ਸਾਬਕਾ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਨੇ ਕੀਤੀ ਸ਼ਮੂਲੀਅਤ

ਹਰਕ੍ਰਿਸ਼ਨ ਸ਼ਰਮਾ, ਮਾਨਸਾ

ਨਸ਼ਾ ਵਿਰੋਧੀ ਅੰਦੋਲਨ ਨੂੰ ਸਮਰਥਨ ਦੇਣ ਲਈ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਅਤੇ ਉਨ੍ਹਾਂ ਦੀ ਟੀਮ ਅੱਜ ਮਾਨਸਾ ਪਹੁੰਚੀ। ਟੀਮ ਨੇ ਨਸ਼ਾ ਵਿਰੋਧੀ ਮੁਹਿੰਮ ਅਤੇ ਐਂਟੀ ਡਰੱਗ ਟਾਸਕ ਫ਼ੋਰਸ ਦੇ ਆਗੂਆਂ ਨਾਲ ਮਿਲ ਨਸ਼ਾ ਵਿਰੋਧੀ ਅੰਦੋਲਨ ਨੂੰ ਸੂਬਾ ਪੱਧਰ ‘ਤੇ ਜਥੇਬੰਦ ਕਰਨ ਲਈ ਮੁੱਢਲਾ ਵਿਚਾਰ ਵਟਾਂਦਰਾ ਕੀਤਾ। ਬਾਬਾ ਬੂਝਾ ਸਿੰਘ ਭਵਨ ‘ਚ ਹੋਈ ਮੀਟਿੰਗ ਵਿਚ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੇ ਕਨਵੀਨਰ ਰਾਜਵਿੰਦਰ ਸਿੰਘ ਰਾਣਾ ਅਤੇ ਪਰਵਿੰਦਰ ਸਿੰਘ ਝੋਟੇ ਨੇ ਨਸ਼ਿਆਂ ਦੇ ਕਾਲੇ ਕਾਰੋਬਾਰ ਨੂੰ ਬੰਦ ਕਰਵਾਉਣ ਦੇ ਜਾਰੀ ਸੰਘਰਸ਼ ਨੂੰ ਸਮਰਥਨ ਦੇਣ ਬਦਲੇ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਜੀ ਆਇਆਂ ਕਿਹਾ। ਬਲਵਿੰਦਰ ਸਿੰਘ ਸੇਖੋਂ ਨੇ ਪਰਵਿੰਦਰ ਸਿੰਘ ਝੋਟੇ ਦੀ ਬਿਨਾਂ ਸ਼ਰਤ ਰਿਹਾਈ ਲਈ ਲੜੇ ਸੁਚੱਜੇ ਢੰਗ ਨਾਲ ਲੰਬੇ ਤੇ ਸ਼ਾਂਤਮਈ ਸਾਂਝਾ ਅੰਦੋਲਨ ਚਲਾਉਣ ਬਦਲੇ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਮੁੱਦੇ ‘ਤੇ ਅੰਦੋਲਨ ਨੂੰ ਅੱਗੇ ਵਧਾਉਣ ਲਈ ਜਨਤਕ ਜਥੇਬੰਦੀਆਂ ਦਾ ਸਰਗਰਮ ਸਮਰਥਨ ਅਤੇ ਵਿਸ਼ਾਲ ਲੋਕ ਲਾਮਬੰਦੀ ਤੋਂ ਬਿਨ੍ਹਾ ਹੋਰ ਕੋਈ ਰਾਹ ਨਹੀਂ ਹੈ ਕਿਉਂਕਿ ਅਥਾਹ ਕਾਲੀ ਕਮਾਈ ਵਾਲਾ ਇਹ ਧੰਦਾ ਤਸਕਰਾਂ, ਪੁਲਿਸ ਅਫ਼ਸਰਾਂ , ਸਿਆਸਤਦਾਨਾਂ ਤੇ ਕਾਰਪੋਰੇਟਰਾਂ ਦੀ ਮਿਲੀਭੁਗਤ ਨਾਲ ਹੀ ਚੱਲ ਰਿਹਾ ਹੈ। ਉਨ੍ਹਾਂ ਮਾਨਸਾ ਦੀ ਨਸ਼ਾ ਵਿਰੋਧੀ ਕਮੇਟੀ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਆਪਸੀ ਤਾਲਮੇਲ ਨੂੰ ਅੱਗੇ ਵਧਾਉਣ ਲਈ ਉਹ 16 ਸਤੰਬਰ ਨੂੰ ਲੁਧਿਆਣਾ ਵਿਖੇ ਬੁਲਾਈ ‘ਮੈਂ ਪੰਜਾਬੀ ਮੰਚ’ ਦੀ ਮੀਟਿੰਗ ਵਿਚ ਵੀ ਜ਼ਰੂਰ ਪਹੁੰਚਣ। ਵਿਚਾਰ ਵਟਾਂਦਰੇ ਦੌਰਾਨ ਇਸ ਗੱਲ ‘ਤੇ ਵੀ ਸਹਿਮਤੀ ਬਣੀ ਕਿ ਜਿਥੇ ਰਹਿੰਦੀਆਂ ਮੰਗਾਂ ਨੂੰ ਮੰਨਵਾਉਣ ਤੇ ਨਸ਼ਿਆਂ ਖ਼ਲਿਾਫ਼ ਲੋਕ ਲਾਮਬੰਦੀ ਨੂੰ ਤੇਜ਼ ਕਰਨ ਲਈ ਪਿੰਡਾਂ, ਕਸਬਿਆਂ ਵਿਚ ਮੀਟਿੰਗਾਂ, ਰੈਲੀਆਂ ਤੇ ਕਮੇਟੀਆਂ ਬਣਾਉਣ ਦਾ ਸਿਲਸਿਲਾ ਜਾਰੀ ਰਹੇ, ਉਥੇ ਇਸ ਸੁਆਲ ਸੂਬੇ ਵਿਚ ਸਰਗਰਮ ਸਮੂਹ ਜਥੇਬੰਦੀਆਂ ਤੇ ਵਿਅਕਤੀਆਂ ਨੂੰ ਇਕ ਸਾਂਝੇ ਮੰਚ ‘ਤੇ ਲਿਆਉਣ ਲਈ ਵੀ ਯਤਨ ਆਰੰਭੇ ਜਾਣ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਡਾਕਟਰ ਹਰਜਿੰਦਰ ਸਿੰਘ ਜ਼ੀਰਾ, ਐਡਵੋਕੇਟ ਮਨਪ੍ਰਰੀਤ ਸਿੰਘ ਨਮੋਲ, ਗੁਰਸੇਵਕ ਸਿੰਘ ਜਵਾਹਰਕੇ, ਸੁਖਦਰਸ਼ਨ ਸਿੰਘ ਨੱਤ, ਨਛੱਤਰ ਸਿੰਘ ਖੀਵਾ, ਅਮਨ ਪਟਵਾਰੀ, ਸੁਰਿੰਦਰ ਪਾਲ ਸ਼ਰਮਾ, ਸਤਿੰਦਰ ਸੈਣੀ, ਗੁਰਚਰਨ ਸਿੰਘ ਪੱਖੋ ਕਲਾਂ, ਸੁਰਿੰਦਰ ਕੁਮਾਰ, ਇੰਦਰਜੀਤ ਸਿੰਘ ਮੁਨਸ਼ੀ ਸਮੇਤ ਹੋਰ ਆਗੂ ਤੇ ਵਰਕਰ ਵੀ ਹਾਜ਼ਰ ਸਨ।