ਇਕ ਕਾਂਗਰਸੀ ਆਗੂ ਵਲੋਂ ਇਕ ਅਖ਼ਬਾਰ ਦੇ ਪੱਤਰਕਾਰ ਉਤੇ ਸ਼ਰਮਨਾਕ ਹਮਲਾ, ਨਿੰਦਾ ਅਤੇ ਰੋਸ ਤੋਂ ਬਿਨਾਂ ਕਿਸੇ ਹੋਰ ਭਾਵਨਾ ਦਾ ਪਾਤਰ ਤਾਂ ਨਹੀਂ ਹੋ ਸਕਦਾ।ਦਸ ਸਾਲ ਬਾਅਦ ਸੱਤਾ ਵਿਚ ਆਏ ਕਾਂਗਰਸੀ ਆਗੂਆਂ ਦੇ ਰਵਈਏ ਵਿਚ ਆਕੜ ਸੱਭ ਨੂੰ ਨਜ਼ਰ ਆ ਰਹੀ ਹੈ ਅਤੇ ਇਸ ਦੀ ਉਮੀਦ ਵੀ ਕੀਤੀ ਜਾਂਦੀ ਸੀ। ਸੱਭ ਜਾਣਦੇ ਸਨ ਕਿ ਜੇ ਅਕਾਲੀ ਦਲ ਤੀਜੀ ਵਾਰ ਜਿੱਤ ਜਾਂਦਾ ਤਾਂ ਉਨ੍ਹਾਂ ਦਾ ਗ਼ਰੂਰ ਅਸਮਾਨ ਨੂੰ ਛੂਹਣ ਲੱਗ ਜਾਣਾ ਸੀ।ਕਾਂਗਰਸੀਆਂ,ਅਧਿਆਪਕਾ,ਯੂਨੀਅਨਾ ਵਾਲੇ ਗੱਲ ਕੀ ਹਰ ਵਰਗ ਨੇ 10 ਸਾਲ ਬਾਦਲ ਸਰਕਾਰ ਅਤੇ ਪੁਲਿਸ ਹੱਥੋਂ ਬੜਾ ਡਾਂਗ ਸੋਟਾ ਖਾਧਾ ਹੈ, ਪਰ ਹੁਣ ਕੁੱਝ ਕਾਂਗਰਸੀ ਵੀ ਸੱਤਾ ਦੀ ਖ਼ੁਮਾਰੀ ਵਿਚ ਬੇਕਾਬੂ ਹੋ ਹੀ ਗਏ ਲਗਦੇ ਹਨ।
ਪਿਛਲੇ ਦਸ ਸਾਲਾਂ ਦੌਰਾਨ ਬਾਦਲ ਸਰਕਾਰ ਨੇ ਹਰ ਵਿਰੋਧੀ ਜਾਂ ਮੁਜਾਹਰਾ ਕਾਰੀ ਨੂੰ ਕੀੜਿਆਂ ਵਾਂਗ ਦਰੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਤੇ ਫ਼ਰਜ਼ੀ ਕੇਸਾਂ ਵਿਚ ਫਸਾਇਆ ਗਿਆ। ਇਸ ਤਰਾਂ ਦੀਆਂ ਖ਼ਬਰਾਂ ਨੂੰ ਦਬਾ ਦਿੱਤਾ ਜਾਂਦਾ ਸੀ। ਪਰ ਕੀ ਸੱਤਾ ਵਿਚ ਆਏ ਕਾਂਗਰਸੀ ਹੁਣ ਅਪਣੀਆਂ ਰੰਜਿਸ਼ਾਂ ਕੱਢਣ ਲੱਗ ਜਾਣ?
