*ਜਸਪਾਲ ਸਿੰਘ ਹੇਰਾਂ
ਅੱਜ ਪੰਜਾਬ ‘ਚ ਘੁੱਪ ਹਨੇਰਾ ਹੈ ਕਿਉਂਕਿ ਪੰਜਾਬ ਦੀਆਂ ਸਾਰੀਆਂ ਸਥਾਪਿਤ ਧਿਰਾਂ ਅਤੇ ਨਵੀਂ ਪੈਦਾ ਹੋਈ ਆਮ ਆਦਮੀ ਪਾਰਟੀ ਪੰਜਾਬ ਨੂੰ ਕੋਈ ਸਾਰਥਿਕ ਸੇਧ ਦੇਣ ਤੋਂ ਪੂਰੀ ਤਰਾਂ ਅਸਮਰੱਥ ਹਨ। ਬਾਦਲਕਿਆਂ ਦੀ 10 ਸਾਲ ਦੀ ਲੁੱਟ-ਘੁੱਟ ਤੋਂ ਤੰਗ ਆਏ ਪੰਜਾਬੀਆਂ ਨੇ, ਕੈਪਟਨ ਤੇ ਭਰੋਸਾ ਕਰਦਿਆ ਉਸ ਨੂੰ ਪੰਜਾਬ ਦੀ ਵਾਗਡੋਰ ਸੰਭਾਲੀ ਸੀ ਪ੍ਰੰਤੂ ਪਹਿਲੇ 8 ਮਹੀਨਿਆਂ ‘ਚ ਹੀ ਕੈਪਟਨ ਅਤੇ ਕਾਂਗਰਸ ਸਰਕਾਰ ਤੋਂ ਲੋਕਾਂ ਦਾ ਭਰੋਸਾ ਪੂਰੀ ਤਰਾਂ ਉੱਠ ਗਿਆ।ਆਮ ਆਦਮੀ ਪਾਰਟੀ ਵੀ ਅੰਦੂਰਨੀ ਕਾਟੋਂ ਕਲੇਸ ਦਾ ਸ਼ਿਕਾਰ ਹੋ ਕੇ ਲੋਕਾਂ ਦੀਆਂ ਆਸਾਂ ਉਮੀਦਾਂ ਤੋਂ ਖ਼ਾਸੀ ਦੂਰ ਚੱਲੀ ਗਈ ਹੈ ਅਜਿਹੇ ਸਮੇਂ ਪੰਜਾਬ ਦੇ ਲੋਕ ਕਿਸੇ ਜੁਝਾਰੂ ਇਨਕਲਾਬੀ, ਸਿਆਣੀ, ਦੂਰ ਦ੍ਰਿਸ਼ਟੀ ਵਾਲੀ ਪੰਜਾਬ ਹਿਤੈਸ਼ੀ ਲੀਡਰਸ਼ਿਪ ਦੀ ਉਡੀਕ ਕਰ ਰਹੇ ਹਨ ਅਤੇ ਉਨਾਂ ਦੀ ਸਭ ਤੋਂ ਵੱਡੀ ਟੇਕ ਨੌਜਵਾਨ ਲੀਡਰਸ਼ਿਪ ਤੇ ਲੱਗੀ ਹੋਈ ਹੈ। ਪੰਜਾਬ ਦੀ ਬਦਕਿਸ਼ਮਤੀ ਹੀ ਆਖੀ ਜਾ ਸਕਦੀ ਹੈ ਕਿ ਅਜਿਹੇ ਸਮੇਂ ਵੀ ਜਵਾਨੀ ਲਈ ਰੋਲ ਮਾਡਲ ਬਣ ਵਾਲਾ ਕੋਈ ਨੌਜਵਾਨ ਆਗੂ ਉਭਰਦਾ ਦਿਖਾਈ ਨਹੀ ਰਿਹਾ। ਧਾਰਮਿਕ, ਰਾਜਨੀਤਕ ਆਰਥਿਕ ਤੇ ਸੱਭਿਆਚਾਰਕ ਸਾਰੇ ਖੇਤਰਾਂ ‘ਚ ਨਿਘਾਰ ਹੀ ਨਿਘਾਰ ਹੈ, ਜਿਸ ਕਾਰਣ ਉਹ ਪੰਜਾਬ, ਜਿਸ ਦੀ ਪਵਿੱਤਰ ਧਰਤੀ ਤੋਂ ਦੁਨੀਆ ਨੂੰ ਇਨਕਲਾਬੀ ਅਗਵਾਈ ਦੇਣ ਦੀ ਲਹਿਰ ਪੈਦਾ ਹੋਈ ਸੀ, ਅੱਜ ਪੂਰੀ ਤਰਾਂ ਦਿਸ਼ਾਹੀਣ ਹੋਣ ਕਾਰਣ ਆਪਣੀ ਦਸ਼ਾ ਵੀ ਗੁਆ ਰਿਹਾ ਹੈ ਅਤੇ ਇਸਦਾ ਸਭ ਤੋਂ ਮਾੜਾ ਪ੍ਰਭਾਵ ਸਾਡੀ ਨਵੀਂ-ਪੀੜੀ ਭਾਵ ਜੁਆਨੀ ਦੇ ਭਟਕਣ ਦੇ ਰੂਪ ‘ਚ ਸਾਹਮਣੇ ਆ ਰਿਹਾ ਹੈ, ਪ੍ਰੰਤੂ ਅਫਸੋਸ ਹੈ ਕਿ ਇਸ ਭਟਕੀ ਜੁਆਨੀ ਨੂੰ ਸਹੀ ਅਗਵਾਈ ਦੇਣ ਲਈ ਅੱਜ ਕੋਈ ਯੋਗ ਆਗੂ ਕਿਧਰੇ ਵਿਖਾਈ ਨਹੀਂ ਦਿੰਦਾ।
ਅੱਜ ਪੰਜਾਬ ‘ਚ ਨਵਜੋਤ ਸਿੱਧੂ, ਸੁਖਬੀਰ ਬਾਦਲ, ਮਨਪ੍ਰੀਤ ਬਾਦਲ, ਰਵਨੀਤ ਬਿੱਟੂ, ਸੁਖਪਾਲ ਖੈਹਿਰਾ, ਭਗਵੰਤ ਮਾਨ, ਸਿਮਰਨਜੀਤ ਸਿੰਘ ਬੈਂਸ ਵਰਗੇ ਨੌਜਵਾਨ ਆਗੂ ਜੁਆਨੀ ਨੂੰ ਆਪੋ-ਆਪਣੀ ਅਗਵਾਈ ‘ਚ ਇਕੱਠੇ ਕਰਨ ਲਈ ਯਤਨਸ਼ੀਲ ਹਨ, ਪ੍ਰੰਤੂ ਜੁਆਨੀ ਲਈ ਇਨਾਂ ‘ਚੋਂ ਕੋਈ ਵੀ ਰੋਲ ਮਾਡਲ ਬਣਨ ਦੇ ਸਮਰੱਥ ਨਾ ਹੋਣ ਕਾਰਣ, ਜੁਆਨੀ ਦੀ ਭਟਕਣ ਨੂੰ ਫ਼ਿਲਹਾਲ ਠੁੰਮਣਾ ਮਿਲਦਾ ਵਿਖਾਈ ਨਹੀਂ ਦਿੰਦਾ। ਸੱਚਮੁੱਚ ਪੰਜਾਬ ਦੀ ਜਵਾਨੀ ਅੱਜ ਵੱਡੀ ਭਟਕਣ ਦੀ ਸ਼ਿਕਾਰ ਹੈ। ਅੰਦਰੋਂ-ਅੰਦਰੀ ਹੀ ਕੁਝ ਉਸ ਨੂੰ ਘੁਣ ਵਾਂਗ ਖਾਂਦਾ ਪ੍ਰਤੀਤ ਹੋ ਰਿਹਾ ਹੈ। ਜੇ ਤੁਸੀਂ ਸੁਹਿਰਦਤਾ ਨਾਲ ਪੰਜਾਬ ਦੀ ਜਵਾਨੀ ਵੱਲ ਨਿਗਾਹ ਘੁਮਾਓ ਤਾਂ ਤੁਹਾਨੂੰ ਇਹ ਮਹਿਸੂਸ ਨਹੀਂ ਹੋਵੇਗਾ ਕਿ ਇਹ ਨੌਜਵਾਨ ਗੁਰੂਆਂ ਦੀ ਧਰਤੀ ਦੇ ਜੰਮਪਲ ਹਨ, ਬਲਕਿ ਇਸ ਤਰਾਂ ਲੱਗੇਗਾ ਕਿ ਇਹ ਮੁੰਬਈ, ਦਿੱਲੀ ਜਾਂ ਕਿਸੇ ਹੋਰ ਵੱਡੇ ਮੈਟਰੋ ਸ਼ਹਿਰਾਂ ਦੇ ਬਾਸ਼ਿੰਦੇ ਹਨ। ਭੀੜੀਆਂ-ਭੀੜੀਆਂ ਪੈਂਟਾਂ ਪਾ ਕੇ, ਬੇਢੱਗੇ ਢੰਗ ਨਾਲ ਕੱਟੇ ਵਾਲਾਂ ਨੂੰ ਇਕ ਖਾਸ ਅੰਦਾਜ਼ ਵਿੱਚ ਸੰਵਾਰਦੇ, ਕੰਨਾਂ ਵਿੱਚ ਨੱਤੀਆਂ ਜਿਹੀਆਂ ਪਾ ਕੇ ਇਕ ਵੱਖਰੀ ਹੀ ਕਿਸਮ ਦੀ ‘ਮਸਤੀ’ ਵਿੱਚ ਝੂੰਮਦੇ ਇਹ ਜਵਾਨ ਵਾਕਿਆ ਹੀ ਪੰਜਾਬ ਦੇ ਬਾਂਕੇ ਗੱਭਰੂ ਨਹੀਂ ਜਾਪਦੇ। ਪੰਜਾਬ ਦੇ ਇਨਾਂ ਨੌਜਵਾਨਾਂ ਜਿਹੀਆਂ ਪਾ ਕੇ ਇਕ ਵੱਖਰੀ ਹੀ ਕਿਸਮ ਦੀ ‘ਮਸਤੀ’ ਵਿੱਚ ਝੂੰਮਦੇ ਇਹ ਜਵਾਨ ਵਾਕਿਆ ਹੀ ਪੰਜਾਬ ਦੇ ਬਾਂਕੇ ਗੱਭਰੂ ਨਹੀਂ ਜਾਪਦੇ। ਪੰਜਾਬ ਦੇ ਇਨਾਂ ਨੌਜਵਾਨਾਂ ਦਾ ਪਹਿਰਾਵਾ ਜਾਂ ਖਾਣ-ਪੀਣ ਹੀ ਤਬਦੀਲ ਨਹੀਂ ਹੋਇਆ ਸਗੋਂ ਇਨਾਂ ਦੇ ਸੁਹਜ ਸਵਾਦ, ਇਨਾਂ ਦੀ ਸੰਗੀਤਕ ਖਿੱਚ ਅਤੇ ਇਨਾਂ ਦੀਆਂ ਮੌਲਿਕ ਆਦਤਾਂ ਵੀ ਬਿਲਕੁਲ ਹੀ ਤਬਦੀਲ ਹੋ ਗਈਆਂ ਹਨ। ਇਹ ਗੱਭਰੂ ਮਾਨਸਿਕ ਤੌਰ ਤੇ ਕਿਸੇ ਹੋਰ ਹੀ ਧਰਤੀ ‘ਤੇ ਵਸਦੇ ਮਹਿਸੂਸ ਹੁੰਦੇ ਹਨ। ਨਿੱਤ ਦਿਨ ਬੱਸਾਂ-ਗੱਡੀਆਂ ਵਿੱਚ ਸਫਰ ਕਰਦੇ ਸਮੇਂ ਜਦੋਂ ਤੁਸੀਂ ਇਨਾਂ ਨੌਜਵਾਨਾਂ ਦੇ ਕਿਸੇ ਵੱਡੇ ਟੋਲੇ ਜਾਂ ਛੋਟੇ ਸਮੂੰਹ ਦੀਆਂ ਗੱਲਾਂਬਾਤਾਂ ਧਿਆਨ ਨਾਲ ਸੁਣਦੇ ਹੋ ਇਨਾਂ ਦੀਆਂ ਹਰਕਤਾਂ ਨੂੰ ਗਹੁ ਨਾਲ ਵਾਚਦੇ ਹੋ ਤਾਂ ਤੁਹਾਨੂੰ ਇਸ ਵਿੱਚੋਂ ਪੰਜਾਬੀਅਤ ਦੀ ਖੁਸ਼ਬੂ ਨਹੀਂ ਆਉਂਦੀ।
