ਚਮਕੌਰ ਗੜੀ ਦੀ ਜੰਗ ਦੇ ਸ਼ਹੀਦਾਂ, ਜਿਨਾਂ ‘ਚ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਦੋ ਵੱਡੇ ਸ਼ਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਵੀ ਸ਼ਾਮਲ ਹਨ, ਦੀ ਸਲਾਨਾ ਯਾਦ ਕੌਮ ਵਲੋਂ ਚਮਕੌਰ ਸਾਹਿਬ ਦੀ ਧਰਤੀ ਤੇ ਮਨਾਈ ਜਾ ਰਹੀ ਹੈ। ਬਾਬਾ ਅਜੀਤ ਸਿੰਘ, ਜਿਹੜੇ ਚੜਦੀ ਜੁਆਨੀ ਅਤੇ ਬਾਬਾ ਜੁਝਾਰ ਸਿੰਘ ਜਿਹੜੇ ਮੁੱਛ ਫੁਟਦੀ ਜਵਾਨੀ ਦੀ ਅਵਸਥਾ ਸਨ, ਉਨਾਂ ਵੱਲੋਂ ਕੌਮ ਦੀ ਬੁਨਿਆਦ ਨੂੰ ਪੱਕੀ ਕਰਨ ਲਈ ਦਿੱਤੀ ਸ਼ਹਾਦਤ, ਬੇਮਿਸ਼ਾਲ ਤੇ ਲਾਸਾਨੀ ਹੈ, ਸਿੱਖ ਕੌਮ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਅਤਿ ਸੰਵੇਨਦਸ਼ੀਲ ਜਜ਼ਬਿਆਂ ਦੀ ਪੱਧਰ ਤੱਕ ਜੁੜੀ ਵੀ ਹੋਈ ਹੈ, ਪ੍ਰੰਤੂ ਅਫ਼ਸੋਸ ਹੈ ਕਿ ਅਸੀਂ ਆਪਣੀ ਜੁਆਨੀ ਲਈ ਸਾਹਿਬਜ਼ਾਦਿਆਂ ਦੀ ਅਦੁੱਤੀ ਸਖ਼ਸੀਅਤ ਅਤੇ ਲਾਸਾਨੀ ਕੁਰਬਾਨੀ ਨੂੰ ਰੋਲ ਮਾਡਲ ਨਹੀਂ ਬਣਾ ਸਕੇ। ਜਿਸ ਕਾਰਣ ਅੱਜ ਦੀ ਜੁਆਨੀ ਕੌਮ ਦੇ ਉਸ ਮਹਾਨ ਪੰਨੇ ਤੋਂ ਚਾਨਣ ਲੈ ਕੇ ਸਿੱਖੀ ਦੇ ਰੋਸ਼ਨ ਮਿਨਾਰੇ ਬਣਨ ਦੀ ਥਾਂ ਨਸ਼ੇ ਤੇ ਪਤਿਤਪੁਣੇ ਦੀ ਕਾਲੇ ਹਨੇਰੇ ‘ਚ ਗੁੰਮ ਹੁੰਦੀ ਜਾ ਰਹੀ ਹੈ ਅਤੇ ਕੂੜ ਰਾਜਨੀਤੀ ਦੀ ਭੇਂਟ ਚੜ ਕੇ, ਕੂੜ ਵਾਤਾਵਰਣ ਦੀ ਸ਼ਿਕਾਰ ਹੋ ਗਈ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਕਿਸੇ ਦੇਸ਼ ਜਾਂ ਕੌਮ ਦੀ ਜੁਆਨੀ ਨੂੰ, ਜੁਆਨੀ ਦੇ ਸਹੀ ਅਰਥ ਦੀ ਸੂਝ ਮਿਲ ਜਾਂਦੀ ਹੈ ਤਾਂ ਉਹ ਜੁਆਨੀ ਵੱਗਦੇ ਦਰਿਆਵਾਂ ਦਾ ਰੁੱਖ ਮੋੜਣ ਦੇ ਸਮਰੱਥ ਵੀ ਹੋ ਜਾਂਦੀ ਹੈ ਅਤੇ ਅਜਿਹੀ ਜੁਆਨੀ ਹੀ ਹਰ ਨਵੇਂ ਇਨਕਲਾਬ ਦੀ ਨੀਂਹ ਰੱਖਦੀ ਹੈ।
ਅੱਜ ਜਦੋਂ ਸਾਡੀ ਕੌਮ ਦਾ 40 ਫੀਸਦੀ ਹਿੱਸਾ 18 ਤੋਂ 45 ਸਾਲ ਦੀ ਉਮਰ ਦਾ ਹੈ, ਉਸ ਸਮੇਂ ਜੇ ਜੁਆਨੀ ਦੀ ਅਗਵਾਈ ਲਈ ਸਹੀ ਰੋਲ ਮਾਡਲ, ਸਹੀ ਅਗਵਾਈ, ਸਹੀ ਦਿਸ਼ਾ ਵਿਖਾਈ ਜਾਵੇ ਤਾਂ, ਜੁਆਨੀ ਦੇ ਸਹੀ ਰਾਹ ਤੁਰਨ ‘ਚ ਕੋਈ ਰੁਕਾਵਟ ਖੜੀ ਨਹੀਂ ਹੋ ਸਕਦੀ। ਅਸਲ ‘ਚ ਸਿੱਖ ਕੌਮ ਨੂੰ ਜੋ ਵਿਰਸਾ ਮਿਲਿਆ ਅਤੇ ਜਿਹੜੀ ਸੇਧ ਗੁਰੂ ਸਾਹਿਬਾਨ ਨੇ ਗੁਰਬਾਣੀ ਰਾਹੀਂ ਕੌਮ ਨੂੰ ਦਿੱਤੀ, ਉਹ ਨਵੇਂ ਸੰਸਾਰ ਦੀ ਸਿਰਜਣਾ ਦੀ ਬੁਨਿਆਦ ਹੈ ਅਤੇ ਇਸ ਬੁਨਿਆਦ ਨੂੰ ਕਮਜ਼ੋਰ ਕਰਨ ਲਈ ਸਿੱਖ ਵਿਰੋਧੀ ਸ਼ਕਤੀਆਂ ਨੇ, ਜਿਸ ਤਰਾਂ ਸਾਡੀ ਰਾਜਸੀ ਅਗਵਾਈ ਨੂੰ ਕਮਜ਼ੋਰ ਅਤੇ ਰਾਜਸੀ ਵਾਤਾਵਰਣ ਨੂੰ ਗੰਧਲਾ ਕਰ ਦਿੱਤਾ, ਉਸਨੇ ਜੁਆਨੀ ਨੂੰ ਭਟਕਣ ਦੇ ਹਨੇਰੇ ਖੂਹ ‘ਚ ਸੁੱਟ ਦਿੱਤਾ ਹੈ। ਬਿਨਾਂ ਨਿਸ਼ਾਨੇ ਤੋਂ ਦਿਸ਼ਾਹੀਣ ਜੁਆਨੀ ਤੋਂ ਸਾਰਥਿਕ ਨਤੀਜਿਆਂ ਦੀ ਆਸ ਨਹੀਂ ਕੀਤੀ ਜਾ ਸਕਦੀ। ਚਮਕੌਰ ਦੀ ਕੱਚੀ ਗੜੀ ਦਾ ਸੁਨੇਹਾ, ਜਿਹੜਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਜਿਸਨੇ ਆਪਣੇ ਪਿਤਾ ਨੂੰ ਆਖਿਆ ਸੀ ਕਿ ਮੈਂ ਤੁਹਾਡਾ ਬੇਟਾ ਵੀ ਹਾਂ ਅਤੇ ਸਿੱਖ ਵੀ ਹਾਂ, ਇਸ ਲਈ ਰਣਤੱਤੇ ‘ਚ ਵੈਰੀ ਨਾਲ ਦੋ ਹੱਥ ਕਰਦਿਆਂ, ਜੂਝ ਮਰਨਾ, ਮੇਰਾ ਫਰਜ਼ ਹੈ। ਸ਼ਹਾਦਤ ਦੀ ਮਰਿਆਦਾ ਤੇ ਮਹਾਨਤਾ ਦੀ, ਰਾਖੀ ਜਿਸ ਤਰਾਂ ਬਾਬਾ ਅਜੀਤ ਸਿੰਘ ਨੇ ਕੀਤੀ, ਉਹ ਜੁਆਨੀ ਲਈ ਬਹੁਤ ਵੱਡੀ ਸੇਧ ਹੈ।
