੀਬੀਆਈ ਨੇ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀਬੀਐੱਫਸੀ) ਖ਼ਿਲਾਫ਼ ਫਿਲਮ ਦਾ ਸਰਟੀਫਿਕੇਟ ਦੇਣ ਬਦਲੇ ਰਿਸ਼ਵਤ ਲੈਣ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਤਾਮਿਲ ਅਦਾਕਾਰ ਵਿਸ਼ਾਲ ਨੇ ਸੀਬੀਆਈ ਨੂੰ ਸ਼ਿਕਾਇਤ ਦੇ ਕੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਤੋਂ ਫਿਲਮ ਦੇ ਸਰਟੀਫਿਕੇਟ ਲਈ ਸਤੰਬਰ 2023 ’ਚ ਸੱਤ ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ। ਅਦਾਕਾਰ ਵਿਸ਼ਾਲ ਨੇ ਕਿਹਾ ਸੀ ਕਿ ਉਨ੍ਹਾਂ ਨੇ ਫਿਲਮ ਲਈ ਸਰਟੀਫਿਕੇਟ ਬਦਲੇ ਬੋਰਡ ਨੂੰ 6.5 ਲੱਖ ਰੁਪਏ ਦਿੱਤੇ ਸਨ। ਰਿਸ਼ਵਤ ਦੇਣ ਤੋਂ ਬਾਅਦ ਹੀ ਉਨ੍ਹਾਂ ਨੂੰ ਫਿਲਮ ਦਾ ਸਰਟੀਫਿਕੇਟ ਜਾਰੀ ਕੀਤਾ ਗਿਆ ਸੀ।
ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਮੁਲਜ਼ਮਾਂ ਦੇ ਕੰਪਲੈਕਸ ਸਮੇਤ ਮੁੰਬਈ ’ਚ ਚਾਰ ਥਾਵਾਂ ’ਤੇ ਛਾਪੇਮਾਰੀ ਤੋਂ ਬਾਅਦ ਐੱਫਆਈਆਰ ਦਰਜ ਕੀਤੀ ਗਈ। ਸੀਬੀਅਈ ਨੇ ਮਰਨਿਲ ਮੇਨਗਾ, ਜੀਜਾ ਰਾਮਦਾਸ, ਰਾਜਨ ਐੱਮ ਤੇ ਸੀਬੀਐੱਫਸੀ ਦੇ ਇਕ ਅਣਪਛਾਤੇ ਸਰਕਾਰੀ ਅਫਸਰ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਸੀਬੀਆਈ ਦੇ ਬੁਲਾਰੇ ਨੇ ਕਿਹਾ ਕਿ ਇਹ ਦੋਸ਼ ਲਗਾਇਆ ਗਿਆ ਹੈ ਕਿ ਇਕ ਫਿਲਮ ਨੂੰ ਹਿੰਦੀ ’ਚ ਡੱਬ ਕਰਨ ਲਈ ਸਤੰਬਰ 2023 ’ਚ ਇਕ ਵਿਅਕਤੀ ਨੇ ਹੋਰ ਲੋਕਾਂ ਨਾਲ ਮਿਲ ਕੇ ਰਿਸ਼ਵਤ ਦੀ ਸਾਜ਼ਿਸ਼ ਰਚੀ ਸੀ। ਉਕਤ ਸਾਜ਼ਿਸ਼ ਨੂੰ ਅੰਜਾਮ ਦੇਣ ਲਈ ਮੁਲਜ਼ਮ ਨੇ ਸ਼ੁਰੂ ’ਚ ਸੀਬੀਐੱਫਸੀ ਮੁੰਬਈ ਦੇ ਅਧਿਕਾਰੀਆਂ ਵੱਲੋਂ ਰਿਸ਼ਵਤ ਦੀ ਮੰਗ ਕੀਤੀ ਸੀ। ਅਧਿਕਾਰੀ ਮੁਤਾਬਕ, ਗੱਲਬਾਤ ਤੋਂ ਬਾਅਦ ਰਿਸ਼ਵਤ ਦੀ ਰਾਸ਼ੀ ਘੱਟ ਕੇ 6.54 ਲੱਖ ਰੁਪਏ ਹੋ ਗਈ ਸੀ। ਬੁਲਾਰੇ ਨੇ ਇਕ ਬਿਆਨ ’ਚ ਕਿਹਾ ਕਿ ਔਰਤ ਨੇ ਸੀਬੀਐੱਫਸੀ ਮੁੰਬਈ ਦੇ ਅਧਿਕਾਰੀਆਂ ਵੱਲੋਂ ਦੋ ਹੋਰ ਮੁਲਜ਼ਮਾਂ ਦੇ ਦੋ ਬੈਂਕ ਖਾਤਿਆਂ ’ਚ 6.54 ਲੱਖ ਰੁਪਏ ਦੀ ਰਿਸ਼ਵਤ ਹਾਸਲ ਕੀਤੀ ਸੀ। ਇਸ ਤੋਂ ਬਾਅਦ ਹਿੰਦੀ ’ਚ ਡੱਬ ਫਿਲਮ ਲਈ 26 ਸਤੰਬਰ 2023 ਨੂੰ ਜ਼ਰੂਰੀ ਸਰਟੀਫਿਕੇਟ ਸੀਬੀਐੱਫਸੀ ਮੁੰਬਈ ਵਲੋਂ ਜਾਰੀ ਕੀਤਾ ਗਿਆ।



