ਚੰਡੀਗੜ੍ਹ— ਇਸੇ ਮਹੀਨੇ 21 ਜੁਲਾਈ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਠੱਗ ਲਾਈਫ਼’ ਦੇ ਟਰੇਲਰ ਨੂੰ ਸੋਸ਼ਲ ਮੀਡੀਆ ‘ਤੇ ਖੂਬ ਹੁੰਗਾਰਾ ਮਿਲ ਰਿਹਾ ਹੈ ਤੇ ਯੂਟਿਊਬ ‘ਤੇ ਇਸ ਦੇ 16.50 ਲੱਖ ਤੋਂ ਵੱਧ ਵਿਊਜ਼ ਹੋ ਚੁੱਕੇ ਹਨ। ਇਸ ਸੁਪਰ ਕਾਮੇਡੀ ਫਿਲਮ ਦੇ ਟਰੇਲਰ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਤੇ ਦੇਸ਼-ਵਿਦੇਸ਼ ਵਿਚਲੇ ਪੰਜਾਬੀ ਫਿਲਮ ਨੂੰ ਵੀ ਭਰਵਾਂ ਹੁੰਗਾਰਾ ਦੇਣਗੇ ਕਿਉਂਕਿ ਇਹ ਫਿਲਮ ਪਰਿਵਾਰ ਨਾਲ ਬੈਠ ਕੇ ਦੇਖਣਯੋਗ ਫਿਲਮ ਹੈ।ਨਿਰਮਾਤਾ ਚਰਨਜੀਤ ਸਿੰਘ ਵਾਲੀਆ ਤੇ ਤੇਗਬੀਰ ਸਿੰਘ ਵਾਲੀਆ ਵਲੋਂ ‘ਤੇਗ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣਾਈ ਗਈ ਇਸ ਫ਼ਿਲਮ ‘ਚ ਹਰੀਸ਼ ਵਰਮਾ ਉਰਫ ਜੱਟ ਟਿੰਕਾ, ਪੰਜਾਬੀ ਗਾਇਕ ਜੱਸ ਬਾਜਵਾ, ਕਾਮੇਡੀਅਨ ਰਾਜੀਵ ਠਾਕੁਰ ਤੇ ਇਹਾਨਾ ਢਿੱਲੋਂ ਨੇ ਮੁੱਖ ਭੂਮਿਕਾ ਨਿਭਾਈ ਹੈ।
‘ਮਾਤਾ ਸਾਹਿਬ ਕੌਰ ਕਾਲਜ ਆਫ਼ ਨਰਸਿੰਗ’ ਦੇ ਚੇਅਰਮੈਨ ਤੇ ਫ਼ਿਲਮ ਦੇ ਨਿਰਮਾਤਾ ਚਰਨਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਇਹ ਫ਼ਿਲਮ ‘ਚ ਕਾਮੇਡੀ ਪ੍ਰਧਾਨ ਹੈ ਪਰ ਇਸ ‘ਚ ਸਿੱਖਿਆ ਦੇਣ ਦਾ ਉਪਰਾਲਾ ਕੀਤਾ ਗਿਆ ਹੈ। ਇਹ ਫ਼ਿਲਮ ਚਾਰ ਅਜਿਹੇ ਦੋਸਤਾਂ ਦੀ ਕਹਾਣੀ ਹੈ, ਜੋ ਜ਼ਿੰਦਗੀ ‘ਚ ਕੁਝ ਬਣਨਾ ਚਾਹੁੰਦੇ ਹਨ ਪਰ ਆਰਥਿਕ ਮਜਬੂਰੀਆਂ ਤੇ ਹੋਰ ਕਾਰਨਾਂ ਕਰਕੇ ਉਨ੍ਹਾਂ ਨੂੰ ਸਹੀ ਰਾਹ ਨਹੀਂ ਮਿਲਦਾ। ਜ਼ਿੰਦਗੀ ‘ਚ ਸ਼ਾਰਟਕੱਟ ਤਰੀਕੇ ਰਾਹੀਂ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਇਹ ਨੌਜਵਾਨ ਅਚਾਨਕ ਇਕ ਅਜਿਹੀ ਸਮੱਸਿਆ ‘ਚ ਫ਼ਸ ਜਾਂਦੇ ਹਨ, ਜੋ ਉਨ੍ਹਾਂ ਲਈ ਵੱਡੀ ਚੁਣੌਤੀ ਬਣਦੀ ਹੈ।
ਨਿਰਦੇਸ਼ਕ ਵਾਲੀਆ ਮੁਤਾਬਕ ਉਨ੍ਹਾਂ ਦੀ ਇਹ ਫ਼ਿਲਮ ਨਾ ਸਿਰਫ ਦਰਸ਼ਕਾਂ ਦਾ ਮਨੋਰੰਜਨ ਕਰੇਗੀ, ਸਗੋਂ ਨਾਲ ਹੀ ਪੰਜਾਬ ਦੇ ਨੌਜਵਾਨਾਂ ਨੂੰ ਸ਼ਾਰਟਕੱਟ ਰਸਤਾ ਅਪਣਾਉਣ ਦੀ ਥਾਂ ਹੋਰ ਮਿਹਨਤ ਕਰਨ ਲਈ ਵੀ ਪ੍ਰੇਰਿਤ ਕਰੇਗੀ। ਫ਼ਿਲਮ ਦੇ ਨਿਰਮਾਤਾ ਤੇਗਬੀਰ ਸਿੰਘ ਵਾਲੀਆ ਨੇ ਦੱਸਿਆ ਕਿ ‘ਠੱਗ ਲਾਈਫ਼’ ਉਨ੍ਹਾਂ ਦੀ ਪ੍ਰੋਡਕਸ਼ਨ ਕੰਪਨੀ ਦੀ ਪਲੇਠੀ ਫਿਲਮ ਹੈ। ਇਸ ਫ਼ਿਲਮ ਤੋਂ ਬਾਅਦ ਉਹ ਛੇਤੀ ਹੀ ਦੋ ਹੋਰ ਪੰਜਾਬੀ ਫ਼ਿਲਮਾਂ ਦਾ ਐਲਾਨ ਕਰਨਗੇ। ਉਨ੍ਹਾਂ ਕਿਹਾ ਕਿ ‘ਠੱਗ ਲਾਈਫ਼’ ਜ਼ਰੀਏ ਗਾਇਕ ਜੱਸ ਬਾਜਵਾ ਪਾਲੀਵੁੱਡ ‘ਚ ਡੈਬਿਊ ਕਰ ਰਹੇ ਹਨ। ਫ਼ਿਲਮ ‘ਚ ਅਦਾਕਾਰ ਯੋਗਰਾਜ ਸਿੰਘ ਤੇ ਅਨੀਤਾ ਦੇਵਗਨ ਇਕ ਵੱਖਰੇ ਅੰਦਾਜ਼ ‘ਚ ਨਜ਼ਰ ਆਉਣਗੇ।ਫਿਲਮ ‘ਚ ਪਰਿਵਾਰਕ ਰਿਸ਼ਤੇ ਜਿਵੇਂ ਮਾਂ-ਪੁੱਤ ਤੇ ਪਿਓ-ਪੁੱਤ ਦੇ ਰਿਸ਼ਤੇ ਨੂੰ ਬਹੁਤ ਅਹਿਮੀਅਤ ਦਿੱਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਫ਼ਿਲਮ ਦੇ ਨਾਲ-ਨਾਲ ਦਰਸ਼ਕਾਂ ਨੂੰ ਇਸ ਦਾ ਸੰਗੀਤ ਵੀ ਬੇਹੱਦ ਪਸੰਦ ਆਵੇਗਾ। ਉਨ੍ਹਾਂ ਦੱਸਿਆ ਕਿ ਛੇਤੀ ਹੀ ਫ਼ਿਲਮ ਦੇ ਗੀਤ ਵੱਖ-ਵੱਖ ਟੀ. ਵੀ. ਚੈਨਲਾਂ ਤੇ ਯੂਟਿਊਬ ‘ਤੇ ਵੇਖਣ ਤੇ ਸੁਣਨ ਨੂੰ ਮਿਲਣਗੇ।