Ad-Time-For-Vacation.png

ਰੁਪਈਆਂ ਦਾ ਬਾਗ਼

ਰਵਿੰਦਰ ਜੋਸ਼ੀ

ਰਾਮੂ ਇੱਕ ਮਿਹਨਤੀ ਕਿਸਾਨ ਸੀ। ਉਸ ਦੇ ਚਾਰ ਪੁੱਤ ਸਨ। ਰਾਮੂ ਕੋਲ ਕਾਫ਼ੀ ਜ਼ਮੀਨ ਸੀ ਪਰ ਉਸ ਦੇ ਚਾਰੇ ਪੁੱਤ ਉਸ ਦੀ ਸੇਵਾ ਨਹੀਂ ਕਰਦੇ ਸਨ। ਪੜ੍ਹਿਆ ਵੀ ਉਨ੍ਹਾਂ ਚਾਰਾਂ ਵਿੱਚੋਂ ਕੋਈ ਨਹੀਂ ਸੀ। ਉਹ ਸਾਰਾ ਦਿਨ ਖਾਂਦੇ-ਪੀਂਦੇ, ਤਾਸ਼ ਖੇਡਦੇ ਅਤੇ ਘੁੰਮਦੇ-ਫਿਰਦੇ ਰਹਿੰਦੇ ਸਨ। ਰਾਮੂ ਨੂੰ ਦਿਨ-ਰਾਤ ਇਹੀ ਫ਼ਿਕਰ ਲੱਗਿਆ ਰਹਿੰਦਾ ਸੀ ਕਿ ਇਹ ਮੁੰਡੇ ਜੇ ਕੋਈ ਕੰਮ ਨਹੀਂ ਕਰਨਗੇ ਤਾਂ ਖਾਣਗੇ ਕੀ? ਆਂਢ-ਗੁਆਂਢ ਦੇ ਲੋਕਾਂ ਨੇ ਵੀ ਉਨ੍ਹਾਂ ਨੂੰ ਬਹੁਤ ਸਮਝਾਇਆ ਪਰ ਉਨ੍ਹਾਂ ਚਾਰਾਂ ‘ਤੇ ਕੋਈ ਅਸਰ ਨਾ ਹੋਇਆ। ਉਲਟਾ ਉਹ ਰਾਮੂ ਨੂੰ ਹਮੇਸ਼ਾਂ ਇਹੀ ਕਹਿੰਦੇ ਕਿ ਤੂੰ ਜ਼ਿਆਦਾ ਪੈਸੇ ਕਿਉਂ ਨਹੀਂ ਕਮਾਉਂਦਾ। ਰਾਮੂ ਨੂੰ ਇੱਕ ਫ਼ਿਕਰ ਇਹ ਵੀ ਸੀ ਕਿ ਜੇ ਇਨ੍ਹਾਂ ਦਾ ਇਹੋ ਹਾਲ ਰਿਹਾ ਤਾਂ ਇਨ੍ਹਾਂ ਨਾਲ ਵਿਆਹ ਕਿਹੜੀ ਕੁੜੀ ਕਰਾਏਗੀ।

ਇੱਕ ਦਿਨ ਰਾਮੂ ਨੇ ਕਿਸੇ ਤੋਂ ਸੁਣਿਆ ਕਿ 20 ਮੀਲ ਦੂਰ ਇੱਕ ਕਰਮਯੋਗੀ ਸਾਧੂ ਦਾ ਆਸ਼ਰਮ ਹੈ। ਦੂਜੇ ਦਿਨ ਰਾਮੂ ਉਸ ਸਾਧੂ ਦੇ ਆਸ਼ਰਮ ਪਹੁੰਚ ਗਿਆ। ਸਾਧੂ ਨੇ ਰਾਮੂ ਨੂੰ ਬੁਲਾ ਕੇ ਉਸ ਦੀ ਸਮੱਸਿਆ ਪੁੱਛੀ। ਰਾਮੂ ਨੇ ਰੋਂਦਿਆਂ ਆਪਣੀ ਸਮੱਸਿਆ ਸਾਧੂ ਨੂੰ ਦੱਸੀ। ਸਾਧੂ ਬੋਲਿਆ, ”ਬਸ, ਇੰਨੀ ਕੁ ਗੱਲ, ਤੂੰ ਉਨ੍ਹਾਂ ਚਾਰਾਂ ਨੂੰ ਇੱਕ ਹਫ਼ਤੇ ਬਾਅਦ ਇੱਥੇ ਲੈ ਕੇ ਆਉਣਾ।”