ਆਪਣੇ ਵੱਡੇ ਵੀਰ ਦੀ ਸ਼ਹਾਦਤ ਤੋਂ ਬਾਅਦ, ਜਿਸ ਤਰਾਂ ਬਾਬਾ ਜੁਝਾਰ ਸਿੰਘ ਨੇ ਰਣ ਭੂਮੀ ‘ਚ ਮੌਤ ਨੂੰ ਵਿਆਹੁਣ ਲਈ ਘੋੜੀ ਚੜਨ ਦੀ ਆਗਿਆ, ਆਪਣੇ ਬਾਪ ਤੋਂ ਮੰਗੀ, ਉਹ ਬਹਾਦਰੀ, ਸੂਰਬੀਰਤਾ, ਦ੍ਰਿੜਤਾ ਅਤੇ ਆਪਣੇ ਫਰਜ਼ ਦੀ ਪੂਰਤੀ ਦਾ ਸਿਖ਼ਰ ਸੀ। ਇਸ ਲਈ ਦੋਵਾਂ ਵੱਡੇ ਸ਼ਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਤੇ ਕੌਮ ਜਿਨਾਂ ਮਾਣ ਕਰ ਸਕੇ, ਉਨਾਂ ਘੱਟ ਹੈ, ਕਿਉਂਕਿ ਸ਼ਹਾਦਤ ਦੇ ਪੰਨਿਆਂ ਤੇ ਅਜਿਹੀ ਸ਼ਹਾਦਤਾਂ ਵਿਰਲੀਆਂ ਹੀ ਹਨ। ਪ੍ਰੰਤੂ ਜੇ ਸਾਡੀ ਜੁਆਨੀ ਇਤਿਹਾਸ ਦੇ ਉਨਾਂ ਪੰਨਿਆਂ ਤੋਂ ਜਿਹੜੇ ਪੰਨੇ ਕੌਮ ਦੀ ਹੋਂਦ ਦੀ ਗਵਾਹੀ ਭਰਦੇ ਹਨ, ਬੇਖ਼ਬਰ ਹੈ ਤਾਂ ਇਸਦਾ ਦੋਸ਼, ਜੁਆਨੀ ਦੀ ਪਾਲਣਾ ਪੋਸ਼ਣਾ ਕਰਨ ਵਾਲਿਆਂ ਸਿਰ ਹੈ। ਸਿੱਖ ਜੁਆਨੀ ਜੇ ਚਮਕੌਰ ਸਾਹਿਬ ਦੇ ਇਤਿਹਾਸਕ ਜੋੜ ਮੇਲੇ ਤੇ ਜਾ ਕੇ, ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਨਤਮਸਤਕ ਹੋਵੇਗੀ ਤਾਂ ਉਸਦੇ ਮਨ ਦੀਆਂ ਤਰੰਗਾਂ ਵੀ ਉਨਾਂ ਅਣਖੀਲੀਆਂ, ਬਹਾਦਰ ਰੂਹਾਂ ਦੇ ਸੁਨੇਹੇ ਨਾਲ ਜੁੜਨਗੀਆਂ। ਕੌਮ ਨੇ ਹਾਲੇਂ ਤੱਕ ਇਸ ਪਾਸੇ ਨਾ ਤਾਂ ਕਦੇ ਸੋਚਿਆ ਹੈ ਅਤੇ ਜੇ ਸੋਚਿਆ ਹੀ ਨਹੀਂ, ਫ਼ਿਰ ਉਸ ਪਾਸੇ ਤੁਰਨ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ।
ਲੋੜ ਹੈ ਕਿ ਅਸੀਂ ਸਾਡੇ ਧਾਰਮਿਕ ਵਿਹੜੇ ‘ਚ ਆ ਚੁੱਕੇ ਰਾਜਸੀ ਗੰਦ ਨੂੰ ਪਹਿਲਾ ਸਾਫ਼ ਕਰੀਏ ਤਾਂ ਕਿ ਰਾਜਸੀ ਵਾਤਾਵਰਣ ਦੀ ਬਦਬੂ ਨੇ, ਸਾਡੀ ਜੁਆਨੀ ਦੀ ਜਿਹੜੀ ਮੱਤ ਮਾਰ ਦਿੱਤੀ ਹੈ, ਉਸਨੂੰ ਸਹੀ ਸੋਚ ਦਾ ਪਾਂਧੀ ਬਣਾਇਆ ਜਾ ਸਕੇ। ਜਦੋਂ ਤੱਕ ਸਾਡੀ ਕੌਮ ਦੇ ਧਾਰਮਿਕ, ਰਾਜਸੀ ਤੇ ਵਿਦਿਅਕ ਆਗੂ ਸੱਚੇ ਮਨੋਂ ਨੌਜਵਾਨਾਂ ਦੀ ਸਹੀ ਅਗਵਾਈ ਲਈ, ਉਨਾਂ ਨੂੰ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦੇ ਵਾਰਿਸ ਹੋਣ ਦਾ ਅਹਿਸਾਸ ਨਹੀਂ ਕਰਵਾਉਂਦੇ ਅਤੇ ਜੁਆਨੀ ਲਈ ਰੋਲ ਮਾਡਲ ਵਜੋਂ ਉਨਾਂ ਦੀ ਸਖ਼ਸੀਅਤ ਨੂੰ ਹਰ ਨੌਜਵਾਨ ਮੁੰਡੇ ਦੇ ਦਿਲ ‘ਚ ਥਾਂ ਪੈਦਾ ਨਹੀਂ ਕੀਤੀ ਜਾਂਦੀ, ਉਦੋਂ ਤੱਕ ਅਸੀਂ ਜੁਆਨੀ ਦੀ ਭਟਕਣ ਨੂੰ ਖ਼ਤਮ ਨਹੀਂ ਕਰ ਸਕਾਂਗੇ ਅਤੇ ਦਿਸ਼ਾ-ਹੀਣ ਹੋਈ ਜੁਆਨੀ ਆਪਣੇ ਵਿਰਸੇ ਦੀ ਵਾਰਿਸ ਬਣਨ ਦੀ ਥਾਂ, ਉਸਨੂੰ ਮੇਟਣ ਦੇ ਰਾਹ ਤੁਰੀ ਰਹੇਗੀ। ਇਸ ਲਈ ਸਾਹਿਬਜ਼ਾਦਿਆਂ ਦੀ ਯਾਦ ‘ਚ ਸਿਰਫ਼ ਸਲਾਨਾ ਜੋੜ ਮੇਲਾ ਮਨਾ ਕੇ ਆਪਣੀ ਜੁੰਮੇਵਾਰੀ ਤੋਂ ਸੁਰਖ਼ਰੂ ਨਹੀਂ ਹੋਇਆ ਜਾ ਸਕਦਾ, ਲੋੜ ਹੈ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦੀਆਂ ਉਹ ਘੋੜੀਆਂ ਜਿਹੜੀਆਂ ਕਦੇ ਸਾਡੀਆਂ ਦਾਦੀਆਂ, ਨਾਨੀਆਂ, ਹਰ ਬੱਚੇ ਨੂੰ ਲੋਰੀਆਂ ਦੀ ਥਾਂ ਸੁਣਾਉਂਦੀਆਂ ਸਨ, ਉਹ ਮੁੜ ਸੁਣਾਈਆਂ ਜਾਣ ਤੇ ਹਰ ਬੱਚੇ ਤੇ ਉਸਦੇ ਜੁਆਨ ਹੋਣ ਤੱਕ ਸ਼ਾਹਿਬਜ਼ਾਦਿਆਂ ਦੇ ਵਾਰਿਸ ਹੋਣ ਦਾ ਅਹਿਸਾਸ ਮਨ ਤੇ ਉੱਕਰਿਆ ਜਾਵੇ।
ਜੁਆਨੀ ਨੂੰ ਵੀ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਨੇ ਆਪਣੇ ਪਿਤਾ ਦੇ ਅਵਾਜ਼ ਮਾਰਨ ਤੋਂ ਪਹਿਲਾ ਆਪਣੇ ਆਪ ਨੂੰ ਖ਼ੁਦ ਸ਼ਹਾਦਤ ਲਈ ਪੇਸ਼ ਕੀਤਾ ਸੀ ਅਤੇ ਇਸ ਲਈ ਅੱਜ ਜੁਆਨੀ ਨੂੰ ਸਿੱਖ ਸਿਧਾਂਤਾ ਸਿੱਖ ਪ੍ਰੰਪਰਾਵਾਂ ਅਤੇ ਸਿੱਖ ਸੋਚ ਦੀ ਪਹਿਰੇਦਾਰੀ ਲਈ ਖ਼ੁਦ ਆਪਣੇ-ਆਪ ਨੂੰ ਪੇਸ਼ ਕਰਨਾ ਚਾਹੀਦਾ ਹੈ। – ਜਸਪਾਲ ਸਿੰਘ ਹੇਰਾਂ