ਸਰੀ ਦੇ 20٪ ਤੋਂ ਵੱਧ ਕਾਰੋਬਾਰਾਂ ਦੇ ਅਮਰੀਕਾ ਨਾਲ ਸਿੱਧੇ ਵਪਾਰਕ ਸਬੰਧ ਹਨ, ਜੋ ਹਰ ਸਾਲ ਸਰਹੱਦ ਪਾਰ ਲਗਭੱਗ 2.8 ਬਿਲੀਅਨ ਡਾਲਰ ਵਪਾਰ ਦੀ ਨੁਮਾਇੰਦਗੀ ਕਰਦੇ ਹਨ
ਸਰੀ, ਬੀਸੀ – ਮੇਅਰ ਬ੍ਰੇਂਡਾ ਲੌਕ ਨੇ ਅੱਜ ਵਿੰਡਸਰ ਦੇ ਮੇਅਰ ਡ੍ਰਿਊ ਡਿਲਕੇਨਜ਼ ਨਾਲ ਮਿਲ ਕੇ ਐਲਾਨ ਕੀਤਾ ਹੈ ਕਿ ਉਹ ਨਵੇਂ ਬਣੇ ਬਾਰਡਰ ਮੇਅਰਜ਼ ਅਲਾਇੰਸ ਨਾਲ ਰਲ਼ ਗਏ ਹਨ, ਜਿਸ ਦਾ ਉਦੇਸ਼ ਸਥਾਨਕ ਅਰਥ-ਵਿਵਸਥਾ ਦੀ ਰੱਖਿਆ ਕਰਨਾ ਅਤੇ ਕੈਨੇਡਾ-ਅਮਰੀਕਾ ਸਰਹੱਦ ਦੇ ਨਾਲ ਲੱਗਦੇ ਭਾਈਚਾਰਿਆਂ ਦੇ ਹਿੱਤਾਂ ਦੀ ਵਕਾਲਤ ਕਰਨਾ ਹੈ। ਮੇਅਰ ਡਿਲਕੇਨਜ਼ ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੈਨੇਡੀਅਨ ਦਰਾਮਦਾਂ ‘ਤੇ ਪ੍ਰਸਤਾਵਿਤ 25٪ ਟੈਰਿਫ਼ ਨਾਲ ਪੈਦਾ ਹੋਣ ਵਾਲੇ ਖ਼ਤਰੇ ਦੇ ਮੱਦੇਨਜ਼ਰ ਅਲਾਇੰਸ ਦੀ ਸ਼ੁਰੂਆਤ ਕੀਤੀ ਹੈ।
ਮੇਅਰ ਬ੍ਰੇਂਡਾ ਲੌਕ ਨੇ ਕਿਹਾ, “ਇਹ ਸਥਿਤੀ ਵਿੱਚ ਜ਼ਰੂਰੀ ਹੈ ਕਿ ਸਾਰੇ ਪੱਧਰਾਂ ਦੀਆਂ ਸਰਕਾਰਾਂ ਤੇ ਪਾਰਟੀਆਂ ਇਸ ਮਸਲੇ ਤੇ ਤੁਰੰਤ ਇੱਕ ਜੁੱਟ ਹੋਣ”। “ਬਾਰਡਰ ਮੇਅਰਜ਼ ਗੱਠਜੋੜ ਵਿਚ ਮੇਰੀ ਪਹਿਲੀ ਤਰਜੀਹ ਸਰੀ ਦੇ ਆਰਥਿਕ ਹਿੱਤਾਂ ਅਤੇ ਸਾਡੇ ਸਥਾਨਕ ਕਾਰੋਬਾਰਾਂ ਦੀ ਰਾਖੀ ਕਰਨਾ ਹੈ। ਸਾਡਾ ਸ਼ਹਿਰ, ਬ੍ਰਿਟਿਸ਼ ਕੋਲੰਬੀਆ ਵਿੱਚ ਸਭ ਤੋਂ ਵੱਡੇ ਟਰੱਕਿੰਗ ਉਦਯੋਗ ਵਜੋਂ ਸੇਵਾ ਕਰ ਰਿਹਾ ਹੈ, ਤੇ ਅਸੀਂ ਸਰਹੱਦ ਪਾਰ ਵਪਾਰ ਨੂੰ ਸੁਵਿਧਾਜਨਕ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਾਂ। ਇਹ ਟੈਰਿਫ਼ ਮਹੱਤਵਪੂਰਨ ਸਪਲਾਈ ਚੇਨ ਨੂੰ ਵਿਗਾੜ ਸਕਦੇ ਹਨ, ਜਿਸ ਨਾਲ ਦੇਸ਼ ਭਰ ਦੇ ਸ਼ਹਿਰਾਂ ਅਤੇ ਭਾਈਚਾਰਿਆਂ ‘ਤੇ ਅਸਰ ਪਵੇਗਾ”।
ਵਿੰਡਸਰ ਦੇ ਮੇਅਰ ਡ੍ਰਿਊ ਡਿਲਕੇਨਸ ਨੇ ਕਿਹਾ ਕਿ ਹਾਲਾਤ ਲਗਾਤਾਰ ਸੰਜੀਦਾ ਬਣ ਰਹੇ ਹਨ ਅਤੇ ਸਾਡੀ ਅਰਥਵਿਵਸਥਾ ‘ਤੇ ਵੱਧ ਰਹੇ ਦਬਾਅ ਦਾ ਮੁਕਾਬਲਾ ਕਰਨ ਲਈ ਤੁਰੰਤ ਕਾਰਵਾਈ ਦੀ ਲੋੜ ਹੈ। “ਇਹ ‘ਵਪਾਰਿਕ ਯੁੱਧ’ – ਦੋਵਾਂ ਪਾਸਿਆਂ ਲਈ ਵੱਡੇ ਨੁਕਸਾਨ ਦਾ ਕਾਰਨ ਬਣ ਸਕਦਾ ਹੈ। ਇਹੀ ਕਾਰਨ ਹੈ ਕਿ ਕੈਨੇਡਾ-ਅਮਰੀਕਾ ਦੇ ਸਰਹੱਦ ਨਾਲ ਲੱਗਦੇ ਸ਼ਹਿਰਾਂ ਅਤੇ ਕਸਬਿਆਂ ਦੇ ਕੈਨੇਡੀਅਨ ਮੇਅਰ ਇਸ ਭਾਈਵਾਲੀ ਵਿੱਚ ਇੱਕ ਜੁੱਟ ਹਨ, ਤੇ ਸਾਡੇ ਭਾਈਚਾਰਿਆਂ ਦੇ ਹਿੱਤਾਂ ਲਈ, ਰਾਸ਼ਟਰੀ ਚਰਚਾ ਦੇ ਨਾਲ ਮਿਊਂਸਪਲ ਦ੍ਰਿਸ਼ਟੀਕੋਣ ਪੇਸ਼ ਕਰਦੇ ਹਨ । ਸਰਹੱਦੀ ਸ਼ਹਿਰਾਂ ਅਤੇ ਕਸਬਿਆਂ ਦੇ ਮੇਅਰ ਹੋਣ ਦੇ ਨਾਤੇ, ਅਸੀਂ ਰਾਸ਼ਟਰੀ ਆਰਥਿਕਤਾ ਵਿੱਚ ਸਾਡੇ ਭਾਈਚਾਰਿਆਂ ਦੇ ਯੋਗਦਾਨ ਨੂੰ ਆਪਸ ਵਿੱਚ ਜੁੜੀ ਖ਼ੁਸ਼ਹਾਲੀ ਵਜੋਂ ਵੇਖਦੇ ਹਾਂ”।
ਅਮਰੀਕਾ ਦਾ ਸਭ ਤੋਂ ਵੱਡਾ ਕੈਨੇਡੀਅਨ ਵਪਾਰਕ ਭਾਈਵਾਲ ਹੋਣ ਦੇ ਨਾਤੇ, ਕੈਨੇਡਾ ਇਨ੍ਹਾਂ ਟੈਰਿਫਾਂ ਦੇ ਤੁਰੰਤ ਪ੍ਰਭਾਵਾਂ ਨੂੰ ਮਹਿਸੂਸ ਕਰਨ ਲਈ ਤਿਆਰ ਹੈ। ਕੈਨੇਡੀਅਨ ਨਿਰਯਾਤ ਦਾ 75٪ ਤੋਂ ਵੱਧ ਇਸ ਸਮੇਂ ਅਮਰੀਕੀ ਬਾਜ਼ਾਰਾਂ ਤੇ ਨਿਰਭਰ ਹੈ, ਅਤੇ ਕੋਈ ਵੀ ਰੁਕਾਵਟ ਸਾਡੀ ਸਥਾਨਕ ਅਰਥ ਵਿਵਸਥਾਵਾਂ ਵਿੱਚ ਵੱਡਾ ਵਿਘਨ ਪਾ ਸਕਦਾ ਹੈ।
ਮੇਅਰ ਲੌਕ ਨੇ ਕਿਹਾ, “”ਪੱਛਮੀ ਕਨੇਡਾ ਦੇ ਇਕਲੌਤੇ ਸ਼ਹਿਰ ਸਰੀ ਨਾਲ ਅਮਰੀਕਾ ਦੇ, ਦੋ ਜ਼ਮੀਨੀ ਬਾਰਡਰ ਲੱਗਦੇ ਹੋਣ ਕਰਕੇ ਸਰੀ ਦੇ 20% ਤੋਂ ਵੱਧ ਕਾਰੋਬਾਰਾਂ ਦੇ ਅਮਰੀਕਾ ਨਾਲ ਸਿੱਧੇ ਵਪਾਰਕ ਸਬੰਧ ਹਨ, ਜੋ ਹਰ ਸਾਲ ਸਰਹੱਦ ਪਾਰ ਵਪਾਰ ਵਿੱਚ ਲਗਭੱਗ 2.8 ਬਿਲੀਅਨ ਡਾਲਰ ਦੀ ਨੁਮਾਇੰਦਗੀ ਕਰਦੇ ਹਨ। ਜੇ ਇਹ ਟੈਕਸ ਲਾਗੂ ਹੁੰਦੇ ਹਨ, ਤਾਂ ਅਸੀਂ ਸੈਂਕੜੇ ਸਥਾਨਕ ਨੌਕਰੀਆਂ ਨੂੰ ਖ਼ਤਰੇ ਵਿੱਚ ਦੇਖ ਸਕਦੇ ਹਾਂ, ਜਿਸ ਨਾਲ ਸਰੀ ਦੀ ਆਰਥਿਕਤਾ ‘ਤੇ ਬਹੁਤ ਪ੍ਰਭਾਵ ਪੈ ਸਕਦਾ ਹੈ। ਹਾਲਾਂਕਿ ਮੇਅਰਜ਼ ਬਾਰਡਰ ਅਲਾਇੰਸ ਮੁੱਖ ਤੌਰ ‘ਤੇ ਸਰਹੱਦੀ ਸ਼ਹਿਰਾਂ ਤੋਂ ਬਣਿਆ ਹੈ, ਪਰ ਇਨ੍ਹਾਂ ਦਰਾਂ ਦੇ ਪ੍ਰਭਾਵ ਸਰੀ ਤੋਂ ਬਾਹਰ ਵੀ ਗੂੰਜਣਗੇ, ਜਿਸ ਨਾਲ ਸਾਰੇ ਕੈਨੇਡੀਅਨ ਸ਼ਹਿਰਾਂ ਲਈ ਜ਼ਰੂਰੀ ਚੀਜ਼ਾਂ ਅਤੇ ਸੇਵਾਵਾਂ ਦੀ ਸਮਰੱਥਾ ਨੂੰ ਖ਼ਤਰਾ ਹੋਵੇਗਾ, ਜੋ ਬੋਝ ਸਾਡੇ ਨਾਗਰਿਕਾਂ ਲਈ ਸਹਿਣ ਕਰਨਾ ਮੁਸ਼ਕਲ ਹੋਵੇਗਾ”।
ਸਰੀ ਵਿੱਚ ਵਿਸ਼ੇਸ਼ ਤੌਰ ‘ਤੇ ਨਿਰਮਾਣ, ਜੰਗਲਾਤ ਅਤੇ ਖੇਤੀਬਾੜੀ ਵਰਗੇ ਖੇਤਰ ਵਧੇਰੇ ਚਿੰਤਤ ਹਨ, ਜਿੱਥੇ ਕਾਰੋਬਾਰੀ ਸਥਿਰਤਾ ਲਈ ਅਮਰੀਕੀ ਬਾਜ਼ਾਰਾਂ ਤੱਕ ਕਿਫ਼ਾਇਤੀ ਪਹੁੰਚ ਮਹੱਤਵਪੂਰਨ ਹੈ ।
- ਸਰੀ ਲਗਭੱਗ 113 ਆਯਾਤ – ਨਿਰਯਾਤ ਕਾਰੋਬਾਰਾਂ ਤੇ 900 ਟਰਾਂਸਪੋਰਟ ਅਤੇ ਵੇਅਰ ਹਾਊਸਿੰਗ ਫ਼ਰਮਾਂ ਦਾ ਘਰ ਹੈ, ਜਿੱਥੇ ਇਹ ਸੰਭਾਵੀ ਰੁਕਾਵਟਾਂ ਇਨ੍ਹਾਂ ਤੇ ਵੱਡੀ ਸੱਟ ਮਾਰ ਸਕਦੀਆਂ ਹਨ ।