ਇੱਕ ਹਫ਼ਤੇ ਬਾਅਦ ਰਾਮੂ ਚਾਰਾਂ ਪੁੱਤਾਂ ਨੂੰ ਲੈ ਕੇ ਸਾਧੂ ਕੋਲ ਪਹੁੰਚ ਗਿਆ। ਸਾਧੂ ਉਸ ਸਮੇਂ ਅੰਬ ਦੀਆਂ ਕਲਮਾਂ ਨੂੰ ਠੀਕ ਕਰ ਰਿਹਾ ਸੀ। ਉਸ ਨੇ ਉਨ੍ਹਾਂ ਚਾਰਾਂ ਨੂੰ ਕਿਹਾ ਕਿ ਜਾਓ ਪਹਿਲਾਂ, ਆਸ਼ਰਮ ਘੁੰਮ ਆਓ। ਆਸ਼ਰਮ ਵਿੱਚ ਹਰ ਪਾਸੇ ਹਰੇ-ਭਰੇ ਰੁੱਖ ਸਨ। ਹਜ਼ਾਰਾਂ ਪੌਦਿਆਂ ਦੀਆਂ ਕਲਮਾਂ ਥਾਂ-ਥਾਂ ਤਿਆਰ ਹੋ ਰਹੀਆਂ ਸਨ। ਉਹ ਚਾਰੇ ਘੁੰਮ ਕੇ ਸਾਧੂ ਕੋਲ ਆ ਗਏ। ਸਾਧੂ ਨੇ ਉਨ੍ਹਾਂ ਚਾਰਾਂ ਨੂੰ ਆਪਣੇ ਕੋਲ ਬਿਠਾਇਆ ਅਤੇ ਪੁੱਛਿਆ ਕਿ ਤੁਹਾਡੇ ਚਾਰਾਂ ‘ਚੋਂ ਪੈਸਾ ਕੌਣ ਕਮਾਉਣਾ ਚਾਹੁੰਦਾ ਹੈ ਤਾਂ ਚਾਰਾਂ ਨੇ ਹੱਥ ਖੜ੍ਹੇ ਕਰ ਦਿੱਤੇ। ਸਾਧੂ ਨੇ ਫਿਰ ਪੁੱਛਿਆ, ”ਜ਼ਿਆਦਾ ਪੈਸਾ ਕੌਣ ਕਮਾਉਣਾ ਚਾਹੁੰਦਾ ਹੈ?”

ਚਾਰਾਂ ਨੇ ਫਿਰ ਹੱਥ ਖੜ੍ਹੇ ਕਰ ਦਿੱਤੇ। ਸਾਧੂ ਬੋਲਿਆ, ”ਠੀਕ ਹੈ, ਮੈਂ ਤੁਹਾਨੂੰ ਰੁਪਈਆਂ ਵਾਲੇ ਰੁੱਖ ਦੇਵਾਂਗਾ। ਤਿੰਨ ਸਾਲ ਬਾਅਦ ਇਨ੍ਹਾਂ ‘ਤੇ ਰੁਪਏ ਲੱਗਣੇ ਸ਼ੁਰੂ ਹੋ ਜਾਣਗੇ। ਹਰ ਰੁੱਖ ‘ਤੇ ਘੱਟੋ-ਘੱਟ ਇੱਕ ਹਜ਼ਾਰ ਰੁਪਏ ਲੱਗਣਗੇ। ਇਸ ਲਈ ਜਿਸ ਨੇ ਜਿੰਨੇ ਰੁੱਖ ਲਗਾਉਣੇ ਹਨ, ਓਨੇ ਹੀ ਖੱਡੇ ਤਿਆਰ ਕਰ ਲਵੇ ਅਤੇ ਉਸ ਵਿੱਚ ਖਾਦ ਭਰ ਦੇਵੇ। ਜਦੋਂ ਇਹ ਕੰਮ ਪੂਰਾ ਹੋ ਜਾਵੇ ਤਾਂ ਜਿੰਨੇ ਰੁੱਖ ਲਾਉਣੇ ਹੋਣ, ਓਨੇ ਇੱਕ-ਇੱਕ ਰੁਪਏ ਦੇ ਸਿੱਕੇ ਲੈ ਕੇ ਇੱਥੇ ਆ ਜਾਣਾ। ਮੈਂ ਤੁਹਾਨੂੰ ਸਾਰਿਆਂ ਨੂੰ ਰੁਪਈਆਂ ਵਾਲੇ ਰੁੱਖ ਦੇਵਾਂਗਾ।”

