ਜਾਗਰਣ ਬਿਊਰੋ, ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਪਾਰਦਰਸ਼ਿਤਾ ਵੱਲ ਇਕ ਹੋਰ ਕਦਮ ਵਧਾਇਆ ਹੈ। ਹੁਣ ਸੁਪਰੀਮ ਕੋਰਟ ’ਚ ਲੰਬਿਤ ਮੁਕੱਦਮਿਆਂ ਤੇ ਨਿਪਟਾਏ ਗਏ ਮੁਕੱਦਮਿਆਂ ਦਾ ‘ਰੀਅਲ ਟਾਈਮ ਡਾਟਾ’ ਨੈਸ਼ਨਲ ਜਿਊਡੀਸ਼ੀਅਲ ਡਾਟਾ ਗਰਿਡ (ਐੱਨਜੇਡੀਜੀ) ’ਤੇ ਮੁਹਈਆ ਹੋਵੇਗਾ। ਸੁਪਰੀਮ ਕੋਰਟ ਦੀ ਵੈੱਬਸਾਈਟ ’ਤੇ ਹੀ ਐੱਨਜੇਡੀਜੀ ਦਾ ਵੀ ਇਕ ਆਈਕਾਨ ਮੁਹਈਆ ਹੋਵੇਗਾ ਜਿਸ ਨੂੰ ਕਲਿਕ ਕਰਦਿਆਂ ਹੀ ਸੁਪਰੀਮ ਕੋਰਟ ’ਚ ਲੰਬਿਤ ਕੇਸਾਂ ਦਾ ਸਾਲ ਵਾਰ ਤੇ ਸ਼ੇ੍ਰੇਣੀਵਾਰ ਬਿਓਰਾ ਦਿਸੇਗਾ। ਹੁਣ ਤੱਕ ਦੇਸ਼ ਭਰ ਦੀਆਂ ਹਾਈ ਕੋਰਟਾਂ ਤੇ ਜ਼ਿਲ੍ਹਾ ਅਦਾਲਤਾਂ ’ਚ ਲੰਬਿਤ ਮਾਮਲਿਆਂ ਦਾ ਬਿਓਰਾ ਹੀ ਐੱਨਜੇਡੀਜੀ ’ਤੇ ਉਪਲਬਧ ਸੀ। ਵੀਰਵਾਰ ਨੂੰ ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਸੁਪਰੀਮ ਕੋਰਟ ’ਚ ਲੰਬਿਤ ਮੁਕੱਦਮਿਆਂ ਦੇ ਅੰਕੜੇ ਐੱਨਜੀਡੀਜੀ ’ਤੇ ਉਪਲਬਧ ਹੋਣ ਦੀ ਜਾਣਕਾਰੀ ਦਿੱਤੀ।

ਸਵੇਰੇ ਜਦੋਂ ਮੁਕੱਦਮਿਆਂ ਦੀ ਸੁਣਵਾਈ ਲਈ ਚੀਫ ਜਸਟਿਸ ਦਾ ਬੈਂਚ ਬੈਠਿਆ ਤਾਂ ਜਸਟਿਸ ਚੰਦਰਚੂੜ ਨੇ ਕਿਹਾ ਕਿ ਇਕ ਛੋਟਾ ਜਿਹਾ ਐਲਾਨ ਹੈ। ਇਹ ਇਕ ਇਤਿਹਾਸਕ ਦਿਨ ਹੈ। ਸੁਪਰੀਮ ਕੋਰਟ ਦੀ ‘ਰੀਅਲ ਟਾਈਮ ਡਾਟਾ’ ਐੱਨਜੇਡੀਜੀ ’ਤੇ ਉਪਲਬਧ ਹੋਵੇਗਾ। ਚੀਫ ਜਸਟਿਸ ਨੇ ਕਿਹਾ ਕਿ ਇਹ ਇਕ ਅਨੋਖਾ ਤੇ ਸੂਚਨਾਤਮਕ ਮੰਚ ਹੈ, ਜਿਸ ਨੂੰ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ (ਐੱਨਆਈਸੀ) ਤੇ ਸੁਪਰੀਮ ਕੋਰਟ ਦੀ ਟੀਮ ਨੇ ਮਿਲ ਕੇ ਵਿਕਸਤ ਕੀਤਾ ਹੈ। ਹੁਣ ਤੁਸੀਂ ਆਨਲਾਈਨ ਮਾਮਲਿਆਂ ਦੇ ਲੰਬਿਤ ਰਹਿਣ ਤੇ ਨਿਪਟਾਰੇ ਦੀ ‘ਰੀਅਲ ਟਾਈਮ’ ਜਾਣਕਾਰੀ ਦੇਖ ਸਕੋਗੇ। ਐੱਨਜੇਡੀਜੀ ’ਚ ਦੇਖਿਆ ਜਾ ਸਕਦਾ ਹੈ ਕਿ ਸੁਪਰੀਮ ਕੋਰਟ ’ਚ ਕਿੰਨੇ ਮੁਕੱਦਮੇ ਲੰਬਿਤ ਹਨ ਤੇ ਕਿੰਨਿਆਂ ਦਾ ਨਿਪਟਾਰਾ ਹੋਇਆ। ਇਹ ਅੰਕੜਾ ਸਾਲ ਵਾਰ ਉਪਲਬਧ ਹੋਵੇਗਾ। ਨਾਲ ਹੀ ਸੁਪਰੀਮ ਕੋਰਟ ’ਚ ਰਜਿਸਟਰ ਤੇ ਅਣਰਜਿਸਟਰ ਕੇਸਾਂ ਦਾ ਬਿਓਰਾ ਵੀ ਇਸ ’ਤੇ ਮੁਹਈਆ ਹੋਵੇਗਾ। ਇਹ ਵੀ ਜਾਣਿਆ ਜਾ ਸਕਦਾ ਹੈ ਕਿ ਕਿੰਨੇ ਜੱਜਾਂ ਦੇ ਬੈਂਚ ’ਚ ਕਿੰਨੇ ਮੁਕੱਦਮੇ ਲੰਬਿਤ ਹਨ। ਯਾਨੀ ਕਿੰਨੇ ਕੇਸ ਤਿੰਨ ਜੱਜਾਂ ਦੇ ਬੈਂਚ ਕੋਲ ਲੰਬਿਤ ਹਨ, ਕਿੰਨੇ ਪੰਜ ਤੇ ਕਿੰਨੇ ਸੱਤ ਤੇ ਨੌਂ ਜੱਜਾਂ ਦੇ ਬੈਂਚ ’ਚ ਲੰਬਿਤ ਹਨ। ਚੀਫ ਜਸਟਿਸ ਨੇ ਕਿਹਾ ਕਿ ਐੱਨਜੇਡੀਜੀ ’ਤੇ ਡਾਟਾ ਅਪਲੋਡ ਕਰਨ ਨਾਲ ਨਿਆਪਾਲਿਕਾ ’ਚ ਪਾਰਦਰਸ਼ਿਤਾ ਤੇ ਜਵਾਬਦੇਹੀ ਯਕੀਨੀ ਹੋਵੇਗੀ।

—————