ਜਾਗਰਣ ਬਿਊਰੋ, ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਦਿੱਲੀ ’ਚ ਵਧਦੇ ਹਵਾ ਪ੍ਰਦੂਸ਼ਣ ’ਤੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ’ਤੇ ਇਸ ਦਾ ਗੰਭੀਰ ਅਸਰ ਪਵੇਗਾ। ਕੋਰਟ ਨੇ ਦਿੱਲੀ ਸਮੇਤ ਐੱਨਸੀਆਰ ਦੇ ਪੰਜ ਸੂਬਿਆਂ ਤੋਂ ਹਵਾ ਗੁਣਵੱਤਾ ਸੁਧਾਰਣ ਲਈ ਚੁੱਕੇ ਗਏ ਕਦਮਾਂ ’ਤੇ ਹਲਫ਼ਨਾਮਾ ਮੰਗਿਆ ਹੈ। ਕੋਰਟ ਨੇ ਦਿੱਲੀ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਰਾਜਸਥਾਨ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਇਕ ਹਫਤੇ ’ਚ ਹਲਫ਼ਨਾਮਾ ਦਾਖਲ ਕਰ ਕੇ ਦੱਸਣ ਕਿ ਉਨ੍ਹਾਂ ਨੇ ਹਵਾ ਗੁਣਵੱਤਾ ਸੁਧਾਰਨ ਲਈ ਕੀ ਕਦਮ ਚੁੱਕੇ ਹਨ। ਕੋਰਟ ਨੇ ਕਿਹਾ ਕਿ ਦਿੱਲੀ ’ਚ ਹਵਾ ਪ੍ਰਦੂਸ਼ਣ ’ਚ ਕਾਰਨਾਂ ’ਚ ਪਰਾਲੀ ਸਾੜਨਾ ਇਕ ਮੁੱਖ ਮੁੱਦਾ ਹੈ। ਕੋਰਟ ਨੇ ਮਾਮਲੇ ਨੂੰ ਸੱਤ ਨਵੰਬਰ ਨੂੰ ਮੁੜ ਸੁਣਵਾਈ ’ਤੇ ਲਾਉਣ ਦਾ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਨਿਗਰਾਨੀ ਕਰਨਗੇ ਕਿ ਕੀ ਹੋ ਰਿਹਾ ਹੈ ਨਹੀਂ ਤਾਂ ਪੂਰਾ ਸੀਜ਼ਨ ਇਸੇ ਤਰ੍ਹਾਂ ਬਣਿਆ ਰਹੇਗਾ। ਕੋਰਟ ਨੇ ਹਵਾ ਗੁਣਵੱਤਾ ਮੈਨੇਜਮੈਂਟ ਕਮਿਸ਼ਨ ਦਿੱਲੀ ਐੱਨਸੀਆਰ ਰੀਜਨ (ਸੀਕਿਊਐੱਮ) ਦੀ ਰਿਪੋਰਟ ਦੇਖਣ ਤੋਂ ਬਾਅਦ ਉਸ ਨੂੰ ਵੀ ਚਾਰਟ ਦੇ ਰੂਪ ’ਚ ਤੇ ਸਮੁੱਚੀ ਰਿਪੋਰਟ ਦਾਖਲ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਹ ਨਿਰਦੇਸ਼ ਜਸਟਿਸ ਸੰਜੇ ਕਿਸ਼ਨ ਕੌਲ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਬੈਂਚ ਨੇ ਮੰਗਲਵਾਰ ਨੂੰ ਦਿੱਲੀ-ਐੱਨਸੀਆਰ ’ਚ ਹਵਾ ਪ੍ਰਦੂਸ਼ਣ ਦੇ ਮੁੱਦੇ ’ਤੇ ਸੁਣਵਾਈ ਦੌਰਾਨ ਦਿੱਤੇ। ਹਵਾ ਗੁਣਵੱਤਾ ਮੈਨੇਜਮੈਂਟ ਕਮਿਸ਼ਨ ਦਿੱਲੀ ਐੱਨਸੀਆਰ ਰੀਜਨ ਨੇ ਸੁਪਰੀਮ ਕੋਰਟ ’ਚ ਰਿਪੋਰਟ ਦਾਖਲ ਕਰ ਕੇ ਹਵਾ ਗੁਣਵੱਤਾ ਬਣਾਏ ਰੱਖਣ ਲਈ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਦਿੱਤੀ ਸੀ ਪਰ ਕੋਰਟ ਨੇ ਰਿਪੋਰਟ ਦੇਖਣ ਤੋਂ ਬਾਅਦ ਕਿਹਾ ਕਿ ਰਿਪੋਰਟ ਨੂੰ ਸ਼੍ਰੇਣੀਵਾਰ, ਸਮੁੱਚੀ ਤੇ ਚਾਰਟ ਦੇ ਰੂਪ ’ਚ ਦਾਖਲ ਕੀਤਾ ਜਾਣਾ ਚਾਹੀਦਾ ਹੈ। ਕੋਰਟ ਨੇ ਕਮਿਸ਼ਨ ਵੱਲੋਂ ਪੇਸ਼ ਵਕੀਲ ਨੂੰ ਕਿਹਾ ਕਿ ਪਰਾਲੀ ਸੜਨ ਦੇ ਮਾਮਲੇ ’ਚ ਕੀ ਹੋਇਆ ਤੇ ਉਸ ਦਾ ਕੀ ਅਸਰ ਹੈ। ਜ਼ਮੀਨ ’ਤੇ ਕੀ ਹੋ ਰਿਹਾ ਹੈ, ਲੱਗਦਾ ਹੈ ਕਿ ਇਹ ਕਦਮ ਸਿਰਫ਼ ਕਾਗਜ਼ਾਂ ’ਚ ਹਨ। ਕੋਰਟ ਨੇ ਕਿਹਾ ਕਿ ਉਪਾਅ ਕੀਤੇ ਜਾਣ ਦੇ ਬਾਵਜੂਦ ਹਵਾ ਪ੍ਰਦੂਸ਼ਣ ਬਣਿਆ ਹੋਇਆ ਹੈ। ਬੈਂਚ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਦਿੱਲੀ ’ਚ ਇਹ ਸਭ ਤੋਂ ਚੰਗਾ ਸਮਾਂ ਸੀ ਤੇ ਹੁਣ ਸ਼ਹਿਰ ਦੀ ਗੁਣਵੱਤਾ ਖਰਾਬ ਹੋ ਰਹੀ ਹੈ। ਘਰੋਂ ਬਾਹਰ ਨਿਕਲਣਾ ਮੁਸ਼ਕਲ ਹੈ। ਬੈਂਚ ਨੇ ਹਵਾ ਗੁਣਵੱਤਾ ਮੈਨੇਜਮੈਂਟ ਕਮਿਸ਼ਨ ਦਿੱਲੀ ਐੱਨਸੀਆਰ ਰੀਜਨ ਨੂੰ ਕਿਹਾ ਕਿ ਉਹ ਸਮੱਸਿਆ ਸ਼ੁਰੂ ਹੋਣ ਦੀ ਮਿਆਦ ਦੇ ਹਵਾ ਗੁਣਵੱਤਾ ਸੂਚਕਅੰਕ ਤੇ ਖੇਤਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਗਿਣਤੀ ਵਰਗੇ ਮਾਪਦੰਡਾਂ ਸਮੇਤ ਜ਼ਮੀਨੀ ਸਥਿਤੀ ਦੱਸਦੇ ਹੋਏ ਸਾਰੀਆਂ ਚੀਜ਼ਾਂ ਚਾਰਟ ਦੇ ਰੂਪ ’ਚ ਪੇਸ਼ ਕਰੇ। ਕੋਰਟ ਨੇ ਕਿਹਾ ਕਿ ਦਿੱਲੀ ਦੀ ਲੋਕੇਸ਼ਨ ਤੇ ਮੌਸਮ ਵੀ ਹੈ। ਪਰਾਲੀ ਸੜਨਾ ਇਕ ਮੁੱਖ ਕਾਰਨ ਹੈ। ਹਰ ਸਾਲ ਇਹ ਆਉਂਦੀ ਹੈ ਤੇ ਜਾਂਦੀ ਹੈ। ਮਾਮਲੇ ’ਚ ਸੱਤ ਨਵੰਬਰ ਨੂੰ ਮੁੜ ਸੁਣਵਾਈ ਹੋਵੇਗੀ। ਪਿਛਲੀ ਸੁਣਵਾਈ ’ਤੇ ਕੋਰਟ ਨੇ ਹਵਾ ਗੁਣਵੱਤਾ ਮੈਨੇਜਮੈਂਟ ਕਮਿਸ਼ਨ ਦਿੱਲੀ ਐੱਨਸੀਆਰ ਰੀਜਨ ਤੋਂ ਹਵਾ ਗੁਣਵੱਤਾ ’ਚ ਸੁਧਾਰ ਲਈ ਚੁੱਕੇ ਗਏ ਕਦਮਾਂ ਦੀ ਰਿਪੋਰਟ ਮੰਗੀ ਸੀ। ਜਿਹੜੀ ਕਮਿਸ਼ਨ ਨੇ ਦਾਖਲ ਕੀਤੀ ਹੈ।