ਪੁਨੀਤ ਬਾਵਾ, ਲੁਧਿਆਣਾ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਤੁਹਾਡੇ ਤੋਂ ਵੋਟਾਂ ਮੰਗਣ ਨਹੀਂ ਆਏ,ਸਗੋਂ ਅਸੀਂ ਤੁਹਾਡਾ ਕੰਮ ਕਰਨ, ਤੁਹਾਡੇ ਸੁਝਾਅ ਲੈਣ ਤੇ ਤੁਹਾਡੇ ਮੋਢੇ ਨਾ ਮੋਢਾ ਲਗਾਉਣ ਆਏ ਹਾਂ। ਉਨ੍ਹਾਂ ਕਿਹਾ ਕਿ ਚੀਨ ਨੂੰ ਪੰਜਾਬੀ ਹੀ ਹਰਾ ਸਕਦੇ ਹਨ ਅਤੇ ਚੀਨ ਨੂੰ ਜੇਕਰ ਦੇਸ਼ ਦਾ ਕੋਈ ਸੂਬਾ ਟੱਕਰ ਦੇ ਸਕਦਾ ਹੈ, ਉਹ ਪੰਜਾਬ ਹੀ ਹੈ ਅਤੇ ਇੱਥੋਂ ਦੇ ਸਨਅਤਕਾਰ ਚੀਨ ਦਾ ਮੁਕਾਬਲਾ ਕਰਨ ਦੇ ਸਮਰੱਥ ਹਨ। ਉਨ੍ਹਾਂ ਕਿਹਾ ਕਿ ਸਨਅਤੀ ਉਦਪਾਦਾਂ ਦੇ ਹਿਸਾਬ ਨਾਲ ਸਨਅਤਕਾਰਾਂ ਦੀ ਸਮੂਹਲੀਅਤ ਵਾਲੀ ਕਮੇਟੀ ਬਣਾਈ ਜਾਵੇ ਅਤੇ ਹਰ ਖੇਤਰ ਵਿੱਚ ਵੱਖੋ ਵੱਖਰੀ ਟਾਸਕ ਫੋਰਸ ਵੀ ਬਣਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਨੰਬਰ ’ਤੇ ਸੁਝਾਅ ਆਏ ਸਨ, ਉਸ ਨੂੰ ਮੁੱਖ ਮੰਤਰੀ ਤੇ ਮੁੱਖ ਸਕੱਤਰ ਨੇ ਆਪ ਪੜ੍ਹਿਆ ਸੀ। ਉਨ੍ਹਾਂ ਕਿਹਾ ਕਿ ਸਨਅਤਕਾਰਾਂ ਦੇ ਸੁਝਾਅ ਅਨੁਸਾਰ ਹੀ ਸਨਅਤਕਾਰਾਂ ਨੂੰ 58 ਰਾਹਤਾਂ ਦੇਣ ਦਾ ਐਲਾਨ ਕੀਤਾ ਗਿਆ ਹੈ। ਕੇਜਰੀਵਾਲ ਨੇ ਕਿਹਾ ਕਿ ਸਨਅਤਕਾਰਾਂ ਲਈ ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਨੀਤੀਆਂ ਬਣਾਵਾਂਗੇ, ਜਿਸ ਦਾ ਕੋਈ ਵੀ ਮੁਕਾਬਲਾ ਨਹੀਂ ਕਰ ਸਕੇਗਾ।
ਕੇਜਰੀਵਾਲ ਨੇ ਕਿਹਾ ਕਿ ਡੇਢ ਸਾਲ ਤੋਂ ਬਾਅਦ ਹਵਾ ਦਾ ਰੁਖ ਬਦਲ ਰਿਹਾ ਹੈ ਅਤੇ ਸਾਢ 400 ਕਾਰਖ਼ਾਨੇ ਹੋਰ ਰਾਜਾਂ ਨੂੰ ਛੱਡ ਕੇ ਪੰਜਾਬ ਵਿੱਚ ਆਏ ਹਨ। ਉਨ੍ਹਾਂ ਕਿਹਾ ਕਿ 2 ਲੱਖ 79 ਹਜ਼ਾਰ ਐਮਐਸਐਮਈ ਪੰਜਾਬ ਵਿੱਚ ਰਜਿਸਟਰ ਹੋਈ ਹੈ ਅਤੇ ਸਾਢੇ 3420 ਪ੍ਰੋਜੈਕਟ ਪੰਜਾਬ ਵਿੱਚ ਸ਼ੁਰੂ ਹੋ ਚੁੱਕੇ ਹਨ,ਜਿਸ ’ਤੇ 50 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ। ਉਨ੍ਹਾਂ ਕਿਹਾ ਕਿ ਸਾਰੇ ਪ੍ਰੋਜੈਕਟ ਚਾਲੂ ਹੋਣ ਨਾਲ 2 ਲੱਖ 86 ਹਜਾਰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲੇਗਾ। ਕੇਜਰੀਵਾਲ ਨੇ ਕਿਹਾ ਕਿ ਕਿਸੇ ਵੀ ਪੱਧਰ ’ਤੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਸਿੱਖਿਆ ਖੇਤਰ ਵਿੱਚ, ਸਿਹਤ ਸਹੂਲਤਾਂ ਵਿੱਚ, ਖੇਤੀ ਖੇਤਰ ਵਿੱਚ ਕ੍ਰਾਂਤੀ ਆਈ ਹੈ।