- ਹਾਲ ਹੀ ਵਿੱਚ ਡੈਜਾਰਡਿਨਜ਼ ਦੇ ਆਰਥਿਕ ਵਿਸ਼ਲੇਸ਼ਣ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ, ਅਮਰੀਕੀ ਬਾਜ਼ਾਰਾਂ ਵਿੱਚ ਬਹੁਤ ਜ਼ਿਆਦਾ ਤਿਆਰ ਸਬ -ਸੈਕਟਰ ਪ੍ਰਾਇਮਰੀ ਧਾਤਾਂ, ਭੋਜਨ ਅਤੇ ਪੀਣ ਵਾਲੇ ਪਦਾਰਥਾਂ, ਰਸਾਇਣਾਂ, ਮਸ਼ੀਨਰੀ, ਏਅਰੋਸਪੇਸ ਅਤੇ ਪਾਰਟਸ – ਤੇ ਟੈਰਿਫ਼ ਲਗਾਏ ਜਾਣ ‘ਤੇ ਭਾਰੀ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
- ਸਰੀ ਦੇ ਇਨ੍ਹਾਂ ਪੰਜਾਂ ਖੇਤਰਾਂ ਵਿੱਚ ਲਗਭੱਗ 90 ਮੈਨੂਫੈਕਚਰਜ਼ ਹਨ, ਤੇ ਸਮੂਹਿਕ ਤੌਰ ‘ਤੇ ਲਗਭੱਗ 6,400 ਕਾਮਿਆਂ ਨੂੰ ਰੁਜ਼ਗਾਰ ਮਿਲ ਰਿਹਾ ਹੈ, ਜੋ ਪ੍ਰਭਾਵਿਤ ਹੋ ਸਕਦੇ ਹਨ।
- ਇਕੱਲੇ ਸਰੀ ਦਾ ਨਿਰਮਾਣ ਖੇਤਰ ਬਹੁਤ ਵੱਡਾ ਹੈ, ਜਿਸ ਵਿਚ 23,500 ਤੋਂ ਵੱਧ ਕਰਮਚਾਰੀ ਕੰਮ ਕਰਦੇ ਹਨ ਅਤੇ 960 ਤੋਂ ਵੱਧ ਕਾਰੋਬਾਰ ਸ਼ਾਮਲ ਹਨ ।
- ਫੂਡ ਐਂਡ ਬੇਵਰੇਜ ਸਬ-ਸੈਕਟਰ, ਜਿਸ ਵਿੱਚ ਲਗਭੱਗ 50 ਕੰਪਨੀਆਂ ਸ਼ਾਮਲ ਹਨ ਜਿਵੇਂ ਕਿ ਚੋਟੀ ਦੇ ਨਿਰਯਾਤਕ ਨਾਨਕ ਫੂਡਜ਼ ਅਤੇ ਹਾਰਡ ਬਾਈਟ, ਵਿਸ਼ੇਸ਼ ਤੌਰ ‘ਤੇ ਨਾਜ਼ੁਕ ਸਥਿਤੀ ਵਿੱਚ ਹਨ।
“ਮੇਅਰ ਡਿਲਕੇਨਜ਼ ਨੇ ਕਿਹਾ ਕਿ ਕੈਨੇਡਾ-ਅਮਰੀਕਾ ਦਾ ਇਹ ਰਿਸ਼ਤਾ ਦੁਨੀਆ ਦੇ ਸਭ ਤੋਂ ਵੱਡੇ ਵਪਾਰਕ ਸੰਬੰਧਾਂ ਵਿਚੋਂ ਇੱਕ ਹੈ, ਜਿਨ੍ਹਾਂ ਦੀ ਸਾਂਝੀ ਸਪਲਾਈ ਚੇਨ ਹੈ ਅਤੇ ਸਰਹੱਦ ਦੇ ਦੋਵੇਂ ਪਾਸੇ ਲੱਖਾਂ ਨੌਕਰੀਆਂ ਦੀ ਮੱਦਦ ਕਰਦੀ ਹੈ। ਕੈਨੇਡਾ ਦੀ ਆਟੋਮੋਟਿਵ ਅਤੇ ਆਟੋਮੋਬਿਲਿਟੀ ਰਾਜਧਾਨੀ ਵਿੰਡਸਰ ਦੇ ਡੈਟ੍ਰਾਇਟ ਵਿਚਾਲੇ ਅੰਬੈਸਡਰ ਬ੍ਰਿਜ ‘ਤੇ ਹਰ ਰੋਜ਼ 32 ਕਰੋੜ ਡਾਲਰ ਤੋਂ ਵੱਧ ਦਾ ਮਾਲ ਆਉਂਦਾ ਹੈ। 