ਮੇਅਰ ਹੋਣ ਦੇ ਨਾਤੇ, ਮੇਰੀ ਸਭ ਤੋਂ ਵੱਡੀ ਤਰਜੀਹ ਹਮੇਸ਼ਾ ਜਨਤਕ ਸੁਰੱਖਿਆ ਵਿੱਚ ਸੁਧਾਰ ਕਰਨਾ ਅਤੇ ਟੈਕਸਦਾਤਾਵਾਂ ਨੂੰ ਮਹਿੰਗੇ ਟੈਕਸ ਵਾਧਿਆਂ ਤੋਂ ਬਚਾਉਣਾ ਰਹੇ ਹਨ।
ਜਦੋਂ ਸੂਬਾ ਸਰਕਾਰ ਨੇ ਸਰੀ ਪੁਲਿਸ ਸਰਵਿਸ ਵੱਲ ਬਦਲਾਅ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ ਸੀ, ਤਾਂ ਸਿਟੀ ਨੇ ਉਸ ਸਮੇਂ ਦੱਸੇ ਗਏ ਅਨੁਮਾਣਿਤ ਵਾਧੂ ਖ਼ਰਚਿਆ ਨੂੰ ਪੂਰਾ ਕਰਨ ਲਈ $250 ਮਿਲੀਅਨ ਦੀ ਸੂਬਾਈ ਫੰਡਿੰਗ ਸੁਰੱਖਿਅਤ ਕਰਨ ਲਈ ਸਖ਼ਤ ਮਿਹਨਤ ਕੀਤੀ ਸੀ । ਉਸ ਸਮੇਂ ਤੋਂ, ਅਸੀਂ ਇੱਕ ਨਵੀਂ, ਆਧੁਨਿਕ ਅਤੇ ਅੱਗੇ ਵਧ ਰਹੀ ਪੁਲਿਸ ਫੋਰਸ ਵਿੱਚ ਤਬਦੀਲੀ ਦਾ ਸਮਰਥਨ ਦੇਣ ਲਈ ਆਪਣੇ ਵੱਲੋਂ ਹਰ ਕੋਸ਼ਿਸ਼ ਕੀਤੀ ਹੈ।
ਕੱਲ੍ਹ ਦੇਰ ਸ਼ਾਮ, ਸਰੀ ਸਿਟੀ ਨੇ ਸੂਬੇ ਵਲੋਂ ਨਿਯੁਕਤ ਸਰੀ ਪੁਲਿਸ ਬੋਰਡ ਵੱਲੋਂ ਪੇਸ਼ ਕੀਤਾ ਗਿਆ ਪ੍ਰੋਵਿਜ਼ਨਲ ਡਰਾਫ਼ਟ ਬਜਟ ਜਾਰੀ ਕੀਤਾ। ਸਰੀ ਪੁਲਿਸ ਬੋਰਡ ਦੇ ਬਜਟ ਵਿੱਚ ਪਿਛਲੇ ਸਾਲ ਦੇ ਬਜਟ ਨਾਲੋਂ 91 ਮਿਲੀਅਨ ਡਾਲਰ ਦਾ ਬਹੁਤ ਵੱਡਾ ਵਾਧਾ ਸ਼ਾਮਲ ਕੀਤਾ ਹੈ। ਜੇ ਇਸ ਨੂੰ ਮਨਜ਼ੂਰ ਕਰ ਲਿਆ ਜਾਂਦਾ ਹੈ, ਤਾਂ ਇਹ ਸਰੀ ਦੇ ਘਰ-ਮਾਲਕਾਂ ਲਈ ਲਗਭਗ 18% ਪ੍ਰੋਪਰਟੀ ਟੈਕਸ ਦੇ ਵਾਧੇ ਦਾ ਕਾਰਨ ਬਣੇਗਾ।
ਮੇਅਰ ਹੋਣ ਦੇ ਨਾਤੇ, ਮੈਂ ਇਸ ਬਜਟ ਨੂੰ ਮੌਜੂਦਾ ਰੂਪ ਵਿੱਚ ਸਮਰਥਨ ਕਰਨ ਲਈ ਤਿਆਰ ਨਹੀਂ ਹਾਂ। ਇਹ ਬਹੁਤ ਹੀ ਵੱਡਾ ਵਾਧਾ ਹੈ ਅਤੇ ਸਰੀ ਦੇ ਟੈਕਸਦਾਤਾ ਇਸਨੂੰ ਬਰਦਾਸ਼ਤ ਨਹੀਂ ਕਰ ਸਕਦੇ।
ਸਾਡਾ ਸਟਾਫ਼ ਅਤੇ ਕੌਂਸਲ ਇਸ ਪ੍ਰੋਵਿਜ਼ਨਲ ਬਜਟ ਦੀ ਪੂਰੀ ਤਰ੍ਹਾਂ ਜਾਂਚ-ਪਰਖ ਅਤੇ ਸਮੀਖਿਆ ਕਰਨ ਲਈ ਹਰ ਸੰਭਵ ਯਤਨ ਕਰਨਗੇ ਤੇ ਪੁਲਿਸ ਬੋਰਡ ਨਾਲ ਵੀ ਮਿਲਕੇ ਕੰਮ ਕਰਨਗੇ ਤਾਂ ਜੋ ਅਸੀਂ ਇਕੱਠੇ ਆਪਣੇ ਸ਼ਾਸਨ ਦੇ ਫ਼ਰਜ਼ ਜ਼ਿੰਮੇਵਾਰੀ, ਪਾਰਦਰਸ਼ਤਾ ਅਤੇ ਵਿੱਤੀ ਸੁਝਬੁਝ ਨਾਲ ਪੂਰੇ ਕਰ ਸਕੀਏ। ਭਾਵੇਂ ਕਿ ਪ੍ਰਸਤਾਵਿਤ ਬਜਟ ਬੇਹੱਦ ਵੱਡਾ ਹੈ, ਪਰ ਮੈਂ ਸਰੀ ਵਿੱਚ ਪੁਲਿਸਿੰਗ ਲਈ ਸਰੋਤ ਵਧਾਉਣ ਦੇ ਉਦੇਸ਼ ਨਾਲ ਵਾਧੂ ਅਫਸਰਾਂ ਦੀ ਭਰਤੀ ਲਈ, ਜਿਵੇਂ ਅਸੀਂ ਪਿਛਲੇ ਤਿੰਨ ਸਾਲਾਂ ਵਿੱਚ ਕੀਤਾ ਹੈ, ਇਕ ਮਹੱਤਵਪੂਰਣ ਫੰਡਿੰਗ ਵਾਧੇ ਦਾ ਸਮਰਥਨ ਕਰਨ ਲਈ ਵਚਨਬੱਧ ਹਾਂ, ਖ਼ਾਸ ਕਰਕੇ ਇਸ ਨਾਜ਼ੁਕ ਸਮੇਂ ‘ਤੇ ਸ਼ਹਿਰ ਵਿੱਚ ਮੌਜੂਦਾ ਜਬਰ-ਵਸੂਲੀ ਦੀਆਂ ਘਟਨਾਵਾਂ ਵਰਗੀਆਂ ਸੰਕਟਮਈ ਤਰਜੀਹਾਂ ਨੂੰ ਨਿਸ਼ਾਨਾ ਬਣਾਉਣ ਲਈ।
ਸਰੀ ਦੇ ਟੈਕਸਦਾਤਾ ਜਨਤਕ ਸੁਰੱਖਿਆ ਵਿੱਚ ਸੁਧਾਰ ਲਈ ਉਪਰਾਲੇ ਦੇਖਣਾ ਚਾਹੁੰਦੇ ਹਨ ਅਤੇ ਅਸੀਂ ਉਹਨਾਂ ਵਿੱਚ ਨਿਵੇਸ਼ ਕਰਨ ਲਈ ਤਿਆਰ ਹਾਂ। ਪਰ ਅਫ਼ੋਰਡੇਬਿਲਟੀ ਨਾਲ ਇਸ ਸਮੇਂ ਵਿੱਚ ਜੂਝ ਰਹੇ ਟੈਕਸਦਾਤਾ ਉਮੀਦ ਕਰਦੇ ਹਨ ਕਿ ਅਸੀਂ ਉਨ੍ਹਾਂ ਦੇ ਪੈਸੇ ਨਾਲ ਸਾਵਧਾਨੀ ਅਤੇ ਕਾਰਗਰ ਢੰਗ ਨਾਲ ਕੰਮ ਕਰੀਏ ਅਤੇ ਮਹਿੰਗਾਈ ਦੇ ਸਮੇਂ ‘ਤੇ ਵੱਡੇ ਟੈਕਸ ਵਾਧਿਆਂ ਤੋਂ ਬਚੀਏ।
ਤੁਸੀਂ 2026 ਦੀ ਬਜਟ ਬੇਨਤੀ ਨੂੰ ਇੱਥੇ ਵੇਖ ਸਕਦੇ ਹੋ।