ਚਾਰੇ ਭਾਈ ਇੱਕ-ਦੂਜੇ ਤੋਂ ਜ਼ਿਆਦਾ ਕਮਾਉਣਾ ਚਾਹੁੰਦੇ ਸਨ। ਸਾਰਿਆਂ ਨੇ ਇੱਕ-ਦੂਜੇ ਤੋਂ ਜ਼ਿਆਦਾ ਖੱਡੇ ਪੁੱਟਣੇ ਸ਼ੁਰੂ ਕਰ ਦਿੱਤੇ। ਇੱਕ ਮਹੀਨੇ ਵਿੱਚ ਚਾਰਾਂ ਨੇ 200-200 ਖੱਡੇ ਪੁੱਟ ਦਿੱਤੇ ਪਰ ਖੱਡਿਆਂ ਵਿੱਚ ਭਰਨ ਲਈ ਉਨ੍ਹਾਂ ਨੂੰ ਗੋਹੇ ਦੇ ਖਾਦ ਨਹੀਂ ਮਿਲ ਰਹੀ ਸੀ। ਪਿੰਡ ਦੇ ਇੱਕ ਮਿਹਨਤੀ ਕਿਸਾਨ ਕਰਮਵੀਰ ਕੋਲ ਖਾਦ ਸੀ ਅਤੇ ਉਹ ਚਾਹੁੰਦਾ ਸੀ ਕਿ ਚਾਰੇ ਬੱਚੇ ਮਿਹਨਤੀ ਬਣਨ। ਅਖੀਰ ਜਦੋਂ ਉਹ ਚਾਰੇ ਉਸ ਕੋਲ ਖਾਦ ਖਰੀਦਣ ਗਏ ਤਾਂ ਉਸ ਨੇ ਕਿਹਾ ਕਿ ਤੁਹਾਨੂੰ ਜਿੰਨੀ ਖਾਦ ਚਾਹੀਦੀ ਹੈ, ਓਨੀ ਖਾਦ ਲੈ ਜਾਓ ਪਰ ਮੈਂ ਖਾਦ ਉਧਾਰ ਦੇਵਾਂਗਾ, ਵੇਚਾਂਗਾ ਨਹੀਂ। ਛੇ ਮਹੀਨਿਆਂ ਬਾਅਦ ਮੇਰੀ ਖਾਦ ਮੈਨੂੰ ਵਾਪਸ ਕਰ ਦੇਣਾ। ਚਾਰੇ ਭਰਾ ਪੈਸਾ ਕਮਾਉਣ ਦੇ ਲਾਲਚ ਵਿੱਚ ਸਨ। ਇਸ ਲਈ ਉਨ੍ਹਾਂ ਨੇ ਕਰਮਵੀਰ ਦੀ ਗੱਲ ਮੰਨ ਲਈ। ਕਰਮਵੀਰ ਨੇ ਉਨ੍ਹਾਂ ਚਾਰਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਇੱਕ ਦਿਨ ਖਾਦ ਵਾਪਸ ਕਰਨੀ ਹੈ। ਇਸ ਲਈ ਤੁਸੀਂ ਚਾਰੇ ਚਾਰ-ਚਾਰ ਗਾਵਾਂ ਪਾਲ ਲਓ, ਮੈਂ ਤੁਹਾਨੂੰ ਵਧੀਆ ਗਾਵਾਂ ਉਧਾਰ ਦਿਵਾ ਦਿੰਦਾ ਹਾਂ। ਜਦੋਂ ਤੁਹਾਡੇ ਚਾਰਾਂ ਕੋਲ ਪੈਸੇ ਹੋਣ ਤਾਂ ਗਾਵਾਂ ਦੇ ਪੈਸੇ ਦੇ ਦੇਣਾ। ਚਾਰੇ ਭਰਾਵਾਂ ਨੇ ਚਾਰ-ਚਾਰ ਗਾਵਾਂ ਪਾਲ ਲਈਆਂ।