ਇਹ ਵਰਤਾਰਾ ਸਾਧਾਰਨ ਪੰਜਾਬੀ ਨੌਜਵਾਨਾਂ ਜਾਂ ਘੱਟ ਪੜੇ-ਲਿਖੇ ਨੌਜਵਾਨਾਂ ਉੱਤੇ ਹੀ ਨਹੀਂ ਵਰਤ ਰਿਹਾ ਬਲਕਿ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਮੈਦਾਨਾਂ ਅਤੇ ਹੋਸਟਲਾਂ ਵਿੱਚ ਤੁਸੀਂ ਨਸ਼ੇ ਦੀ ਦਵਾਈ ਪੀ ਕੇ ਆਪਣੇ ਹੀ ਅੰਦਾਜ਼ ਵਿੱਚ ਗੱਲਾਂ ਮਾਰਦੇ ਨਿੱਕੇ-ਨਿੱਕੇ ਫਲਸਫਈਆਂ ਦੇ ਦਰਸ਼ਨ ਵੀ ਕਰ ਸਕਦੇ ਹੋ। ਬੇਸ਼ੱਕ ਇਹ ਨੌਜਵਾਨ ਕਿਸੇ ਗੰਭੀਰ ਜਾਪਦੇ ਵਿਸ਼ੇ ਉੱਤੇ ਵਾਰਸਾਂ ਦੀਆਂ ਅੱਖਾਂ ਵਿੱਚੋਂ ਤੁਸੀਂ ਇਕ ਵੱਖਰੀ ਕਿਸਮ ਦੀ ਭਟਕਣ ਅਤੇ ਨਿਰਾਸ਼ਾ ਨੂੰ ਸਹਿਜੇ ਹੀ ਪੜ ਸਕਦੇ ਹੋ। ਨਿਰਸੰਦੇਹ ਅੱਜ ਪੰਜਾਬ ਦੀ ਜਵਾਨੀ ਦਾ ਵੱਡਾ ਹਿੱਸਾ ਭਟਕਣ ਦਾ ਸ਼ਿਕਾਰ ਹੈ। ਮਾਤਾ ਪਿਤਾ ਇਹ ਸ਼ਿਕਾਇਤ ਕਰ ਰਿਹਾ ਹੈ ਕਿ ਸਾਡੀ ਜਵਾਨੀ ਦੇ ਸੁਹਜ-ਸਵਾਦ ਹੀ ਬਦਲ ਗਏ ਹਨ। ਉਨਾਂ ਨੇ ਆਪਣੇ ਵਿਰਸੇ ਨੂੰ ਤਿਆਗ ਕੇ ਪੱਛਮੀ ਵਿਰਸਾ ਅਪਣਾ ਲਿਆ ਹੈ, ਅਧਿਆਪਕਾਂ ਦੀ ਸ਼ਿਕਾਇਤ ਹੈ ਕਿ ਕਲਾਸਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਦਿਨ-ਬ-ਦਿਨ ਘਟਦੀ ਜਾ ਰਹੀ ਹੈ। ਹਰ ਕੋਈ ਆਪੋ ਆਪਣੀ ਜਗਾ ਨੌਜਵਾਨੀ ਦੇ ਸਿਰ ਦੋਸ਼ ਮੜ ਕੇ ਸੁਰਖਰੂ ਹੋਈ ਜਾ ਰਿਹਾ ਹੈ ਅਤੇ ਕਟਹਿਰੇ ਵਿੱਚ ਖੜਦੀ ਜਾ ਰਹੀ ਸਾਡੀ ਜਵਾਨੀ। ਪੰਜਾਬ ਦੀ ਜਵਾਨੀ ਦੀ ਭਟਕਣ ਲਈ ਕੌਣ ਜ਼ਿੰਮੇਵਾਰ ਹੈ? ਪੰਜਾਬ ਦੀ ਨੌਜਵਾਨੀ ਆਪਣੇ ਆਪ ਹੀ ਇਸ ਕੁਰਾਹੇ ਉੱਤੇ ਨਹੀਂ ਤੁਰ ਪਈ ਬਲਕਿ ਉਸ ਲਈ ਸਾਡੇ ਸਮਾਜ ਵੱਲੋਂ ‘ਸਿਰਜੀਆਂ’ ਜਾ ਰਹੀਆਂ ਕਦਰਾਂ-ਕੀਮਤਾਂ ਜ਼ਿੰਮੇਵਾਰ ਹਨ। ਸਾਡੇ ਸਮਾਜ ਦਾ ਨੌਜਵਾਨੀ ਪ੍ਰਤੀ ਗੈਰ-ਜ਼ਿੰਮੇਵਾਰੀ ਵਾਲਾ ਵਤੀਰਾ ਇਸ ਭਟਕਣ ਲਈ ਬਹੁਤ ਵੱਡੀ ਹੱਦ ਤੱਕ ਜ਼ਿੰਮੇਵਾਰ ਹੈ। ਅੱਜ ਜਦੋਂ ਸਾਰੀ ਦੁਨੀਆਂ ਆਪਣੇ ਸੁਨਹਿਰੇ ਭਵਿੱਖ ਲਈ ਆਪਣੀ ਜਵਾਨੀ ਦੀ ਮਾਨਸਿਕ ਅਤੇ ਸਰੀਰਕ ਨਿੱਗਰਤਾ ਲਈ ਦਿਨ-ਰਾਤ ਫਿਕਰਮੰਦ ਹੈ, ਉਥੇ ਸਾਡੀ ਰਾਜਸੀ ਲੀਡਰਸ਼ਿਪ ਜਾਂ ਨੀਤੀ-ਘਾੜਿਆਂ ਦੀ ਕਿਸੇ ਨੀਤੀ ਜਾਂ ਪ੍ਰੋਗਰਾਮ ਵਿੱਚ ਨੌਜਵਾਨ ਸ਼ਾਮਲ ਨਹੀਂ ਹਨ।
ਅਸੀਂ ਨੌਜਵਾਨਾਂ ਨੂੰ ਮਹਿਜ਼ ਨਾਅਰੇ ਮਾਰਨ ਜਾਂ ਨੈਤਿਕ ਖੁਦਕੁਸ਼ੀ ਕਰਨ ਵਾਲੀਆਂ ਚੀਜ਼ਾਂ ਸਮਝ ਰੱਖਿਆ ਹੈ। ਨੌਜਵਾਨ ਸਾਡੀ ਕਿਸੇ ਵੀ ਗਿਣਤੀ ਮਿਣਤੀ ਦਾ ਹਿੱਸਾ ਨਹੀਂ ਹਨ। ਆਪਣੀ ਨੌਜਵਾਨੀ ਨੂੰ ਇਕ ਸਾਰਥਕ ਦਿਸ਼ਾ ਦੇਣ ਦੀ ਸਭ ਤੋਂ ਵੱਡੀ ਨੈਤਿਕ ਜ਼ਿੰਮੇਵਾਰੀ ਉਸ ਸਮਾਜ ਦੀ ਹੁੰਦੀ ਹੈ ਜਿਸ ਦਾ ਕਿ ਉਹ ਨੌਜਵਾਨ ਅੰਗ ਹੁੰਦੇ ਹਨ। ਉਸ ਸਮਾਜ ਦੇ ਰਾਜਸੀ ਅਤੇ ਬੌਧਿਕ ਨੁਮਾਇੰਦਿਆਂ ਨੇ ਆਪਣੇ ਵਿਰਸੇ ਨੂੰ ਜਵਾਨ ਕਰਨਾ ਹੁੰਦਾ ਹੈ। ਕਿਸੇ ਵੀ ਸਮਾਜ ਦੇ ਨੁਮਾਇੰਦਿਆਂ ਦੀ ਨੈਤਿਕ ਜ਼ਿੰਮੇਵਾਰੀ ਆਪਣੇ ਲੋਕਾਂ ਵਿੱਚ ਇਕ ਸਵੈਮਾਣ ਦੀ ਭਾਵਨਾ ਭਰਨ ਦੀ ਹੁੰਦੀ ਹੈ, ਨੈਤਿਕ ਕਦਰਾਂ-ਕੀਮਤਾਂ ਮਹਿਜ਼ ਸਿਖਾਈਆਂ ਨਹੀਂ ਜਾਂਦੀਆਂ ਬਲਕਿ ਸਮਾਜ ਦੇ ਜ਼ਿੰਮੇਵਾਰ ਅੰਗਾਂ ਵੱਲੋਂ ਉਨਾਂ ਉੱਤੇ ਜ਼ਿੰਦਗੀ ਭਰ ਪਹਿਰਾ ਦੇਣਾ ਹੁੰਦਾ ਹੈ। ਜਿਨਾਂ ਦੀ ਮਾਨਸਿਕਤਾ ਵਿੱਚ ਆਪਣੇ ਲੋਕਾਂ ਪ੍ਰਤੀ ਜਵਾਬਦੇਹੀ ਦੀ ਭਾਵਨਾ ਹੁੰਦੀ ਹੈ, ਉਨਾਂ ਨੂੰ ਤਾਂ ਰਾਤਾਂ ਨੂੰ ਨੀਂਦ ਨਹੀਂ ਆਇਆ ਕਰਦੀ। ਬਾਬਾ ਨਾਨਕ ਇਸ ਦੀ ਸਭ ਤੋਂ ਵੱਡੀ ਉਦਾਹਰਣ ਹਨ। ਸਾਡੇ ਵਿਰਸੇ ਦਾ ਥੰਮ ਜੋ ਸੁਪਨਾ ਲੈ ਕੇ ਘਰੋਂ ਬਾਹਰ ਨਿਕਲਿਆ, ਮਰਦੇ ਦਮ ਤੱਕ ਉਸ ਦੇ ਨੈਤਿਕਤਾ ਉੱਤੇ ਆਪਣੀ ਪ੍ਰਤੀਨਿਧਤਾ ਦੀ ਮੋਹਰ ਲਾ ਦਿੰਦਾ ਹੈ, ਉਨਾਂ ਵਿਅਕਤੀਆਂ ਨੇ ਹੀ ਫਿਰ ਨੈਤਿਕਤਾ ਦੇ ਨਵੇਂ ਲਾਂਘੇ ਭੰਨਣੇ ਹੁੰਦੇ ਹਨ। ਕਿਸੇ ਵੀ ਸਮਾਜ ਦੀ ਰਾਜਸੀ ਨੁਮਾਇੰਦਗੀ ਕਰਨ ਦਾ ਮਤਲਬ ਮਹਿਜ਼ ਸੱਤਾ ਪ੍ਰਾਪਤ ਕਰਕੇ ਸੁੱਖ ਸਹੂਲਤਾਂ ਮਾਣਨਾ ਨਹੀਂ ਹੁੰਦਾ ਸਗੋਂ ਰਾਜਸੀ ਨੇਤਾਵਾਂ ਨੂੰ ਤਾਂ ਸੱਭਿਅਤਾ ਦੇ ਗਰਾਫ ਨੂੰ ਉੱਤੇ ਚੁੱਕਣ ਲਈ ਆਪਣੇ ਐਸ਼ੋ-ਆਰਾਮ ਦੀ ਵੀ ਕੁਰਬਾਨੀ ਦੇਣੀ ਪੈਂਦੀ ਹੈ। ਰਾਜਸੀ ਨੁਮਾਇੰਦੇ ਆਪਣੇ ਸਮਾਜ ਲਈ ਇਕ ‘ਮਾਡਲ’ ਹੋਣੇ ਚਾਹੀਦੇ ਹਨ ਪਰ ਸਾਡੇ ਸਮਾਜ ਦਾ ਦੁਖਾਂਤ ਇਹ ਹੈ ਕਿ ਸਾਡਾ ਮਾਡਲ ਹੀ ਔਝੜ ਰਾਹੇ ਪੈ ਗਿਆ ਹੈ। ਅੱਜ ਸਾਡੀ ਨੌਜਵਾਨੀ ਦਾ ਮਾਡਲ ਹੀ ਗੁਆਚ ਗਿਆ ਹੈ।ਪੰਜਾਬ ਦੀ ਨੌਜਵਾਨੀ ਆਪਣੇ ‘ਮਾਡਲ’ ਤੋਂ ਵਿਰਵੀ ਹੋ ਗਈ ਹੈ। ਆਪਣੇ ਏਨੇ ਵੱਡੇ ਸਮਾਜ ਵਿੱਚ ਉਸ ਨੂੰ ਕੋਈ ਵੀ ਵਿਅਕਤੀ ਅਜਿਹਾ ਨਹੀਂ ਮਿਲ ਰਿਹਾ ਜੋ ਉਸ ਦੀ ਮਾਨਸਿਕ ਤੌਰ ‘ਤੇ ਨੁਮਾਇੰਦਗੀ ਕਰ ਸਕੇ। ਜੋ ਉਸ ਦੀ ਅਗਵਾਈ ਕਰ ਸਕੇ, ਜੋ ਉਸ ਨੂੰ ਦਿਸ਼ਾ ਦੇ ਸਕੇ। ਰਾਜਸੀ ਖੇਤਰ ਵਿੱਚ ਮੱਚੀ ਹੋਈ ਆਪਾ-ਧਾਪੀ ਨੇ ਸਾਡੇ ਲੋਕ ਨੁਮਾਇੰਦਗੀ ਦੀ ਸ਼ਖਸੀ ਜ਼ਿੰਦਗੀ ਨੂੰ ਗ੍ਰਹਿਣ ਕੇ ਰੱਖ ਦਿੱਤਾ ਹੈ। ਉਨਾਂ ਨੂੰ ਭਵਿੱਖ ਤੋਂ ਪਾਰ ਪਾਉਣ ਦੀ ਨਾ ਹੋਈ ਸਮਝ ਹੈ ਅਤੇ ਨਾ ਹੀ ਉਨਾਂ ਵਿੱਚ ਅਜਿਹਾ ਕਰਨ ਦੀ ਕੋਈ ਸ਼ਕਤੀ ਹੈ। ਦਸੰਬਰ ਮਹੀਨੇ ਚਾਰ ਸ਼ਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦਾ ਮਹੀਨਾ ਹੈ ਅਤੇ ਜਦੋਂ ਤੱਕ ਅਸੀਂ ਪੰਜਾਬ ਦੀ ਜੁਆਨੀ ਲਈ ਇਸ ਮਹਾਨ ਸ਼ਹਾਦਤ ਨੂੰ ਉਨਾਂ ਦੇ ਜੀਵਨ ਨਿਸ਼ਾਨੇ ਦੀ ਪ੍ਰਾਪਤੀ ਦੇ ਮਾਰਗ ਦਾ ਮਾਰਗ ਦਰਸ਼ਕ ਨਹੀਂ ਬਣਾਉਂਦੇ, ਉਦੋਂ ਤੱਕ ਜੁਆਨੀ ਦੇ ਇਸ ਭਟਕਣ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ। ਅਸਲ ‘ਚ ਵਰਤਮਾਨ ਜੁਆਨੀ ਜਿਹੜੇ ਆਪਣੀ ਮੂਲ ਨਾਲੋਂ ਟੁੱਟ ਗਈ ਹੈ, ਉਸਨੂੰ ਮੁੜ ਤੋਂ ਉਸੇ ਮੂਲ ਨਾਲ ਜੋੜਨਾ ਹੋਵੇਗਾ। ਇਹ ਸਿੱਖ ਕੌਮ ਦੀ ਜੁਆਨੀ ਦੀ ਸੱਭ ਤੋਂ ਵੱਡੀ ਤ੍ਰਾਸਦੀ ਆਖੀ ਜਾਵੇਗੀ ਕਿ ਦੁਨੀਆਂ ਦੇ ਸਭ ਤੋਂ ਅਮੀਰ ਵਿਰਸੇ ਦੀ ਵਾਰਿਸ ਹੋਣ ਦੇ ਬਾਵਜੂਦ, ਠੂਠਾ ਲੈ ਕੇ ਭਿਖਾਰੀ ਵਾਗੂੰ ਦੂਜੇ ਵਿਰਸਿਆ ਤੋਂ ਭੀਖ਼ ਮੰਗਦੀ ਫ਼ਿਰ ਰਹੀ ਹੈ। ਯੋਗ ਤੇ ਮਾਡਲ ਬਣਨ ਦੇ ਸਮਰੱਥ ਆਗੂ ਦੀ ਖ਼ਾਲੀ ਥਾਂ, ਜਿੰਨੀ ਜਲਦੀ ਭਰ ਲਈ ਜਾਵੇਗੀ, ਉਨਾਂ ਜਲਦੀ ਹੀ, ਕੌਮ ਦੀ ਜੁਆਨੀ ਦੇ ਤਬਾਹੀ ਵੱਲ ਵੱਧਦੇ ਕਦਮਾਂ ਦੀ ਵਾਪਸੀ ਹੋ ਸਕਦੀ ਹੈ। ਇਸ ਹਕੀਕਤ ਨੂੰ ਜਿਹੜੀ ਕੌਮ ਦੇ ਭਵਿੱਖ ਨਾਲ ਜੁੜੀ ਹੋਈ ਹੈ, ਸਾਨੂੰ ਸਾਰਿਆਂ ਨੂੰ ਗੰਭੀਰਤਾ ਨਾਲ ਵਿਚਾਰਨਾ ਚਾਹੀਦਾ ਹੈ।