ਬੀਤੇ 10 ਸਾਲਾਂ ਵਿਚ ਮੀਡੀਆ ਨਾਲ ਵੀ ਬੜਾ ਜ਼ੁਲਮ ਹੋਇਆ ਹੈ।ਘੱਟ ਗਿਣਤੀ ਨਾਲ ਸਬੰਧਤ ਪੱਤਰਕਾਰ ਜਾਂ ਅਖਬਾਰ ਦਹਿਸ਼ਤ ਦੇ ਸਾਏ ਹੇਠ ਹੀ ਰਹੇ ਹਨ।
ਆਮ ਤੌਰ ਤੇ ਭਾਰਤ ਦੀ ਅਮੀਰ ਪ੍ਰੈੱਸ, ਵਕਤ ਦੀ ਸਰਕਾਰ ਵਲ ਹੀ ਝੁਕਾਅ ਰਖਦੀ ਹੈ? ਜੇ ਪ੍ਰੈੱਸ ਅਪਣੀ ਕਲਮ ਦੀ ਆਜ਼ਾਦੀ ਮੰਗਦੀ ਹੈ ਤਾਂ ਫਿਰ ਪ੍ਰੈੱਸ ਲੋਕਾਂ ਪ੍ਰਤੀ ਅਪਣੀ ਜ਼ਿੰਮੇਵਾਰੀ ਨਿਭਾਉਣ ਲਈ ਵੀ ਵਚਨਬੱਧ ਹੋਣੀ ਚਾਹੀਦੀ ਹੈ। ਪ੍ਰੈੱਸ ਦੀ ਆਜ਼ਾਦੀ ਬੜੀ ਕੀਮਤੀ ਹੁੰਦੀ ਹੈ ਅਤੇ ਖ਼ਾਸਕਰ ਇਕ ਘੱਟ ਗਿਣਤੀ ਕੌਮ ਦੀ ਬੋਲੀ ਦੇ ਮੀਡੀਆ ਲਈ। ਜੇ ਸੱਚਮੁੱਚ ਹੀ ਲੋਕਤੰਤਰ ਲਾਗੂ ਕਰਨਾ ਹੈ ਤਾਂ ਸਮੇਂ ਦੇ ਹਾਕਮ ਪ੍ਰੈੱਸ ਦੀ ਆਜ਼ਾਦੀ ਦੇ ਪ੍ਰਸ਼ਨ ਵਲ ਵੀ ਝਾਤ ਮਾਰਨ। ਤਾਨਾਸ਼ਾਹੀ ਦਾ ਜਿਹੜਾ ਤਾਂਡਵ ਨਾਚ ਜਿਹੜਾ ਬਾਦਲਾਂ ਸਮੇਂ ਸੀ ਉਹ ਕਦਾਚਿੱਤ ਨਹੀਂਂ ਹੋਣਾ ਚਾਹੀਦਾ।ਮੀਡੀਆ ਤਾਂ ਹੀ ਲੋਕਾਂ ਦੀ ਅਜ਼ਾਦੀ ਗੱਲ ਕਰੇਗਾ ਜੇ ਉਹ ਆਪ ਅਜ਼ਾਦ ਹੋਵੇ।ਇਸ ਵਿੱਚ ਕੋਈ ਸ਼ੱਕ ਨਹੀਂ ਕਈ ਪੱਤਰ ਕਾਰ ਕਿਸੇ ਲਾਲਚ ਵਿੱਚ ਕਿਸੇ ਇੱਕ ਧਿਰ ਦੇ ਬੁਲਾਰੇ ਹੀ ਬਣ ਬਹਿੰਦੇ ਹਨ ਇਹਨਾ ਨੂੰ ਸੱਚੇ ਪੱਤਰਕਾਰ ਨਹੀਂ ਕਿਹਾ ਜਾ ਸਕਦਾ ਇਹ ਪੱਤਰਕਾਰੀ ਦੇ ਧੰਦੇ ਨਾਲ ਵਿਸ਼ਵਾਸ਼ ਘਾਤ ਹੈ।ਪਰ ਦੂਸਰੇ ਪਾਸੇ ਜੇ ਕਿਸੇ ਪੱਤਰਕਾਰ ਵਿਰੁੱਧ ਸ਼ਿਕਾਇਤ ਹੈ ਉਸ ਵਾਸਤੇ ਗੈਰ ਹਿੰਸਕ ਹੱਲ ਲੱਭਣੇਂ ਚਾਹੀਦੇ ਹਨ। ਕਿਸੇ ਨੂੰ ਸਰੀਰਕ ਨੁਕਸਾਨ ਜਾਂ ਬੇਇਜ਼ਤੀ ਕਰਨੀ ਕਿਸੇ ਤਰਾਂ ਵੀ ਜਾਇਜ਼ ਨਹੀਂ ਹੈ।