ਸਾਰੇ ਖੱਡਿਆਂ ਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਉਹ ਚਾਰੇ ਸਾਧੂ ਦੇ ਆਸ਼ਰਮ ਪਹੁੰਚ ਗਏ। ਸਾਧੂ ਨੇ ਉਨ੍ਹਾਂ ਨੂੰ ਕੋਲ ਬਿਠਾ ਲਿਆ। ਚਾਰਾਂ ਭਰਾਵਾਂ ਨੇ ਸਾਧੂ ਦੇ ਸਾਹਮਣੇ ਇੱਕ-ਇੱਕ ਰੁਪਏ ਦੇ ਦੋ-ਦੋ ਸੌ ਸਿੱਕੇ ਰੱਖ ਦਿੱਤੇ। ਫਿਰ ਸਾਧੂ ਨੇ ਉਨ੍ਹਾਂ ਨੂੰ ਰੁਪਇਆਂ ਦੇ ਰੁੱਖ ਦੇ ਦਿੱਤੇ। ਜਦੋਂ ਉਨ੍ਹਾਂ ਅੰਬਾਂ ਦੇ ਪੌਦੇ ਦੇਖੇ ਤਾਂ ਸਾਧੂ ਨੂੰ ਕਹਿਣ ਲੱਗੇ, ”ਇਹ ਤਾਂ ਅੰਬਾਂ ਦੇ ਪੌਦੇ ਨੇ।” ਸਾਧੂ ਬੋਲਿਆ, ”ਹਾਂ, ਇਹ ਹਨ ਤਾਂ ਅੰਬਾਂ ਦੇ ਪੌਦੇ ਪਰ ਮੈਂ ਇਨ੍ਹਾਂ ਦੀਆਂ ਜੜ੍ਹਾਂ ‘ਚ ਮੰਤਰ ਪੜ੍ਹ ਕੇ ਰੁਪਏ ਪਾ ਰਿਹਾ ਹਾਂ। ਤੁਸੀਂ ਵੇਖਣਾ ਤੀਜੇ ਸਾਲ ਵਿੱਚ ਇਨ੍ਹਾਂ ਅੰਬਾਂ ਦੇ ਰੁੱਖਾਂ ‘ਤੇ ਕਿਸ ਤਰ੍ਹਾਂ ਰੁਪਏ ਲੱਗਦੇ ਹਨ।”

ਚਾਰੇ ਭਰਾ ਬਲਦਾਂ ਵਾਲੀ ਗੱਡੀ ਵਿੱਚ ਪੌਦੇ ਲੱਦ ਕੇ ਲਿਆਏ ਅਤੇ ਬੜੀ ਮਿਹਨਤ ਨਾਲ ਸਾਰੇ ਪੌਦੇ ਲਾ ਦਿੱਤੇ। ਉਨ੍ਹਾਂ ਦੀ ਮਿਹਨਤ ਕਾਰਨ ਪੌਦੇ ਬੜੀ ਤੇਜ਼ੀ ਨਾਲ ਵੱਡੇ ਹੋਣ ਲੱਗੇ। ਪੌਦਿਆਂ ਕੋਲ ਉੱਗੇ ਹਰੇ-ਹਰੇ ਘਾਹ ਨੂੰ ਉਹ ਗਾਵਾਂ ਨੂੰ ਖੁਆ ਦਿੰਦੇ, ਜਿਸ ਨਾਲ ਗਾਵਾਂ ਦਾ ਦੁੱਧ ਕਾਫ਼ੀ ਵਧ ਗਿਆ।

ਦੁੱਧ ਦਾ ਮੁੱਲ ਵਧਣ ਕਾਰਨ ਉਨ੍ਹਾਂ ਚਾਰਾਂ ਦੀ ਆਮਦਨ ਵਧਣ ਲੱਗੀ। ਦੁੱਧ ਵੇਚ ਕੇ ਮਿਲੇ ਪੈਸਿਆਂ ਨਾਲ ਉਨ੍ਹਾਂ ਨੇ ਉਧਾਰ ਲਈਆਂ ਗਾਵਾਂ ਦੇ ਪੈਸੇ ਦੇ ਦਿੱਤੇ। ਹੁਣ ਸਾਰੀਆਂ ਗਾਵਾਂ ਉਨ੍ਹਾਂ ਦੀਆਂ ਆਪਣੀਆਂ ਸਨ।
ਇਸੇ ਤਰ੍ਹਾਂ ਦੋ ਸਾਲ ਬੀਤੇ ਗਏ। ਤੀਜੇ ਸਾਲ ਅੰਬਾਂ ਦੇ ਰੁੱਖਾਂ ‘ਤੇ ਇੰਨਾ ਬੂਰ ਆਇਆ ਕਿ ਉਹ ਪੀਲੇ ਦਿਸਣ ਲੱਗੇ। ਇੰਨਾ ਵਧੀਆ ਬੂਰ ਦੇਖ ਕੇ ਦੂਰੋਂ-ਦੂਰੋਂ ਵਪਾਰੀ ਅੰਬਾਂ ਦੇ ਬਾਗ਼ ਖ਼ਰੀਦਣ ਲਈ ਆਉਣ ਲੱਗੇ। ਅਖੀਰ ਵਿੱਚ ਦਿੱਲੀ ਦੇ ਇੱਕ ਵਪਾਰੀ ਨੇ 10 ਲੱਖ ਰੁਪਏ ਵਿੱਚ ਇੱਕ ਬਾਗ਼ ਇੱਕ ਸਾਲ ਲਈ ਖ਼ਰੀਦ ਲਿਆ।

