ਸਰੀ ਦੀ ਖੇਡ ਵਿਰਾਸਤ ਨੂੰ ਉਜਾਗਰ ਕਰਨ ਦਾ ਮੌਕਾ ਨਾ ਗਵਾਓ
ਸਰੀ, ਬੀ.ਸੀ. –ਸਿਟੀ ਸਰੀ ਵਾਸੀਆਂ ਨੂੰ ਯਾਦ ਦਿਵਾ ਰਿਹਾ ਹੈ ਕਿ ਸਰੀ ਸਪੋਰਟਸ ਹਾਲ ਆਫ਼ ਫੇਮ ਦੀ ਪਹਿਲੀ ਕਲਾਸ ਲਈ ਨਾਮਜ਼ਦਗੀਆਂ 31 ਦਸੰਬਰ ਨੂੰ ਬੰਦ ਹੋ ਰਹੀਆਂ ਹਨ। ਇਹ ਉਨ੍ਹਾਂ ਖਿਡਾਰੀਆਂ, ਕੋਚਾਂ, ਟੀਮਾਂ ਅਤੇ ਵੋਲੰਟੀਅਰਾਂ ਨੂੰ ਸਨਮਾਨਿਤ ਕਰਨ ਦਾ ਮੌਕਾ ਹੈ, ਜਿੰਨਾ ਨੇ ਸਰੀ ਖੇਡ ਜਗਤ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਹਰ ਵੱਡਾ ਖੇਡ ਪਲ ਉਨ੍ਹਾਂ ਲੋਕਾਂ ਨਾਲ ਸ਼ੁਰੂ ਹੁੰਦਾ ਹੈ ਜੋ ਆਪਣੇ ਭਾਈਚਾਰੇ ਨਾਲ ਡੂੰਘੀ ਤਰ੍ਹਾਂ ਜੁੜੇ ਹੁੰਦੇ ਹਨ।” “ਸਰੀ ਸਪੋਰਟਸ ਹਾਲ ਆਫ਼ ਫੇਮ ਉਨ੍ਹਾਂ ਲੋਕਾਂ ਨੂੰ ਸਨਮਾਨ ਦੇਵੇਗਾ ਜਿਨ੍ਹਾਂ ਨੇ ਪ੍ਰਤੀਭਾ ਨੂੰ ਨਿਖਾਰਿਆ, ਟੀਮਾਂ ਬਣਾਈਆਂ ਅਤੇ ਹੋਰਨਾਂ ਨੂੰ ਪ੍ਰੇਰਿਤ ਕੀਤਾ। ਜੇ ਕਿਸੇ ਨੇ ਤੁਹਾਡੇ ਖੇਡ-ਸਫ਼ਰ ਨੂੰ ਰੂਪ ਦਿੱਤਾ ਹੈ, ਤਾਂ ਇਹ ਉਨ੍ਹਾਂ ਨੂੰ ਸਨਮਾਨਿਤ ਕਰਨ ਦਾ ਬਿਹਤਰੀਨ ਸਮਾਂ ਹੈ।”
ਹਾਲ ਆਫ਼ ਫੇਮ ਦਾ ਮਕਸਦ ਸਿਰਫ਼ ਪ੍ਰਾਪਤੀਆਂ ਨੂੰ ਹੀ ਨਹੀਂ, ਸਗੋਂ ਸਰੀ ਵਿੱਚ ਖੇਡਾਂ ਦੇ ਅਮੀਰ ਇਤਿਹਾਸ, ਇਸ ਦੀ ਵਿਭਿੰਨਤਾ ਅਤੇ ਮਨੁੱਖੀ ਕਹਾਣੀਆਂ ਨੂੰ ਵੀ ਸਨਮਾਨ ਦੇਣਾ ਹੈ। ਉਹ ਭਾਵੇਂ ਕੋਈ ਬੱਚਿਆਂ ਦਾ ਕੋਚ ਹੋਵੇ, ਜਿਸਨੇ ਖੇਡ ਪ੍ਰਤੀ ਜੀਵਨਭਰ ਪਿਆਰ ਜਗਾਇਆ ਹੋਵੇ, ਕੋਈ ਸਲਾਹਕਾਰ ਜਾਂ ਮਾਰਗਦਰਸ਼ਕ ਜੋ ਖਿਡਾਰੀਆਂ ਨੂੰ ਮਹੱਤਵਪੂਰਨ ਪਲਾਂ ਵਿੱਚ ਰਾਹ ਦਿਖਾਉਂਦਾ ਹੈ ਜਾਂ ਕੋਈ ਸਮਰਪਿਤ ਵੋਲੰਟੀਅਰ ਜੋ ਟੀਮ ਨੂੰ ਪਿੱਛੇ ਤੋਂ ਮਜ਼ਬੂਤ ਬਣਾਉਂਦਾ ਹੈ। ਕੋਈ ਵੀ ਵਿਅਕਤੀ ਜਿਸਨੇ ਤੁਹਾਡੇ ਜਾਂ ਕਿਸੇ ਦੇ ਖੇਡ ਸਫ਼ਰ ਵਿੱਚ ਅਹਿਮ ਪ੍ਰਭਾਵ ਪਾਇਆ ਹੈ, ਉਸਨੂੰ ਨਾਮਜ਼ਦ ਕੀਤਾ ਜਾ ਸਕਦਾ ਹੈ।
ਸਰੀ ਸਪੋਰਟਸ ਹਾਲ ਆਫ਼ ਫੇਮ ਸੱਤ ਸ਼੍ਰੇਣੀਆਂ ਵਿੱਚ ਉੱਤਮਤਾ ਅਤੇ ਪ੍ਰਾਪਤੀਆਂ ਨੂੰ ਸਨਮਾਨ ਦੇਵੇਗਾ: ਖਿਡਾਰੀ, ਉੱਚ ਪ੍ਰਦਰਸ਼ਨ ਅਥਲੀਟ, ਟੀਮ, ਬਿਲਡਰ, ਕੋਚ, ਗੇਮ ਚੇਂਜਰ ਅਤੇ ਕਮਿਊਨਿਟੀ ਹੀਰੋ। ਸਾਰੀਆਂ ਬੇਨਤੀਆਂ ਦੀ ਸਮੀਖਿਆ ਇੱਕ ਸੁਤੰਤਰ ਕਮੇਟੀ ਦੁਆਰਾ ਕੀਤੀ ਜਾਵੇਗੀ।
ਸਿਟੀ ਸੈਂਟਰ ਅਰੀਨਾ ਵਿੱਚ ਇਸਦੇ ਸਥਾਈ ਘਰ ਦੀ ਯੋਜਨਾ ਦੇ ਮੱਦੇਨਜ਼ਰ, ਸਰੀ ਸਪੋਰਟਸ ਹਾਲ ਆਫ਼ ਫੇਮ 2026 ਦੀ ਬਸੰਤ ਵਿੱਚ ਮਿਊਜ਼ੀਅਮ ਆਫ਼ ਸਰੀ ਵਿੱਚ ਇੱਕ ਅਸਥਾਈ ਪ੍ਰਦਰਸ਼ਨੀ ਨਾਲ ਖੁੱਲ੍ਹੇਗਾ। ਸਾਲ ਦੇ ਬਾਅਦ, ਇੰਟਰਐਕਟਿਵ ਕਹਾਣੀ ਬਿਆਨ ਵਾਲੀਆਂ ਡਿਜੀਟਲ ਕਿਓਸਕ ਕੁੱਝ ਸਿਵਕ ਸਹੂਲਤਾਂ ਵਿੱਚ ਲਗਾਈਆਂ ਜਾਣਗੀਆਂ, ਜਿਨ੍ਹਾਂ ਰਾਹੀਂ ਸਰੀ ਦੀ ਖੇਡ ਵਿਰਾਸਤ ਨੂੰ ਜੀਵੰਤ ਕੀਤਾ ਜਾਵੇਗਾ। ਪਹਿਲਾ ਸ਼ੁਰੂਆਤੀ ਸਮਾਰੋਹ 2 ਜੂਨ, 2026 ਨੂੰ ਸਰੀ ਸਿਟੀ ਹਾਲ ਵਿੱਚ ਕਰਨ ਦੀ ਯੋਜਨਾ ਹੈ।
ਮੌਕਾ ਨਾ ਗਵਾਓ! ਨਾਮਜ਼ਦਗੀ ਮਾਪਦੰਡਾਂ ਬਾਰੇ ਹੋਰ ਜਾਣੋ ਅਤੇ ਆਪਣੀ ਨਾਮਜ਼ਦਗੀ ਅੱਜ ਹੀ https://www.surrey.ca/arts-culture/surrey-sports-hall-of-fame ‘ਤੇ ਦਾਖ਼ਲ ਕਰੋ ।



