ਪੰਚਤੰਤਰ ਦੀ ਬੜੀ ਪੁਰਾਣੀ ਕਹਾਣੀ ਹੈ ਕਿ ਕੁੱਤਿਆਂ ਤੋਂ ਡਰਦਾ ਇੱਕ ਗਿਦੜ ਜਦ ਸ਼ਹਿਰ ਵਲ ਦੌੜਿਆ ਤਾਂ ਉਹ ਕਿਸੇ ਲਲਾਰੀ ਦੇ ਟੱਬ ਵਿਚ ਡਿੱਗ ਕੇ ਨੀਲਾ ਹੋ ਗਿਆ। ਉਥੋਂ ਜਦ ਉਹ ਨਿਕਲਿਆ ਤਾਂ ਕੁੱਤੇ ਡਰ ਕੇ ਦੌੜ ਗਏ ਅਤੇ ਉਹ ਜੰਗਲ ਵਿਚ ਆ ਗਿਆ। ਉਸ ਦਾ ਰੂਪ-ਰੰਗ ਬਦਲਿਆ ਦੇਖ ਬਾਕੀ ਦੇ ਸਾਰੇ ਜਾਨਵਰ ਸਮੇਤ ਸ਼ੇਰ ਡਰ ਗਏ ਕਿ ਇਹ ਕੀ ਬਲਾਅ ਜੰਗਲ ਵਿਚ ਆ ਵੜੀ। ਸਾਰਿਆਂ ਨੂੰ ਡਰਿਆਂ ਦੇਖ ਗਿਦੜ ਲੱਗਿਆ ਚੰਮ ਦੀਆਂ ਚਲਾਉਂਣ। ਹੁਣ ਜੰਗਲ ਵਿਚ ਉਸ ਦਾ ਹੀ ਰਾਜ ਚਲਦਾ ਸੀ। ਪਰ ਗਿਦੜ ਤਾਂ ਆਖਰ ਗਿਦੜ ਹੀ ਹੈ ਰੰਗ ਬਦਲਣ ਨਾਲ ਉਸ ਦੀਆਂ ਆਦਤਾਂ ਥੋੜੋਂ ਬਦਲ ਜਾਣੀਆਂ ਸਨ। ਬੜੇ ਅਰਾਮ ਨਾਲ ਉਹ ਜੰਗਲ ਵਿਚ ਚੰਗਾ ਭਲਾ ਰਾਜ ਕਰ ਰਿਹਾ ਸੀ ਕਿ ਇਕ ਦਿਨ ਦੂਰ ਕਿਤੇ ਉਸ ਦੇ ਪੁਰਾਣੇ ਬੇਲੀ ਹਵਾਂਕ ਰਹੇ ਉਸ ਨੂੰ ਸੁਣ ਪਏ। ਉਸ ਦਾ ਦਿਲ ਵੀ ਮਚਲ ਪਿਆ ਅਤੇ ਉਹਨਾਂ ਵਲ ਦੇਖ ਉਸ ਦਾ ਵੀ ਦਿਲ ‘ਗਾਉਂਣ’ ਨੂੰ ਕਰ ਆਇਆ। ਕੰਨਾਂ ਵਿਚ ਮੁੱਤੀਆਂ, ਹੱਥਾਂ ਵਿਚ ਛੱਲੇ, ਠੋਡੀ ਵਿਚ ਕੋਕਾ ਪਾਈ, ਲੰਮੀਆਂ ਜਿਹੀਆਂ ਜੁਲਫਾਂ ਛੱਡੀ ਬੇਸੁਰੇ ਜਿਹੇ ਪੰਜਾਬੀ ਗਾਇਕਾਂ ਵਾਂਗ ਉਸ ਵੀ ਜਦ ਧੁਰ ਉਪਰਲੀ ‘ਸਾ’ ਤੇ ਤਾਨ ਛੱਡੀ ਤਾਂ ਜੰਗਲ ਦੇ ਖੁੱਲ ਕਵਾੜ ਗਏ ਕਿ ਤੁਹਾਡਾ ਬੇੜਾ ਤਰਜੇ ਜਿਸ ਬਲਾਅ ਤੋਂ ਡਰਦੇ ਅਸੀਂ ਰਾਜ ਇਸ ਨੂੰ ਦੇ ਛਡਿਆ ਇਹ ਤਾਂ ‘ਉਹੀ’ ਨਿਕਲਿਆ..?
ਅਗੋਂ ਉਸ ਨੀਲੇ ਗਿਦੜ ਨਾਲ ਕੀ ਵਾਪਰੀ ‘ਉਹੀ’ ਜਾਣੇ। ਪਰ ਨਵੀਂ ਕਹਾਣੀ ਇਕ ਹੋਰ ਸ਼ੁਰੂ ਹੁੰਦੀ ਹੈ। ਰਾਜ ਕਰਦਿਆਂ ਇਕ ਦਿਨ ਨੀਲੇ ਗਿਦੜ ਦੇ ਮਨ ਵਿਚ ਆਈ ਕਿ ਇਹ ਨੀਲਾ ਰੰਗ ਤਾਂ ਮੇਰਾ ਛੇਤੀ ਲੱਥ ਜਾਣਾ ਇਸ ਦੇ ਲੱਥਣ ਤੋਂ ਪਹਿਲਾਂ ਪਹਿਲਾਂ ਕਿਉਂ ਨਾ ਅਪਣੇ ਚਾਪਲੂਸਾਂ ਨੂੰ ਸੱਦ ਕੇ ‘ਫਖਰ-ਏ-ਜੰਗਲ’ ਦਾ ਖਿਤਾਬ ਹਾਸਲ ਕਰਕੇ ਨਵਾ ‘ਇਤਿਹਾਸ’ ਸਿਰਜਿਆ ਜਾਵੇ!
ਬੱਸ ਫਿਰ ਕੀ ਸੀ ਜੰਗਲ ਵਿਚ ਹਰਲ ਹਰਲ ਹੋਣ ਲੱਗ ਪਈ। ਨੀਲੇ ਗਿਦੜ ਦੇ ਹੀ ਥਾਪੇ ਹੋਏ ਗੱਧੇ, ਭੇਡੂ, ਲੂੰਬੜ, ਸ਼ਿਕਾਰੀ ਕੁੱਤੇ, ਚੂਹੇ, ਕਿਰਲੀਆਂ ਅਤੇ ਹੋਰ ਕਈ ਕਿਸਮ ਦੇ ਬਦਸ਼ਗਨੇ ਜਿਹੇ ਜਾਨਵਰ ਆਦਿ ਲਗੇ ਇਕ ਦੂਏ ਤੋਂ ਅੱਗੇ ਹੋ ਹੋ ‘ਬੰਬੇ ਦੇ ਬਾਦਰਾਂ’ ਵਾਂਗ ਟਪੂਸੀਆਂ ਲਾਉਂਣ। ਹਰੇਕ ਨੂੰ ਜਾਪਦਾ ਸੀ ਕਿ ਅਪਣੇ ਇਸ ਨੀਲੇ ਗਿਦੜ ਦੀ ਤਾਜਪੋਸ਼ੀ ਯਾਨੀ ਚਾਪਲੂਸੀ ਵਿਚ ਮੈਂ ਪਿੱਛੇ ਨਾ ਰਹਾਂ ਮਤੇ ਅਗੇ ਆਉਂਣ ਵਾਲੇ ਜੰਗਲ ਦੇ ਰਾਜ ਲਈ ਟਿਕਟਾਂ ਮਿਲਣੋਂ ਰਹਿ ਜਾਣ।
ਜੰਗਲ ਦਾ ਬੜਾ ‘ਹਿਸਟੋਰੀਕਲੀ’ ਥਾਂ ਚੁਣਿਆਂ ਗਿਆ ਗਿਦੜ ਨੂੰ ਸਨਮਾਨਿਤ ਕਰਨ ਲਈ। ਜਿਥੇ ਕਦੇ ਸ਼ੇਰਾਂ ਦੇ ਝੁੰਡ ਬੈਠਿਆ ਕਰਦੇ ਸਨ। ਅਪਣਾ ਸ਼ਿਕਾਰ ਮਾਰ ਕੇ ਜਿਥੇ ਕਦੇ ਉਹ ਦਹਾੜਿਆ ਕਰਦੇ ਸਨ। ਜਿਥੇ ਕਦੇ ਬੱਬਰ ਸ਼ੇਰ ਖੜਾ ਹੋ ਕੇ ਜੰਗਲ ਨੂੰ ਸੰਬੋਧਨ ਹੋਇਆ ਕਰਦਾ ਸੀ। ਇਥੋਂ ਹੀ ਉਸ ਦੀ ਇਕ ਗਰਜ ਸਾਰੇ ਜੰਗਲ ਵਿਚ ਕੰਬਣੀਆਂ ਛੇੜ ਦਿਆ ਕਰਦੀ ਸੀ। ਕੋਈ ਗਿਦੜ ਨੇੜੇ ਨਹੀ ਸੀ ਫੜਕਦਾ। ਕੋਈ ਗੱਧਾ ਪੂਛ ਚੁੱਕ ਚੁੱਕ ਨਹੀ ਸੀ ਹਵਾਂਕਦਾ। ਕੋਈ ਚੂਹਾ ਖੁੱਡ ਵਿਚੋਂ ਨਹੀ ਸੀ ਨਿਕਲਦਾ। ਕੋਈ ਬਾਂਦਰ ਮੁੜਕੋ-ਮੁੜਕੀ ਨਹੀ ਸੀ ਹੁੰਦਾ। ਕੋਈ ਲੂੰਬੜ ਨਹੀ ਸੀ ਲਾਚੜਦਾ।