2023 ਵਿੱਚ, ਕੈਨੇਡਾ, ਮੈਕਸੀਕੋ ਅਤੇ ਅਮਰੀਕਾ ਨੇ 16 ਮਿਲੀਅਨ ਤੋਂ ਵੱਧ ਕਾਰਾਂ ਦਾ ਉਤਪਾਦਨ ਕੀਤਾ। ਸੰਯੁਕਤ ਤੌਰ ‘ਤੇ, ਓਨਟਾਰੀਓ ਅਤੇ ਮਿਸ਼ੀਗਨ ਇਸ ਉਤਪਾਦਨ ਦੇ ਲਗਭੱਗ 22٪ ਲਈ ਜ਼ਿੰਮੇਵਾਰ ਹਨ। ਕਾਰ ਦੇ ਸੜਕ ਤੇ ਉੱਤਰਨ ਤੋਂ ਪਹਿਲਾਂ ਦੇ ਹਿੱਸੇ ਅੱਠ ਵਾਰ ਸਰਹੱਦ ਪਾਰ ਕਰਦੇ ਹਨ। ਆਟੋ ਉਦਯੋਗ ਕੈਨੇਡਾ ਦੀ ਆਰਥਿਕਤਾ ਵਿੱਚ $18 ਬਿਲੀਅਨ ਦਾ ਯੋਗਦਾਨ ਪਾਉਂਦਾ ਹੈ, 128,000 ਕੈਨੇਡੀਅਨਾਂ ਨੂੰ ਰੁਜ਼ਗਾਰ ਦਿੰਦਾ ਹੈ, ਅਤੇ ਕੁੱਲ 550,000 ਸਿੱਧੇ ਅਤੇ ਅਸਿੱਧੇ ਨੌਕਰੀਆਂ ਲਈ ਜ਼ਿੰਮੇਵਾਰ ਹੈ। ਬਾਰਡਰ ਮੇਅਰਜ਼ ਅਲਾਇੰਸ ਰਾਹੀਂ ਅਸੀਂ ਵਿੰਡਸਰ ਅਤੇ ਸਰੀ ਵਰਗੇ ਸ਼ਹਿਰਾਂ ਅਤੇ ਇੱਕ ਕੋਨੇ ਤੋਂ ਦੂਜੇ ਤੱਕ ਦੇ ਭਾਈਚਾਰਿਆਂ ਦੀ ਨੁਮਾਇੰਦਗੀ ਕਰਾਂਗੇ ਤਾਂ ਜੋ ਸਾਡੇ ਆਰਥਿਕ ਅਤੇ ਵਿਕਾਸ ਹਿੱਤਾਂ ਦੀ ਰੱਖਿਆ ਕੀਤੀ ਜਾ ਸਕੇ। ਅਸੀਂ ਪਹਿਲਾਂ ਹੀ ਤੁਰੰਤ ਰੁਕਾਵਟਾਂ ਨੂੰ ਘਟਾਉਣ ਲਈ ਸਪਲਾਈ ਚੇਨ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਕੈਨੇਡਾ ਨੂੰ ਪਹਿਲ ਦਿੰਦੀਆਂ ਐਮਰਜੈਂਸੀ ਰਣਨੀਤੀਆਂ ਵਿਕਸਤ ਕਰਨ ਲਈ ਮਿਲ ਕੇ ਕੰਮ ਕਰ ਰਹੇ ਹਾਂ”।
ਸਰੀ ਅਤੇ ਵਿੰਡਸਰ ਸ਼ਹਿਰ ਦੇ ਮੇਅਰਾਂ ਅਨੁਸਾਰ, ਇਨ੍ਹਾਂ ਟੈਰਿਫਾਂ ਦੇ ਪ੍ਰਭਾਵਾਂ ਨੂੰ ਮਾਪਣ ਅਤੇ ਘਟਾਉਣ ਲਈ ਇੰਡਸਟਰੀ ਲੀਡਰਾਂ, ਸੂਬਾਈ ਤੇ ਫੈਡਰਲ ਸਰਕਾਰ ਤੋਂ ਇਲਾਵਾ ਸਰਹੱਦ ਪਾਰ ਪਾਰ੍ਟਨਰਸ ਨਾਲ ਰਲ਼ ਕੇ ਕੰਮ ਜਾਰੀ ਰੱਖਣਗੇ।
-30-
ਮੀਡੀਆ ਇਨਕੁਆਰੀ :
ਪ੍ਰਭਜੋਤ ਕਾਹਲੋਂ
ਮਲਟੀਕਲਚਰਲ ਮੀਡੀਆ ਰੀਲੈਸ਼ਨ ਲੀਡ
ਸਿਟੀ ਆਫ਼ ਸਰੀ
C :236-878-6263