ਸਰੀ, ਬੀ.ਸੀ. – ਬੀਤੇ ਸੋਮਵਾਰ ਦੀ ਕੌਂਸਲ ਮੀਟਿੰਗ ਵਿੱਚ ਪੰਜ ਪ੍ਰਮੁੱਖ ਪੂੰਜੀ ਪ੍ਰੋਜੈਕਟਾਂ ਬਾਰੇ ਤਾਜ਼ਾ ਜਾਣਕਾਰੀਆਂ ਕੌਂਸਲ ਸਾਹਮਣੇ ਪੇਸ਼ ਕੀਤੀਆਂ ਗਈਆਂ। ਇਹਨਾਂ ਪ੍ਰੋਜੈਕਟਾਂ ‘ਤੇ ਕਾਫ਼ੀ ਪ੍ਰਗਤੀ ਹੋਈ ਹੈ। ਜੋ ਸਰੀ ਦੇ ਨਿਵਾਸੀਆਂ ਲਈ ਮਨੋਰੰਜਨ ਦੇ ਮੌਕੇ ਵਧਾਉਣ ਅਤੇ ਕਮਿਊਨਿਟੀਆਂ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਉਣਗੇ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਸਰੀ ਇਸ ਸਮੇਂ ਪਰਿਵਰਤਨਸ਼ੀਲ ਤਬਦੀਲੀਆਂ ਦੇ ਦੌਰ ਵਿੱਚੋਂ ਨਿਕਲ ਰਿਹਾ ਹੈ, ਜੋ ਸਾਡੇ ਨਿਵਾਸੀਆਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਲਾਭ ਪਹੁੰਚਾਉਣਗੀਆਂ। ਪਤਝੜ ਅੱਪਡੇਟ ਵਿੱਚ ਦਰਸਾਏ ਗਏ ਮੁੱਖ ਪੂੰਜੀ ਪ੍ਰੋਜੈਕਟ ਸਰੀ ਕੌਂਸਲ ਦੀ ਇਸ ਵਚਨਬੱਧਤਾ ਨੂੰ ਦਰਸਾਉਂਦੇ ਹਨ ਕਿ ਸ਼ਹਿਰੀ ਸੁਵਿਧਾਵਾਂ ਸਾਡੇ ਵਿਕਾਸ ਨਾਲ ਕਦਮ ਮਿਲਾ ਕੇ ਚਲਦੀਆਂ ਰਹਿਣ। ਮੈਂ ਸਿਟੀ ਸਟਾਫ ਦਾ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਇਨ੍ਹਾਂ ਮਹੱਤਵਪੂਰਨ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਹਨ।”
ਕਲੋਵਰਡੇਲ ਸਪੋਰਟ ਐਂਡ ਆਈਸ ਕੰਪਲੈਕਸ (Cloverdale Sport and Ice Complex) ਵਿਖੇ ਦੋ ਆਈਸ ਸ਼ੀਟਾਂ ਦਾ ਨਿਰਮਾਣ ਮੁਕੰਮਲ ਹੋ ਚੁੱਕਾ ਹੈ ਅਤੇ ਉਹ ਹੁਣ ਕਾਰਜਸ਼ੀਲ ਹਨ। ਬਰਫ਼ ਦੀ ਤੀਜੀ ਸ਼ੀਟ ਦਾ ਨਿਰਮਾਣ ਆਉਣ ਵਾਲੇ ਹਫ਼ਤਿਆਂ ਵਿੱਚ ਸ਼ੁਰੂ ਕਰ, ਮੁਕੰਮਲ 2027 ਦੀ ਪਤਝੜ ਲਈ ਨਿਰਧਾਰਤ ਕੀਤੀ ਗਈ ਹੈ। ਬਰਫ਼ ਦੀ ਤੀਜੀ ਸ਼ੀਟ ਨਾਲ ਐਨ ਐਚ ਐੱਲ਼ (NHL) ਆਕਾਰ ਦਾ ਇੱਕ ਤੀਜਾ ਰਿੰਕ ਜੁੜ ਜਾਵੇਗਾ ਅਤੇ ਇਸ ਵਿੱਚ 334 ਸੀਟਾਂ ਹੋਣਗੀਆਂ ਜਿਨ੍ਹਾਂ ਵਿੱਚ ਇੱਕ ਜੂਨੀਅਰ ਹਾਕੀ ਟੀਮ ਲਈ ਸਮਰਪਿਤ ਜਗ੍ਹਾ ਹੋਵੇਗੀ।
