ਜਸਪਾਲ ਸਿੰਘ ਹੇਰਾਂ
ਦਲਿਤ ਸਮਾਜ ਦੇ ਮਸੀਹਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ, ਜਿਸਨੇ ਦੱਬੇ-ਕੁਚਲੇ ਲੋਕਾਂ ਦੀ ਤਕਦੀਰ ਬਦਲਣ ਲਈ ਚੇਤਨਤਾ ਦਾ ਨਵਾਂ ਇਨਕਲਾਬ ਲਿਆਂਦਾ ਅਤੇ ਮਨੂੰਵਾਦੀਆਂ ਦੇ ਦੇਸ਼ ‘ਚ ਇਹ ਨਾਅਰਾ ਡੰਕੇ ਦੀ ਚੋਟ ਨਾਲ ਲਾਇਆ ਤੇ ਪੂਰਾ ਕਰਵਾਇਆ ਕਿ ਸਵਰਾਜ ਜੇ ਬ੍ਰਹਾਮਣ ਦਾ ਜਨਮ ਸਿੱਧ ਅਧਿਕਾਰ ਹੈ ਤਾਂ ਬਰਾਬਰੀ ਅਛੂਤ ਦਾ ਜਨਮ ਸਿੱਧ ਅਧਿਕਾਰ ਹੈ, ਦਾ ਪ੍ਰੀ-ਨਿਰਵਾਣ ਦਿਵਸ ਮਨਾਇਆ ਜਾ ਰਿਹਾ ਹੈ। ਭਾਵੇਂ ਕਿ ਅਜ਼ਾਦੀ ਤੋਂ ਬਾਅਦ ਦਲਿਤ ਸਮਾਜ ਨੂੰ ਮਿਲੇ ਰਿਜ਼ਰਵੇਸ਼ਨ ਦੇ ਹੱਕ ਨੇ ਦਲਿਤ ਸਮਾਜ ‘ਚ ਵੀ ਇਕ ਸ੍ਰੇਸ਼ਠ ਵਰਗ ਪੈਦਾ ਕਰ ਦਿੱਤਾ ਹੈ, ਪ੍ਰੰਤੂ ਇਹ ਵਰਗ ਦਲਿਤਾਂ ਦੇ ਹਿੱਤ ਅੱਗੇ ਵਧਾਉਣ ਨਾਲੋਂ ਆਪਣੀ ਚੌਧਰ ਕਾਇਮ ਰੱਖਣ ਲਈ ਸਥਾਪਤ ਹਾਕਮੀ ਧਿਰਾਂ ਨਾਲ ਘਿਉ-ਖਿੱਚੜੀ ਹੋ ਗਿਆ ਹੈ, ਜਿਸ ਕਾਰਣ ਗਰੀਬ ਦਲਿਤ ਵਰਗ, ਅੱਜ ਵੀ ਉੱਥੇ ਹੀ ਖੜਾ ਹੈ ਅਤੇ ਉਸੇ ਤਰਾਂ ਵਿਤਕਰੇ ਤੇ ਸ਼ੋਸ਼ਣ ਦਾ ਸ਼ਿਕਾਰ ਹੈ, ਜਿਸ ਤਰਾਂ ਸਦੀਆਂ ਪਹਿਲਾਂ ਸੀ। ਮਨੁੱਖ ‘ਚ ਬਰਾਬਰੀ ਜਦੋਂ ਤੱਕ ਮਾਨਸਿਕ, ਸਮਾਜਿਕ ਤੇ ਆਰਥਿਕ ਪੱਧਰ ਤੇ ਸਹੀ ਅਰਥਾਂ ‘ਚ ਨਹੀਂ ਆਉਂਦੀ, ਉਦੋਂ ਤੱਕ ੳੂਚ-ਨੀਚ ਦੀਆਂ ਵੰਡੀਆਂ ਨੂੰ ਖ਼ਤਮ ਕਰਨਾ ਸੰਭਵ ਨਹੀਂ। ਸਿੱਖ ਗੁਰੂ ਸਾਹਿਬਾਨ ਨੇ ਜਿਸ ਤਰਾਂ ”ਸਭੈ ਸਾਂਝੀਵਾਲ ਦਾ ਨਾਅਰਾ ਦਿੱਤਾ ਸੀ ਅਤੇ ਜਾਤ-ਪਾਤ, ੳੂਚ-ਨੀਚ, ਜ਼ੋਰ-ਜਬਰ ਤੇ ਵਿਤਕਰੇ ਨੂੰ ਖ਼ਤਮ ਕਰਨ ਲਈ ਸਿੱਖ ਧਰਮ ਦੀ ਸਥਾਪਨਾ ਕੀਤੀ ਸੀ, ਉਸ ਸਿਧਾਂਤ ਨੂੰ ਵੀ ਸਿੱਖੀ ਦੇ ਠੇਕੇਦਾਰ ਬਣੇ ਲੋਕਾਂ ਨੇ ਖੋਰਾ ਹੀ ਨਹੀਂ ਲਾਇਆ ਸਗੋਂ ਮੰਨੂਵਾਦੀ ਪੁੱਠ ਚਾੜਨ ਦੀ ਕੋਸ਼ਿਸ ਕੀਤੀ ਹੈ, ਜਿਸ ਕਾਰਣ ਅੱਜ ਸਿੱਖੀ ਦੇ ਵਿਹੜੇ ਪਈਆਂ ਜਾਤ-ਪਾਤ ਦੀਆਂ ਵੰਡੀਆਂ ਗੂੜੀਆਂ ਹੋ ਰਹੀਆਂ ਹਨ।
ਬਾਬਾ ਸਾਹਿਬ ਡਾ. ਭੀਮ-ਰਾਓ ਅੰਬੇਡਕਰ ਨੇ ਸਿੱਖੀ ਸਿਧਾਤਾਂ ਦੀ ਰੋਸ਼ਨੀ ਅਨੁਸਾਰ ਹੀ ਇਹ ਫੈਸਲਾ ਲਿਆ ਸੀ ਕਿ ਸੰਸਾਰ ‘ਚ ਹਰ ਮਨੁੱਖ ਨੂੰ ਬਰਾਬਰੀ ਦੇਣ ਵਾਲਾ ਜੇ ਕੋਈ ਧਰਮ ਹੈ ਤਾਂ ਉਹ ਸਿੱਖ ਧਰਮ ਹੈ, ਪ੍ਰੰਤੂ ਸ਼ੈਤਾਨ ਮੰਨੂਵਾਦੀ ਤਾਕਤਾਂ ਨੇ ਆਪਣੇ ‘ਏਜੰਟਾਂ’ ਰਾਹੀਂ, ਉਨਾਂ ਦੀ ਇਸ ਸੋਚ ਨੂੰ ਫ਼ਲ ਨਾ ਲੱਗਣ ਦਿੱਤਾ, ਕਿਉਂਕਿ ਉਹ ਭਲੀਭਾਂਤ ਸਮਝਦੇ ਸਨ ਕਿ ਜੇ ਸਿੱਖ ਤੇ ਦਲਿਤ ਇੱਕ ਮਿੱਕ ਹੋ ਗਏ ਤਾਂ ਜਿਥੇ ਉਨਾਂ ਦੀ ਚੌਧਰ ਦਾ ਭੋਗ ਪੈ ਜਾਵੇਗਾ, ਉੱਥੇ ਇਸ ਧਰਤੀ ਤੋਂ ਮੰਨੂਵਾਦੀ ਸੋਚ ਤੇ ਵਰਤਾਰਾ ਸਦਾ-ਸਦਾ ਲਈ ਖ਼ਤਮ ਹੋ ਜਾਵੇਗਾ। ਹਲੇਮੀ ਰਾਜ ਤੇ ਬੇਗਮਪੁਰੇ ਦੇ ਸੁਫ਼ਨੇ ਦੇ ਸਕਾਰ ਹੋਣ ਨਾਲ ਸ਼ੋਸ਼ਣ ਕਰਨ ਵਾਲੀਆਂ ਤਾਕਤਾਂ ਦਾ ਰਾਜ ਸਦੀਵੀ ਰੂਪ ‘ਚ ਮਿਟ ਜਾਣਾ ਹੈ, ਇਸ ਹਕੀਕਤ ਨੂੰ ਹਰ ਸੂਝਵਾਨ ਭਲੀਭਾਤ ਭਾਂਪ ਸਕਦਾ ਹੈ। ਡਾ. ਅੰਬੇਡਕਰ ਦੇ ਇਸ ਸੁਫ਼ਨੇ ਦਾ ਪ੍ਰਭਾਵ ਬਸਪਾ ਦੇ ਬਾਨੀ ਸਾਹਿਬ ਸ੍ਰੀ ਕਾਸ਼ੀ ਰਾਮ ਦੇ ਮਨ ‘ਚ ਵੀ ਗਹਿਰਾ ਬੈਠਾ ਹੋਇਆ ਸੀ, ਜਿਸ ਕਾਰਣ ਉਨਾਂ ਭਾਰਤ ਦੀ ਪਾਰਲੀਮੈਂਟ ‘ਚ ਗੱਜਵੱਜ ਕੇ ਆਖਿਆ ਸੀ ਕਿ ਬਸਪਾ ਦਾ ਚੋਣ ਮੈਨੀਫੈਸਟੋ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਦਰਜ ਹੈ ਅਤੇ ਅਸੀਂ ਇਸਨੂੰ ਦੇਸ਼ ਭਰ ‘ਚ ਲਾਗੂ ਕਰਨਾ ਹੈ। ਅੱਜ ਜਦੋਂ ਅਸੀਂ ਡਾ. ਅੰਬੇਡਕਰ ਦੀ ਸੋਚ ਨੂੰ ਪ੍ਰਣਾਮ ਕਰਦੇ ਹਾਂ ਤਾਂ ਉਨਾਂ ਦੇ ਪਾਏ ਪੂਰਨਿਆਂ ਤੇ ਚੱਲਣ ਲਈ ਦ੍ਰਿੜਤਾ ਅਤੇ ਦੂਰਦ੍ਰਿਸ਼ਟੀ ਵੀ ਪੈਦਾ ਕਰਨੀ ਹੋਵੇਗਾ। ਦਲਿਤ ਸਮਾਜ ਜਦੋਂ ਤੱਕ ਆਪਣੀ ਹੋਂਦ ਅਤੇ ਆਪਣੇ ਮੂਲ ਦੀ ਸਹੀ ਪਛਾਣ ਨਹੀਂ ਕਰਦਾ, ਉਦੋਂ ਤੱਕ ਸ਼ੋਸ਼ਣ ਹੁੰਦਾ ਹੀ ਰਹੇਗਾ, ਇਹ ਵੱਖਰੀ ਗੱਲ ਹੈ ਕਿ ਸ਼ੋਸ਼ਣ ਕਰਨ ਵਾਲਿਆਂ ‘ਚ ਬਿਗਾਨਿਆਂ ਦੇ ਨਾਲ-ਨਾਲ ਆਪਣੇ ਵੀ ਸ਼ਾਮਲ ਹੋ ਜਾਣਗੇ। ਜਿਸ ਪਾਖੰਡਵਾਦ ਤੇ ਮੰਨੂਵਾਦ ਨੇ ਸਦੀਆਂ ਤੋਂ ਦਲਿਤ ਸਮਾਜ ਨੂੰ ਆਪਣੇ ਤਿੱਖੇ ਜਬਾੜਿਆਂ ‘ਚ ਜਕੜਿਆਂ ਹੋਇਆ ਹੈ, ਉਸ ਦੇ ਦੰਦ ਤੋੜਣ ਲਈ ਉਹ ਸ਼ਕਤੀਆਂ ਦਾ ਇਕੱਠੇ ਹੋਣਾ ਬੇਹੱਦ ਜ਼ਰੂਰੀ ਹੈ।
ਜਿਹੜੀਆਂ ‘ਕਿਰਤ’ ਦੀਆਂ ਪੂਜਕ ਹਨ। ਦਲਿਤ ਸਮਾਜ ਨੂੰ ਗੁੰਮਰਾਹ ਕੁੰਨ ਸ਼ਕਤੀਆਂ ਤੋਂ ਉਨਾਂ ਹੀ ਸੁਚੇਤ ਰਹਿਣਾ ਹੋਵੇਗਾ, ਜਿਨਾਂ ਕਿ ਸ਼ੋਸ਼ਣ ਕਰਨ ਵਾਲੀਆਂ ਸ਼ਕਤੀਆਂ ਤੋਂ ਰਹਿਣ ਦੀ ਲੋੜ ਹੈ। ਸੱਭ ਤੋਂ ਵੱਡੀ ਲੋੜ ਹੈ ਕਿ ਬਹੁਗਿਣਤੀ ਦਲਿਤ ਭਾਈਚਾਰੇ ਦੀ ਮਾਨਸਿਕ ਹੀਣ ਭਾਵਨਾ ਨੂੰ ਬੌਧਿਕ ਚੇਤਨਤਾ ਨਾਲ ਸਵੈਮਾਣ ਵਾਲੀ ਭਾਵਨਾ ‘ਚ ਬਦਲਿਆ ਜਾਵੇ। ਅੱਜ ਕਿਉਂਕਿ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਝੰਜੋੜਨ ਅਤੇ ਦਿਮਾਗ ਦੀ ਐਨਕ ਦੇ ਸ਼ੀਸ਼ੇ ਸਾਫ਼ ਕਰਨ ਦਾ ਦਿਨ ਹੈ, ਇਸ ਲਈ ਦਲਿਤ ਸਮਾਜ ਨੂੰ ਅਜ਼ਾਦੀ ਦੇ 7 ਦਹਾਕਿਆਂ ‘ਚ ਆਈ ਸਮੂੰਹਕ ਤਬਦੀਲੀ ਅਤੇ ਦਲਿਤ ਸਮਾਜ ਦੀ ਸਥਿਤੀ ‘ਚ ਆਈ ਤਬਦੀਲੀ ਦਾ ਲੇਖਾ-ਜੋਖਾ ਕਰਨਾ ਹੋਵੇਗਾ। ਜਿਸ ਮਹਾਨ ਵਿਅਕਤੀ ਨੇ ਰਾਜੇ ਨੂੰ ‘ਰਾਣੀ’ ਦੇ ਪੇਟ ‘ਚੋਂ ਪੈਦਾ ਹੋਣ ਤੋਂ ਰੋਕ ਕੇ, ਵੋਟ ਦੇ ਡੱਬੇ ‘ਚ ਪੈਦਾ ਕਰਨ ਦੀ ਕਰਾਮਾਤ ਕਰ ਦਿੱਤੀ ਸੀ, ਉਸ ਕਰਾਮਾਤ ਦਾ ਅਸਲੀ ਕ੍ਰਿਸ਼ਮਾ ਹਾਲੇਂ ਬਾਕੀ ਹੈ ਅਤੇ ਸਥਾਪਿਤ ਹਾਕਮ ਧਿਰਾਂ ਅੱਜ ਵੀ ਗਰੀਬ ਵਰਗ ਨੂੰ ਵਿਕਾੳੂ ਮਾਲ ਮੰਨ ਕੇ ਆਪਣੀਆਂ ‘ਜੇਬਾਂ’ ‘ਚ ਮੰਨਦੀਆਂ ਹਨ। ਇਸ ਕਰਕੇ ਹੀ ਅਸੀਂ ਉੱਪਰ ਵੀ ਦਲਿਤ ਸਮਾਜ ਨੂੰ ਆਪਣੀ ਪਹਿਚਾਣ ਤੇ ਆਪਣੀ ਵੋਟ ਦੀ ਕੀਮਤ ਨੂੰ ਪਛਾਣਨ ਦਾ ਹੋਕਾ ਦਿੱਤਾ ਹੈ। ਸਮਾਂ ਬਦਲਿਆ ਹੈ, ਪ੍ਰੰਤੂ ਪ੍ਰਸਥਿਤੀਆਂ ‘ਚ ਬਹੁਤਾ ਬਦਲਾਅ ਨਹੀਂ ਆਇਆ, ਇਸ ਲਈ ਅਸੀਂ ਇਹ ਜ਼ਰੂਰ ਯਾਦ ਕਰਾਉਣਾ ਚਾਹਾਂਗੇ ਕਿ ਸਾਡਾ ਆਖ਼ਰੀ ਨਿਸ਼ਾਨਾ ਇਕ ਅਜਿਹੇ ਸਮਾਜ ਦੀ ਕਲਪਨਾ ਹੈ, ਜਿਸ ‘ਚ ਮਨੁੱਖੀ ਬਰਾਬਰੀ ਹੋਵੇ, ਕੋਈ ਬੇਇਨਸਾਫ਼ੀ, ਲੁੱਟ ਜਾਂ ਵਿਤਕਰਾ ਨਾ ਹੋਵੇ, ਮਜ਼ਲੂਮ ਦੀ ਰੱਖਿਆ ਕੀਤੀ ਜਾਵੇ ਅਤੇ ਸਰਬਸਾਂਝੀਵਾਲਤਾ ਦੀ ਭਾਵਨਾ ਹੋਵੇ, ਇਹ ਗੁਰਬਾਣੀ ਦਾ ਮੂਲ ਸਿਧਾਂਤ ਹੈ ਅਤੇ ਉਸੇ ਮਾਰਗ ਤੇ ਚੱਲ ਕੇ ਹੀ ਅਸੀਂ ਆਪਣੇ ਨਿਸ਼ਾਨੇ ਤੇ ਪੁੱਜ ਸਕਾਂਗੇ।