ਜਲੰਧਰ— ਸਿਰ ਦਰਦ ਕਦੀ ਵੀ ਕਿਤੇ ਵੀ ਹੋ ਸਕਦਾ ਹੈ। ਸਿਰ ਦਰਦ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਜਿਸ ਤਰ੍ਹਾਂ ਕਿ ਤਣਾਅ, ਮੌਸਮ ‘ਚ ਬਦਲਾਅ, ਬੁਖਾਰ ਜਾਂ ਫਿਰ ਭੋਜਨ ‘ਚ ਬਦਲਾਅ। ਸਿਰ ਦਰਦ ਨੂੰ ਦੂਰ ਕਰਨ ਲਈ ਲੋਕ ਮੈਡੀਕਲ ਤੋਂ ਮਿਲਣ ਵਾਲੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਇਸਦਾ ਅਸਰ ਥੋੜ੍ਹੇ ਸਮੇਂ ਤੱਕ ਹੀ ਹੁੰਦਾ ਹੈ ਅਤੇ ਦਵਾਈਆਂ ਦੀ ਵਰਤੋਂ ਨਾਲ ਕਈ ਤਰ੍ਹਾਂ ਦੇ ਸਾਈਡ-ਇਫੈਕਟ ਵੀ ਹੋ ਸਕਦੇ ਹਨ। ਜੇਕਰ ਤੁਸੀਂ ਵੀ ਸਿਰ ਦਰਦ ਤੋਂ ਪਰੇਸ਼ਾਨ ਹੋ ਅਤੇ ਡਾਕਟਰ ਦੀ ਦਿੱਤੀ ਹੋਈ ਦਵਾਈ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ ਤਾਂ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ, ਜਿਸ ਦੀ ਵਰਤੋਂ ਕਰਨ ਨਾਲ ਸਿਰ ਦਰਦ ਦੀ ਸਮੱਸਿਆ ਦੂਰ ਹੋ ਜਾਵੇਗੀ। ਆਓ ਜਾਣਦੇ ਹਾਂ ਇਨ੍ਹਾਂ ਘਰੇਲੂ ਨੁਸਖਿਆਂ ਬਾਰੇ।
1. ਅਦਰਕ – ਮੌਸਮ ਦੇ ਬਦਲਾਅ ਦੇ ਕਾਰਨ ਜੁਕਾਮ ਦੀ ਸਮੱਸਿਆ ਹੋਣਾ ਆਮ ਹੈ, ਜਿਸ ਨਾਲ ਸਿਰ ਦਰਦ ਰਹਿੰਦਾ ਹੈ। ਇਸ ਲਈ ਅਦਰਕ ਦੇ ਪਾਣੀ ‘ਚ ਨਿੰਬੂ ਦਾ ਰਸ ਮਿਲਾ ਕੇ ਪੀਓ। ਸਿਰ ਦਰਦ ਤੋਂ ਆਰਾਮ ਮਿਲੇਗਾ।
2. ਪੁਦੀਨੇ ਦਾ ਤੇਲ – ਪੁਦੀਨੇ ‘ਚ ਮੌਜੂਦ ਮੇਥਲ ਸਿਰ ਦਰਦ ਦੀ ਪਰੇਸ਼ਾਨੀ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ। ਇਸਦੇ ਲਈ ਪੁਦੀਨੇ ਦੇ ਤੇਲ ਦੀਆਂ 3 ਬੂੰਦਾਂ ਲੈ ਕੇ, ਉਸ ‘ਚ ਇਕ ਚਮਚ ਬਾਦਾਮ, ਜੈਤੂਨ ਦਾ ਤੇਲ ਮਿਲਾਓ। ਹੁਣ ਇਸ ਮਿਸ਼ਰਨ ਨਾਲ ਸਿਰ ਦੀ ਮਾਲਿਸ਼ ਕਰੋ।
3. ਤੁਲਸੀ – ਸਿਰ ‘ਚ ਹਲਕਾ ਦਰਦ ਹੋਣ ‘ਤੇ ਪਾਣੀ ‘ਚ 3-4 ਤੁਲਸੀ ਦੀਆਂ ਪੱਤੀਆਂ ਉਬਾਲ ਲਓ। ਫਿਰ ਇਸ ‘ਚ ਸ਼ਹਿਦ ਮਿਲਾ ਕੇ ਪਿਓ, ਇਸ ਤਰ੍ਹਾਂ ਕਰਨ ਨਾਲ ਆਰਾਮ ਮਿਲੇਗਾ।
4. ਲੌਂਗ – ਲੌਂਗ ਨੂੰ ਚੰਗੀ ਤਰ੍ਹਾਂ ਪੀਸ ਕੇ ਸਾਫ ਕੱਪੜੇ ‘ਚ ਪਾ ਲਓ। ਹੁਣ ਇਸ ਨੂੰ ਸੁੰਗਦੇ ਰਹੋ। ਇਸ ਨਾਲ ਸਿਰ ਦਰਦ ਦੂਰ ਹੋ ਜਾਵੇਗਾ।
5. ਦਾਲਚੀਨੀ – ਦਾਲਚੀਨੀ ਨੂੰ ਪੀਸ ਲਓ ਅਤੇ ਪਾਣੀ ਮਿਲਾ ਕੇ ਪੇਸਟ ਬਣਾ ਲਓ। ਹੁਣ ਇਸ ਪੇਸਟ ਨੂੰ ਮੱਥੇ ‘ਤੇ ਲਗਾਓ ਅਤੇ ਮਾਲਿਸ਼ ਕਰੋ।