ਚੱਕ ਬੇਲੀ ਰਿਕਰੈਸ਼ਨ ਸੈਂਟਰ (Chuck Bailey Recreation Centre) ਦੇ ਵਿਸਥਾਰ ਲਈ ਉਸਾਰੀ ਦਾ ਕੰਮ ਇਸ ਮਹੀਨੇ ਸ਼ੁਰੂ ਹੋਣ ਵਾਲਾ ਹੈ। ਜਿਸ ਨੂੰ ਮੁਕੰਮਲ ਕਰਨ ਲਈ 2027 ਦੀ ਸਰਦ ਰੁੱਤ ਮਿੱਥੀ ਗਈ ਹੈ। ਵੌਲੀ (Whally) ਖੇਤਰ ਵਿੱਚ ਵਧ ਰਹੀ ਆਬਾਦੀ ਨੂੰ ਧਿਆਨ ਵਿੱਚ ਰੱਖਦੇ ਹੋਏ, ਵਿਸਤਾਰ ਵਿੱਚ ਦੂਸਰਾ ਜਿਮਨੇਜ਼ੀਅਮ, ਇੱਕ ਫਿਟਨੈਸ ਸੈਂਟਰ, ਸਿੱਖਣ ਲਈ ਰਸੋਈ, ਕਲਾ ਅਤੇ ਸੱਭਿਆਚਾਰ ਲਈ ਜਗ੍ਹਾ ਅਤੇ ਸੀਨੀਅਰ ਪ੍ਰੋਗਰਾਮਿੰਗ ਸਪੇਸ (Senior Programming Space) ਵਿੱਚ ਨਵੀਆਂ ਤਬਦੀਲੀਆਂ ਕਰਨੀਆਂ ਸ਼ਾਮਲ ਹਨ।
ਨਵੇਂ ਨਿਊਟਨ ਕਮਿਊਨਿਟੀ ਸੈਂਟਰ ਲਈ ਸ਼ੁਰੂਆਤੀ ਕੰਮ 2026 ਦੇ ਮੱਧ ਵਿੱਚ ਸ਼ੁਰੂ ਹੋਣ ਦੀ ਉਮੀਦ ਹੈ, ਪ੍ਰਸਤਾਵਾਂ ਲਈ ਰਸਮੀ ਬੇਨਤੀ (Request for Proposals -RFP) ਇਸ ਮਹੀਨੇ ਦੇ ਅੰਤ ਵਿੱਚ ਜਾਰੀ ਕੀਤੀ ਜਾਵੇਗੀ। RFP ‘ਤੇ ਨਿਰਮਾਣ ਤੋਂ ਪਹਿਲਾਂ ਦਾ ਕੰਮ ਸ਼ੁਰੂ ਹੋ ਗਿਆ ਹੈ, ਜਿਸ ਵਿੱਚ ਮੌਜੂਦਾ ਢਾਂਚਿਆਂ ਨੂੰ ਢਾਹੁੰਣਾ, ਰੁੱਖਾਂ ਦਾ ਸਰਵੇਖਣ, ਵਾਤਾਵਰਣ ਅਤੇ ਭੂ-ਤਕਨੀਕੀ ਮੁਲਾਂਕਣਾਂ (environmental and geotechnical assessments) ਨੂੰ ਪੂਰਾ ਕਰਨਾ ਸ਼ਾਮਲ ਹੈ। ਇਮਾਰਤ ਦਾ ਨਿਰਮਾਣ 2026 ਵਿੱਚ ਸ਼ੁਰੂ ਹੋਵੇਗਾ ‘ਤੇ 2030 ਵਿੱਚ ਮੁਕੰਮਲ ਹੋਣ ‘ਤੇ, ਨਿਊਟਨ ਕਮਿਊਨਿਟੀ ਸੈਂਟਰ 175,000 ਵਰਗ ਫੁੱਟ ਦੀ ਇੱਕ ਅਜਿਹੀ ਮਹੱਤਵਪੂਰਨ ਤੇ ਵੱਡੀ ਇਮਾਰਤ ਹੋਵੇਗੀ, ਜਿਸ ਵਿੱਚ ਮੁਕਾਬਲਿਆਂ ਲਈ 50-ਮੀਟਰ ਪੂਲ, ਇੱਕ ਮਨੋਰੰਜਨ ਪੂਲ, ਦੋ ਪੂਰੇ ਜਿਮਨੇਜ਼ੀਅਮ ਅਤੇ ਇੱਕ ਨਵੀਂ ਲਾਇਬ੍ਰੇਰੀ ਹੋਵੇਗੀ ਜਿਸ ਦਾ ਆਕਾਰ ਮੌਜੂਦਾ ਨਿਊਟਨ ਬ੍ਰਾਂਚ ਦੇ ਆਕਾਰ ਤੋਂ ਦੁੱਗਣੇ ਤੋਂ ਵੀ ਵੱਡਾ ਹੈ।
ਨਿਊਟਨ ਟਾਊਨ ਸੈਂਟਰ ਮਾਸਟਰ ਪਲਾਨ ਵੀ ਅੱਗੇ ਵਧ ਰਿਹਾ ਹੈ ਕਿਉਂਕਿ ਸਿਟੀ, ਸਰੀ ਸਿਟੀ ਡਿਵੈਲਪਮੈਂਟ ਕਾਰਪੋਰੇਸ਼ਨ (SCDC) ਅਤੇ ਟ੍ਰਾਂਸਲਿੰਕ (TransLink) ਸਿਟੀ ਅਤੇ ਟ੍ਰਾਂਸਲਿੰਕ ਦੀ ਮਾਲਕੀ ਵਾਲੀ ਪੱਚੀ ਏਕੜ ਜ਼ਮੀਨ ਦੀ ਮਿਸ਼ਰਤ-ਉਪਯੋਗਤਾ ਲਈ ਪੁਨਰ ਵਿਕਾਸ ਕਰਨ ਦੀ ਯੋਜਨਾ ਬਣਾ ਰਹੇ ਹਨ। ਨਿਊਟਨ ਟਾਊਨ ਸੈਂਟਰਯੋਜਨਾ ਸਿਵਿਕ, ਸੱਭਿਆਚਾਰਕ ਅਤੇ ਆਵਾਜਾਈ ਬੁਨਿਆਦੀ ਢਾਂਚੇ ਨੂੰ ਏਕੀਕ੍ਰਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਵੇਂ ਕਿ ਸੰਭਾਵੀ ਬੱਸ ਰੈਪਿਡ ਟ੍ਰਾਂਜ਼ਿਟ (Bus Rapid Transit) । ਨਿਊਟਨ ਟਾਊਨ ਸੈਂਟਰ ਮਾਸਟਰ ਪਲਾਨ ਦੇ ਇਸ ਸਾਲ ਦੇ ਅੰਤ ਤੱਕ (SCDC) ਦੇ ਬੋਰਡ ਵਲੋਂ ਮੁਕੰਮਲ ਕੀਤੇ ਜਾਣ ਅਤੇ ਮਨਜ਼ੂਰੀ ਮਿਲਣ ਦੀ ਉਮੀਦ ਹੈ। ਜੇਕਰ ਮਨਜ਼ੂਰ ਹੋ ਜਾਂਦਾ ਹੈ, ਤਾਂ ਯੋਜਨਾ 2026 ਦੀ ਪਹਿਲੀ ਤਿਮਾਹੀ ਵਿੱਚ ਕੌਂਸਲ ਦੇ ਵਿਚਾਰ ਲਈ ਅੱਗੇ ਵਧੇਗੀ।
ਫਲੀਟਵੁੱਡ ਵਿੱਚ ਵਧਦੀ ਮੰਗ ਨੂੰ ਪੂਰਾ ਕਰਨ ਲਈ ਫਾਇਰਹਾਲ ਨੰਬਰ 6 ਨੂੰ ਬਦਲਿਆ ਜਾਵੇਗਾ ਅਤੇ ਇਸ ਦਾ ਵਿਸਤਾਰ ਕੀਤਾ ਜਾਵੇਗਾ। ਸਰੀ-ਲੈਂਗਲੀ ਸਕਾਈਟ੍ਰੇਨ ਲਾਈਨ ਦੇ ਨਾਲ ਵਿਕਾਸ ਦੀ ਸਹੂਲਤ ਲਈ ਮੌਜੂਦਾ ਫਾਇਰਹਾਲ ਨੂੰ ਢਾਹ ਦਿੱਤਾ ਜਾਣਾ ਤੈਅ ਹੈ। ਨਵਾਂ ਫਾਇਰਹਾਲ ਮੁੱਢਲੀ ਯੋਜਨਾਬੰਦੀ ਅਤੇ ਪੂਰਵ-ਖਰੀਦ ਪੜਾਅ (Pre-procurement stage) ਵਿੱਚ ਹੈ। ਇਹ ਉਮੀਦ ਕੀਤੀ ਜਾਂਦੀ ਹੈ ਕਿ ਇਹ ਪ੍ਰੋਜੈਕਟ 2026 ਦੀ ਦੂਜੀ ਤਿਮਾਹੀ ਵਿੱਚ ਕੌਂਸਲ ਦੇ ਸਾਹਮਣੇ ਆਵੇਗਾ, ਜਿਸਦੀ ਉਸਾਰੀ 2027 ਵਿੱਚ ਸ਼ੁਰੂ ਹੋਣ ਅਤੇ 2028 ਵਿੱਚ ਪੂਰੀ ਹੋਣ ਦੀ ਉਮੀਦ ਹੈ।



