ਸੁਰਿੰਦਰ ਗੋਇਲ, ਸ਼ਹਿਣਾ :
ਪੰਜਾਬ ‘ਚ ਸਰਕਾਰੀ ਅੰਕੜਿਆਂ ਦੇ ਅਨੁਸਾਰ ਹਰ ਸਾਲ ਹਜ਼ਾਰਾਂ ਲੋਕ ਵੱਖ-ਵੱਖ ਸੜਕ ਹਾਦਸਿਆਂ ‘ਚ ਆਪਣੀ ਜਾਨ ਗੁਆ ਬੈਠਦੇ ਹਨ। ਸੜਕ ਹਾਦਸਿਆਂ ਨੂੰ ਰੋਕਣ ਦੇ ਲਈ ਤੰਗ ਸੜਕਾਂ ਨੂੰ ਚੌੜਾ ਕੀਤਾ ਜਾ ਰਿਹਾ ਹੈ। ਪਰ ਸ਼ਰ੍ਹੇਆਮ ਸੜਕਾਂ ‘ਤੇ ਯਮਰਾਜ ਦੇ ਰੂਪ ‘ਚ ਘੁੰਮ ਰਹੇ ਓਵਰਲੋਡ ਟ੍ਰੈਕਟਰ-ਟਰਾਲੀਆਂ ਦੀ ਰੋਕਥਾਮ ਲਈ ਸਰਕਾਰ ਤੇ ਪੁਲਿਸ ਕੋਲ ਕੋਈ ਠੋਸ ਯੋਜਨਾ ਨਹੀਂ ਹੈ। ਤਾਇਨਾਤ ਪੁਲਿਸ ਆਮ ਵਾਹਨਾਂ ਦੇ ਚਲਾਨ ਕੱਟ ਕੇ ਆਪਣੀ ਡਿਊਟੀ ਪੂਰੀ ਕਰ ਰਹੀ ਹੈ ਪਰ ਇਨਾਂ੍ਹ ਨੂੰ ਰੋਕਣ ਦੇ ਲਈ ਪੁਲਿਸ ਪੂਰੀ ਤਰਾਂ੍ਹ ਨਾਲ ਨਾਕਾਮ ਹੈ। ਸ਼ਹਿਰਾਂ ‘ਚ ਤਾਂ ਇਹ ਵਾਹਨ ਬੇਸ਼ੱਕ ਦਿਨ ਦੇ ਸਮੇਂ ਘੱਟ ਨਜ਼ਰ ਆਉਂਦੇ ਹਨ, ਪਰ ਪਿੰਡਾਂ ‘ਚ ਆਮ ਹੀ ਦਿਖਾਈ ਦਿੰਦੇ ਹਨ। ਇੱਥੇ ਹੀ ਬੱਸ ਨਹੀਂ ਰਾਤ ਹੁੰਦੇ ਹੀ ਬਿਨਾਂ੍ਹ ਰਿਫਲੈਕਟਰ ਤੇ ਹੈੱਡ-ਲਾਈਟਾਂ ਦੇ ਓਵਰਲੋਡ ਟ੍ਰੈਕਟਰ-ਟ੍ਰਾਲੀਆਂ ਯਮਰਾਜ ਦਾ ਰੂਪ ਧਾਰਨ ਕਰ ਲੈਂਦੇ ਹਨ ਤੇ ਹਾਈਵੇ ‘ਤੇ ਵਾਹਨ ਚਾਲਕਾਂ ਨੂੰ ਆਪਣੀ ਲਪੇਟ ‘ਚ ਲੈਣ ਲਈ ਹਾਈ ਸਪੀਡ ‘ਤੇ ਦੌੜਦੀਆਂ ਹਨ। ਜ਼ਿਕਰਯੋਗ ਹੈ ਕਿ ਹਾਈਵੇ ‘ਤੇ ਹੋਣ ਵਾਲੀ ਸੜਕ ਦੁਰਘਟਨਾ ਸਬੰਧੀ ਸਮੀਖਿਆ ਕਰਨ ‘ਤੇ ਇਹ ਤੱੱਥ ਸਾਹਮਣੇ ਆਏ ਕਿ ਓਵਰ ਸਪੀਡ, ਟ੍ਰੈਫਿਕ ਨਿਯਮਾਂ ਦਾ ਪਾਲਣ ਨਾ ਕਰਨਾ, ਹਾਈ ਬੀਮ, ਸ਼ਰਾਬ ਪੀ ਕੇ ਗੱਡੀ ਚਲਾਉਣਾ ਜਿਹੇ ਕਈ ਕਾਰਨ ਸਾਹਮਣੇ ਆਏ। ਸੜਕ ਦੁਰਘਟਨਾ ਦੇ ਇਹ ਕਾਰਨ ਠੀਕ ਹਨ, ਪਰ ਇਨਾਂ੍ਹ ‘ਚ ਹਾਈਵੇ ‘ਤੇ ਹੋਣ ਵਾਲੇ ਹਾਦਸਿਆਂ ਦਾ ਇਕ ਹੋਰ ਮੁੱਖ ਕਾਰਨ ਹੈ, ਓਵਰਲੋਡ ਟ੍ਰੈਕਟਰ-ਟਰਾਲੀਆਂ। ਇਸ ਸੰਬੰਧੀ ‘ਪੰਜਾਬੀ ਜਾਗਰਣ’ ਟੀਮ ਵਲੋਂ ਬਰਨਾਲਾ-ਮੋਗਾ, ਬਰਨਾਲਾ-ਫਰੀਦਕੋਟ ਮਾਰਗ ਦਾ ਦੌਰਾ ਕਰਨ ‘ਤੇ ਪਾਇਆ ਕਿ ਟ੍ਰੈਕਟਰ-ਟਰਾਲੀਆਂ ਵਾਲਿਆਂ ਨੂੰ ਨਿਯਮਾਂ ਦੀ ਕੋਈ ਪਰਵਾਹ ਨਹੀਂ ਹੈ। ਦੇਖਣ ‘ਚ ਆਇਆ ਹੈ ਕਿ ਟ੍ਰੈਕਟਰ-ਟਰਾਲੀ ‘ਤੇ ਨਾ ਤਾਂ ਅੱਗੇ ਕੋਈ ਨੰਬਰ ਪਲੇਟ ਦਿਖੀ ਤੇ ਨਾ ਹੀ ਪਿੱਛੇ। ਕਈ ਟ੍ਰੈਕਟਰਾਂ ਦੀ ਤਾਂ ਹੈੱਡਲਾਈਟ ਤਕ ਨਹੀਂ ਸੀ, ਚਲ ਰਹੀ ਤੇ ਨਾਂ ਹੀ ਫਾਗ ਲਾਈਟ ਦਾ ਕੋਈ ਇੰਤਜ਼ਾਮ ਨਜ਼ਰ ਆਇਆ। ਇਸ ਦੇ ਇਲਾਵਾ ਟ੍ਰੈਕਟਰ-ਟਰਾਲੀ ਚਾਲਕਾਂ ਵਲੋਂ ਟਰਾਲੀ ਦੀ ਚੌੜਾਈ ਤੋਂ ਵੀ ਡਬਲ ਉਸ ‘ਚ ਮਾਲ ਲੋਡ ਕੀਤਾ ਹੋਇਆ ਸੀ। ਕਈਆਂ ‘ਨੇ ਤਾਂ ਤੂੜੀ ਇਸ ਢੰਗ ਨਾਲ ਭਰੀ ਹੋਈ ਸੀ ਕਿ ਉਸ ਦੇ ਨਾ ਤਾਂ ਅੱਗੇ ਕੁਝ ਨਜ਼ਰ ਆ ਰਿਹਾ ਸੀ ਤੇ ਨਾ ਹੀ ਸਾਈਡ ‘ਤੇ ਪੂਰੀ ਸੜਕ ਦੇ ਦੂਜੇ ਵਾਹਨਾਂ ਦੇ ਕਰਾਸ ਹੋਣ ਤੱਕ ਦੀ ਥਾਂ ਨਹੀਂ ਬਚੀ ਸੀ। ਓਵਰਲੋਡ ਹੋਣ ਦੇ ਕਾਰਨ ਉਸ ‘ਤੇ ਕੋਈ ਰਿਫਲੈਕਟਰ ਤੱਕ ਨਜ਼ਰ ਨਹੀਂ ਆ ਰਹੇ ਸੀ ਕਿ ਹਨੇਰੇ ਹੋਣ ਦੀ ਸੂਰਤ ‘ਚ ਵੀ ਦੂਜੇ ਵਾਹਨ ਚਾਲਕਾਂ ਨੂੰ ਉਸ ਦਾ ਅੰਦਾਜ਼ਾ ਹੋਵੇ।
ਇਸੇ ਤਰਾਂ੍ਹ ਦੀਆਂ ਕਈ ਟ੍ਰੈਕਟਰ-ਟ੍ਰਾਲੀਆਂ ਸ਼ਹਿਰ ‘ਚ ਸੜਕਾਂ ਤੇ ਹਾਈਵੇ ‘ਤੇ ਦੇਖੀਆਂ ਗਈਆਂ। ਸ਼ਰ੍ਹੇਆਮ ਸੜਕਾਂ ‘ਤੇ ਘੁੰਮ ਰਹੇ ਯਮਰਾਜ ਨੂੰ ਰੋਕਣ ਲਈ ਟ੍ਰੈਫਿਕ ਪੁਲਿਸ ਕੋਲ ਕੋਈ ਮਜ਼ਬੂਤ ਯੋਜਨਾ ਨਜ਼ਰ ਨਹੀਂ ਆ ਰਹੀ। ਇਨਾਂ੍ਹ ਦੇ ਲਈ ਕੋਈ ਨਿਯਮ ਨਹੀਂ ਹੈ ਕਿ ਇਕ ਟ੍ਰੈਕਟਰ-ਟਰਾਲੀ ‘ਚ ਕਿੰਨਾ ਮਾਲ ਲੱਦਣਾ ਹੈ ਤੇ ਕਿੰਨਾ ਨਹੀਂ। ਸੜਕ ਹਾਦਸਿਆਂ ਦੇ ਹੋਰ ਕਾਰਨਾਂ ‘ਤੇ ਕੰਮ ਕਰਨ ਦੇ ਨਾਲ-ਨਾਲ ਲੋਕਲ ਪੁਲਿਸ ਨੂੰ ਆਪਣੇ ਏਸੀ ਕਮਰਿਆਂ ਤੋਂ ਬਾਹਰ ਨਿਕਲ ਕੇ ਓਵਰਲੋਡ ਵਾਹਨ ਚਾਲਕਾਂ ਖ਼ਿਲਾਫ਼ ਸਖਤ ਕਾਰਵਾਈ ਅਮਲ ‘ਚ ਲਿਆਉਣ ਲਈ ਹਿੰਮਤ ਦਿਖਾਉਣੀ ਚਾਹੀਦੀ ਹੈ।


