ਚੰਡੀਗੜ੍ਹ : ਪੰਜਾਬ ਦੇ ਮਾਲੇਰਕੋਟਲਾ ਦੇ ਰਹਿਣ ਵਾਲੇ ਨੌਜਵਾਨ ਦੇ ਅੰਗਦਾਨ 3 ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲੀ ਹੈ। ਜਾਣਕਾਰੀ ਮੁਤਾਬਕ ਪੰਜਾਬ ਦੇ ਮਾਲੇਰਕੋਟਲਾ ਦੇ ਰਹਿਣ ਵਾਲਾ ਸੂਰਜ 28 ਅਪ੍ਰੈਲ ਨੂੰ ਆਪਣੇ ਦੋਸਤ ਦੇ ਘਰ ਜਾ ਰਿਹਾ ਸੀ। ਇਸ ਦੌਰਾਨ ਉਸ ਦੇ ਮੋਟਰਾਸਾਈਕਲ ਦੀ ਕਾਰ ਨਾਲ ਟੱਕਰ ਹੋ ਗਈ, ਜਿਸ ਤੋਂ ਬਾਅਦ ਉਸ ਨੂੰ 29 ਅਪ੍ਰੈਲ ਨੂੰ ਪੀ. ਜੀ. ਆਈ., ਚੰਡੀਗੜ੍ਹ ਭਰਤੀ ਕਰਾਇਆ ਗਿਆ।
ਉਸ ਸਮੇਂ ਤੋਂ ਉਹ ਕੋਮਾ ‘ਚ ਸੀ। ਇਕ ਮਈ ਨੂੰ ਸੂਰਜ ਨੂੰ ਆਈ. ਸੀ. ਯੂ. ‘ਚ ਸ਼ਿਫਟ ਕਰ ਦਿੱਤਾ ਗਿਆ। ਬਾਅਦ ‘ਚ 5 ਮਈ ਨੂੰ ਸੂਰਜ ਨੂੰ ‘ਬ੍ਰੇਨ ਡੈੱਡ’ ਐਲਾਨ ਦਿੱਤਾ ਗਿਆ। ਸੂਰਜ ਦੇ ਪਿਤਾ ਰਾਮ ਅਵਤਾਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਸੂਰਜ ਦੇ ਅੰਗਦਾਨ ਕਾਰਨ ਕਈ ਲੋਕਾਂ ਨੂੰ ਜ਼ਿੰਦਗੀ ਮਿਲ ਸਕਦੀ ਹੈ ਤਾਂ ਪੂਰਾ ਪਰਿਵਾਰ ਇਸ ਦੇ ਲਈ ਤਿਆਰ ਹੋ ਗਿਆ।
ਇਸ ਤੋਂ ਬਾਅਦ ਸੂਰਜ ਦੇ ਪਰਿਵਾਰ ਵਾਲਿਆਂ ਦੇ ਕਹਿਣ ‘ਤੇ ਡਾਕਟਰਾਂ ਨੇ ਸੂਰਜ ਦਾ ਲੀਵਰ, ਦੋਵੇਂ ਕਿਡਨੀਆਂ ਅਤੇ ਪੈਨਕ੍ਰਿਆਜ ਤਿੰਨ ਲੋੜਵੰਦ ਮਰੀਜ਼ਾਂ ਨੂੰ ਟਰਾਂਸਪਲਾਂਟ ਕੀਤੇ, ਜਿਸ ਕਾਰਨ ਤਿੰਨਾਂ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲ ਸਕੀ ਹੈ। ਸੂਰਜ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦਾ ਦਰਦ ਕੋਈ ਨਹੀਂ ਸਮਝ ਸਕਦਾ ਪਰ ਕਿਸੇ ਨੂੰ ਨਵੀਂ ਜ਼ਿੰਦਗੀ ਦੇਣ ਤੋਂ ਵਧ ਹੋਰ ਕੁੱਝ ਵੀ ਨਹੀਂ ਹੈ।