ਪਰ ਅੱਜ ਉਥੇ ਹੀ ਨੀਲੇ ਗਿਦੜ ਦੇ ਦੁਆਲੇ ਗੱਧਿਆਂ, ਭੇਡੂਆਂ-ਲੂੰਬੜਾਂ ਆਦਿ ਦਾ ਇਕੱਠ ਦੇਖ ਇੱਕ ਲੰਮਾ ਹਉਕਾ ਬਾਬੇ ਫੌਜਾ ਸਿੰਘ ਦੀ ਹਿੱਕ ਵਿਚ ਬਰਛੇ ਵਾਂਗ ਗੱਡਿਆ ਗਿਆ।
ਬਾਬਾ ਫੌਜਾ ਸਿੰਘ ਦੇਖ ਰਿਹਾ ਸੀ। ਗੱਧਿਆਂ ਦੇ ਹੱਥਾਂ ਵਿਚ ਜੰਗਲ ਦੇ ਕੀਮਤੀ ਸਤਿਕਾਰਤ ਤਾਜ ਫੜੇ ਸਨ ਜਿਹੜੇ ਕਦੇ ਸੂਰਬੀਰ ਸ਼ੇਰਾਂ ਦੇ ਸਿਰਾਂ ਤੇ ਰੱਖੇ ਜਾਂਦੇ ਸਨ ਪਰ ਹੁਣ…?????
ਬਾਬੇ ਦੇਖਿਆ ਤਾਜਪੋਸ਼ੀ ਮੌਕੇ ਬਿੱਲੀਆਂ ਮਿਆਂਕ ਰਹੀਆਂ ਸਨ, ਕੁੱਤੇ ਭੌਂਕ ਰਹੇ ਸਨ, ਚੂਹੇ ਦੌੜੇ ਫਿਰ ਰਹੇ ਸਨ, ਭੇਡੂ ਖੌਰੂ ਪਾ ਰਹੇ ਸਨ, ਲੂੰਬੜ ਚਾਬੜਾਂ ਮਾਰ ਰਹੇ ਸਨ ਅਤੇ ਗੱਧੇ ਹੱਥਾਂ ਵਿਚ ਤਾਜ ਫੜੀ ਜਾਣਦੇ ਹੋਏ ਵੀ ਕਿ ਇਸ ਗਿਦੜ ਦਾ ਰੰਗ ਅਸਲੀ ਨਹੀ ਬੜੀ ਬੇਸ਼ਰਮੀ ਨਾਲ ਉਸ ਨੂੰ ਪਹਿਨਾ ਰਹੇ ਸਨ।
ਬੇਬਸ ਜੰਗਲ ਖਮੋਸ਼ ਖੜਾ ਸੀ। ਹਵਾਵਾਂ ਦੇ ਪੈਰੀਂ ਬੇੜੀਆਂ ਸਨ। ਸਮੇ ਦੇ ਪਰ੍ਹ ਕੁਤਰ ਦਿੱਤੇ ਗਏ ਸਨ। ਲਹਿਰਾਂ ਥੰਮ ਗਈਆਂ ਸਨ। ਚਾਨਣਾ ਦੇ ਪੈਰੀਂ ਬੇੜੀਆਂ ਸਨ।ਜੰਗਲ ਵਿਚ ਹਨੇਰਾ ਹੀ ਹਨੇਰਾ ਸੀ। ਸਭ ਪਾਸੇ ਕਾਲਖ ਨਜਰ ਆ ਰਹੀ ਸੀ। ਕਾਲੇ ਚਿਹਰੇ। ਨੀਲੀਆਂ ਪੱਗਾਂ ਹੇਠ ਕਾਲੇ ਚਿਹਰੇ! ਕਾਲੇ ਦਿੱਲ। ਕਾਲੀਆਂ ਜ਼ਮੀਰਾਂ। ਸਭ ਕਾਲਾ ਹੀ ਕਾਲਾ। ਤੇ ਇਸ ਕਾਲਖ ਵਿਚ ਚਾਪਲੂਸਾਂ ਦਾ ਇੱਕ ਪੂਰੇ ਦਾ ਪੂਰਾ ਝੁੰਡ! ਰੂਹਾਂ ਤੋਂ ਸੱਖਣਾ ਨੀੜੇ ਗਿਦੜ ਨੂੰ ਅੱਡੀਆਂ ਚੁੱਕ ਚੁੱਕ ਸਨਮਾਨਤ ਕਰ ਰਿਹਾ ਸੀ। ਜੰਗਲ ਖਮੋਸ਼ ਖੜਾ ਸੀ! ਬੇਬਸ!!-ਗੁਰਦੇਵ ਸਿੰਘ ਸੱਧੇਵਾਲੀਆ