ਅੰਬ ਪੱਕਣ ਲੱਗੇ ਸਨ। ਇੱਕ ਦਿਨ ਸਾਧੂ ਵੀ ਅੰਬਾਂ ਦਾ ਬਾਗ਼ ਦੇਖਣ ਲਈ ਪਹੁੰਚ ਗਿਆ। ਬਾਗ਼ ਨੂੰ ਦੇਖਦੇ ਹੋਏ ਉਸ ਨੇ ਚਾਰਾਂ ਭਰਾਵਾਂ ਨੂੰ ਕਿਹਾ, ”ਲੱਗਦਾ ਹੈ ਇਸ ਵਾਰ ਮੇਰੇ ਮੰਤਰ ਨੇ ਕੰਮ ਨਹੀਂ ਕੀਤਾ, ਕਿਸੇ ਵੀ ਰੁੱਖ ‘ਤੇ ਰੁਪਏ ਨਹੀਂ ਲੱਗੇ।” ਚਾਰੇ ਭਰਾ ਤੁਰੰਤ ਬੋਲੇ, ”ਬਾਬਾ ਜੀ, ਤੁਹਾਡਾ ਮੰਤਰ ਕਦੇ ਫੇਲ੍ਹ ਹੋ ਹੀ ਨਹੀਂ ਸਕਦਾ। ਤੁਸੀਂ ਤਾਂ ਸਾਡੇ ਚਾਰਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ। ਸੋਚਣ ਨਾਲ ਤਾਂ ਰੁਪਈਆਂ ਦਾ ਰੁੱਖ ਨਹੀਂ ਲਾਇਆ ਜਾ ਸਕਦਾ, ਪਰ ਹਾਂ, ਮਿਹਨਤ ਕਰਨ ਨਾਲ ਰੁਪਈਆਂ ਦਾ ਬਾਗ਼ ਤਾਂ ਕੀ, ਰੁਪਈਆਂ ਦਾ ਪੂਰਾ ਜੰਗਲ ਵੀ ਲਾਇਆ ਜਾ ਸਕਦਾ ਹੈ।” ਉਨ੍ਹਾਂ ਦੀਆਂ ਗੱਲਾਂ ਸੁਣ ਕੇ ਸਾਧੂ ਮੁਸਕਰਾਉਣ ਲੱਗਾ। ਨੇੜੇ ਹੀ ਰਾਮੂ ਅਤੇ ਕਰਮਵੀਰ ਵੀ ਮੁਸਕਰਾ ਰਹੇ ਸਨ। ਉਨ੍ਹਾਂ ਨੂੰ ਲੱਗਿਆ ਕਿ ਹੁਣ ਇਨ੍ਹਾਂ ਚਾਰਾਂ ਦਾ ਵਿਆਹ ਵੀ ਚੰਗੀ ਥਾਂ ਹੋ ਜਾਵੇਗਾ।

Share:

Facebook
Twitter
Pinterest
LinkedIn
matrimonail-ads
On Key

Related Posts

ਜ਼ਬਾਨ ਦਾ ਕਤਲ -ਅਸ਼ਰਫ਼ ਸੁਹੇਲ

ਸਕੂਲ ਲੱਗਣ ਵਿੱਚ ਅਜੇ ਅੱਧਾ ਘੰਟਾ ਰਹਿੰਦਾ ਸੀ। ਸਕੂਲ ਦੇ ਅਹਾਤੇ ਦੇ ਬਾਹਰ ਕੁਝ ਬੱਚੇ ਖੇਡ ਰਹੇ ਸਨ। ਕੁਝ ਕੁਲਚੇ-ਛੋਲੇ ਵਾਲੇ ਦੀ ਰੇੜ੍ਹੀ ਕੋਲ ਖੜੇ

ਵਿਅੰਗ: ਝਾੜਫੂਕ…

ਮਿੰਟੂ ਦੇ ਡੈਡੀ ਜੀ, ਮੇਰੀ ਗੱਲ ਜ਼ਰਾ ਧਿਆਨ ਨਾਲ ਸੁਣੋਂ…ਮਹੀਨਾ ਹੋ ਗਿਐ, ਥੋਨੂੰ ਵੀ ਪਤੈ ਕਿ ਮੇਰਾ ਟਾਈਫਾਈਡ ਖਹਿੜਾ ਹੀ ਨਹੀਂ ਛੱਡ ਰਿਹੈ…। ਅੱਜ ਆਪਣੀ

gurnaaz-new flyer feb 23
Elevate-Visual-Studios
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.