ਮੈਂ ਦਸਵੀਂ ਪਾਸ ਕਰਨ ਤੋਂ ਬਾਅਦ ਆਪਣਾ ਪਿਤਾ-ਪੁਰਖੀ ਕਿੱਤਾ ਖੇਤੀਬਾੜੀ ਕਰਨ ਲੱਗ ਪਿਆ। ਮੈਂ ਬਾਪੂ ਦੇ ਨਾਲ ਖੇਤਾਂ ਵਿਚ ਕੰਮ ਦੇ ਲਈ ਹੱਥ ਵੰਡਾਉਣ ਲੱਗ ਪਿਆ। ਅਸੀਂ ਆਪਣੇ ਖੇਤ ਵਿਚ ਮੱਕੀ ਦੀ ਫ਼ਸਲ ਬੀਜ ਦਿੱਤੀ, ਮੈਨੂੰ ਵੀ ਕੰਮ ਕਰਨ ਦਾ ਬਹੁਤ ਸ਼ੌਕ ਸੀ। ਪਹਿਲਾਂ ਫ਼ਸਲ ਨੂੰ ਪਾਣੀ ਲਾਇਆ ਤੇ ਖਾਦ ਪਾਈ ਤੇ ਫਿਰ ਗੋਡੀ ਕੀਤੀ ਤੇ ਦਿਨੋ-ਦਿਨ ਮੱਕੀ ਦੀ ਫ਼ਸਲ ਬਹੁਤ ਹੀ ਭਰਪੂਰ ਖੇਤ ਵਿਚ ਲਹਿਰਾਉਣ ਲੱਗੀ। ਇਕ ਦਿਨ ਸ਼ਾਮ ਨੂੰ ਬਾਪੂ ਖੇਤ ਵਿਚ ਮੈਨੂੰ ਕਹਿਣ ਲੱਗਾ, ਸਾਬਾਸ਼ ਪੁੱਤਰਾ! ਇਸ ਵਾਰ ਤੂੰ ਫ਼ਸਲ ਦੀ ਬਹੁਤ ਹੀ ਵਧੀਆ ਤਰੀਕੇ ਨਾਲ ਸੰਭਾਲ ਕੀਤੀ, ਤੂੰ ਦੱਸ ਫ਼ਸਲ ਵੇਚ ਕੇ ਤੈਨੂੰ ਕਿਹੜੀ ਚੀਜ਼ ਲਿਆ ਕੇ ਦੇਵਾਂ। ਮੈਂ ਕਿਹਾ, ‘ਬਾਪੂ ਮੱਕੀ ਮੰਡੀ ਵੇਚ ਕੇ ਮੈਨੂੰ ਇਕ ਕੱਢਵੀਂ ਜੁੱਤੀ ਲਿਆ ਕੇ ਦੇਵੀਂ ਜਿਹੜੀ ਚੂੰ-ਚੂੰ ਦੀ ਅਵਾਜ਼ ਕਰੇ।
ਬਾਪੂ ਨੇ ਕਿਹਾ ਠੀਕ ਹੈ ਪੁੱਤਰਾ ਤੈਨੂੰ ਕੱਢਵੀਂ ਜੁੱਤੀ ਜ਼ਰੂਰ ਲਿਆ ਕੇ ਦੇਵਾਂਗਾ, ਪਰ ਰਾਤੋ-ਰਾਤ ਸਭ ਕੁਝ ਬਦਲ ਗਿਆ ਸੀ। ਦੂਸਰੇ ਦਿਨ ਹੀ ਅਜਿਹੀ ਬਰਸਾਤ ਸ਼ੁਰੂ ਹੋਈ ਕਿ ਤਿੰਨ ਦਿਨ ਲਗਾਤਾਰ ਹੀ ਮੀਂਹ ਪਈ ਗਿਆ। ਸਾਰਾ ਖੇਤ ਪਾਣੀ ਨਾਲ ਭਰ ਗਿਆ। ਲਗਾਤਾਰ ਮੀਂਹ ਪੈਣ ਨਾਲ ਮੱਕੀ ਜੋ ਕਿ ਛੱਲੀਆਂ ਲੱਗਣ ਨੂੰ ਤਿਆਰ ਖੜ੍ਹੀ ਸੀ, ਸੁੱਕਣ ਲੱਗ ਪਈ। ਬਾਪੂ ਨੇ ਬਹੁਤ ਹੀ ਉਦਾਸ ਮਨ ਨਾਲ ਮੈਨੂੰ ਕਿਹਾ ਕਿ ਮੱਕੀ ਤਾਂ ਸੁੱਕਣ ਲੱਗ ਪਈ ਹੈ। ਇਸ ਲਈ ਹੁਣ ਆਪਾਂ ਇਸ ਨੂੰ ਪਸ਼ੂਆਂ ਵਾਸਤੇ ਚਾਰੇ ਲਈ ਵਰਤ ਲਈਏ।
ਅਸੀਂ ਖੜ੍ਹੇ ਪਾਣੀ ਵਿਚ ਹੀ ਮੱਕੀ ਵੱਢਣ ਲੱਗ ਪਏ। ਜਦ ਮੈਂ ਆਪਣਾ ਪੈਰ ਅੱਗੇ ਰੱਖਦਾ ਤਾਂ ਪਾਣੀ ਦਾ ਖੜ੍ਹਾਕ ਹੁੰਦਾ। ਉਸ ਪਾਣੀ ਦੇ ਖੜ੍ਹਕੇ ਨੇ ਮੇਰੀ ਕੱਢਵੀਂ ਜੁੱਤੀ ਦੀ ਚੂੰ-ਚੂੰ ਦੀ ਅਵਾਜ਼ ਅਲੋਪ ਕਰ ਦਿੱਤੀ।