ਪਿਛਲੇ ਕਈ ਦਿਨਾਂ ਤੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਪੰਜਾਬੀ ਫਿਲਮ ‘ਵੇਖ ਬਰਾਤਾਂ ਚੱਲੀਆਂ’ ਬੀਤੇ ਦਿਨੀਂ ਸਿਨੇਮਾਘਰਾਂ ‘ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ‘ਚ ਬੀਨੂੰ ਢਿੱਲੋਂ, ਰਣਜੀਤ ਬਾਵਾ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਬੀਨੂੰ ਢਿੱਲੋਂ ਦੀ ਕਾਮੇਡੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਦਰਸ਼ਕਾਂ ਦਾ ਕਹਿਣਾ ਹੈ ਕਿ ਫਿਲਮ ‘ਚ ਚੰਗੇ ਸੱਭਿਆਚਾਰ ਨੂੰ ਦਿਖਾਇਆ ਗਿਆ ਹੈ। ਇਸ ਫਿਲਮ ਨੂੰ ਪਟਿਆਲਾ, ਲੁਧਿਆਣਾ ਤੇ ਚੰਡੀਗੜ੍ਹ ਵਰਗੇ ਸ਼ਾਹਿਰਾਂ ‘ਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਲੋਕਾਂ ਨੇ ਫਿਲਮ ਦੇਖਣ ਤੋਂ ਬਾਅਦ 5 ਚੋਂ 5 ਸਟਾਰ ਦੇ ਕੇ ਫਿਲਮ ਦੀ ਪ੍ਰਸ਼ੰਸਾਂ ਕੀਤੀ। ਬੀਨੂੰ ਢਿੱਲੋਂ ਤੋਂ ਇਲਾਵਾ ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਅਮਰਿੰਦਰ ਗਿੱਲ ਤੇ ਰਣਜੀਤ ਬਾਵਾ ਫਿਲਮ ‘ਚ ਨਜ਼ਰ ਆ ਰਹੇ ਹਨ।
‘ਵੇਖ ਬਰਾਤਾਂ ਚੱਲੀਆਂ’ ਫ਼ਿਲਮ ਜਿੱਥੇ ਕਾਮੇਡੀ ਆਧਾਰਿਤ ਹੈ, ਉਥੇ ਕਮਾਲ ਦਾ ਸੁਨੇਹਾ ਵੀ ਦਿੰਦੀ ਹੈ ਕਿ ਕਿਸ ਤਰ੍ਹਾਂ 21ਵੀਂ ਸਦੀ ‘ਚ ਵੀ ਲੋਕਾਂ ਅੰਦਰ ਅੰਧ-ਵਿਸ਼ਵਾਸ ਪੱਸਰਿਆ ਹੋਇਆ ਹੈ। ਅੰਧ-ਵਿਸ਼ਵਾਸ ਕਾਰਨ ਲੋਕ ਅਜਿਹੇ ਕੰਮ ਕਰਦੇ ਹਨ, ਜਿਨ੍ਹਾਂ ਨੂੰ ਦੇਖ ਕੇ ਹਾਸਾ ਆਉਂਦਾ ਹੈ। ਫ਼ਿਲਮ ਵਿਚ ਬੀਨੂੰ ਢਿੱਲੋਂ ਦਾ ਵਿਆਹ ਕੁੱਤੀ ਨਾਲ ਕਰਾਇਆ ਜਾਂਦਾ ਹੈ ਕਿਉਂਕਿ ਉਹ ਮੰਗਲੀਕ ਹੈ। ਉਸ ਤੋਂ ਬਾਅਦ ਜੋ-ਜੋ ਵਾਪਰਦਾ ਹੈ, ਉਹ ਹੈਰਾਨ ਕਰਨ ਵਾਲਾ ਹੈ। ਫ਼ਿਲਮ ‘ਚ ਬੀਨੂੰ ਦੇ ਪਿਤਾ ਦਾ ਕਿਰਦਾਰ ਜਸਵਿੰਦਰ ਭੱਲਾ ਨੇ ਨਿਭਾਇਆ ਹੈ, ਜਿਨ੍ਹਾਂ ਦੇ ਡਾਇਲਾਗ ਬਾਕਮਾਲ ਹਨ। ਕਰਮਜੀਤ ਅਨਮੋਲ ਨੇ ਬੱਸ ਡਰਾਈਵਰ ਦਾ ਕਿਰਦਾਰ ਨਿਭਾਇਆ ਹੈ। ਕਵਿਤਾ ਕੌਸ਼ਿਕ ਫਿਲਮ ਦੀ ਹੀਰੋਇਨ ਹੈ, ਜਿਸ ਨੇ ਹਰਿਆਣਵੀ ਕੁੜੀ ਦਾ ਰੋਲ ਨਿਭਾਇਆ ਹੈ।