Ad-Time-For-Vacation.png

ਚਿੱਟੇ ਦੈਂਤ ਦਾ ਸ਼ਹਿਰ

-ਸੁਖਦੇਵ ਸਿੰਘ ਮਾਨ

ਹੁਣ ਇਹ ਪਿੰਡ ਮੈਨੂੰ ਬੜਾ ਓਪਰਾ ਜਾਪਦਾ ਹੈ। ਆਪਣਾ ਲੱਗਦਾ ਹੀ ਨਹੀਂ। ਇੰਜ ਜਾਪਦਾ ਹੈ ਜਿਵੇਂ ਪਿੰਡ ਦੀ ਆਤਮਾ ਕਿਸੇ ਸ਼ੈਤਾਨ ਨੇ ਚੁਰਾ ਲਈ ਹੋਵੇ। ਖੁਦਗਰਜ਼ ਜਿਹਾ ਪਿੰਡ। ਜਿੱਦਣ ਦਾ ਪ੍ਰਭਜੋਤ ਭਵਨਾਂ ਵਾਲੇ ਸ਼ਹਿਰ ਪੜ੍ਹਨ ਗਿਆ ਹੈ, ਮੈਂ ਪਿੰਡ ਬਾਰੇ ਸੋਚਣਾ ਛੱਡਣ ਦਾ ਯਤਨ ਕਰਦਾ ਹਾਂ, ਪਰ ਚਿੱਤ ਫਿਰ ਵੀ ਬੇਚੈਨ ਹੈ। ਰਾਤ ਨੂੰ ਸੁਪਨਿਆਂ ਵਿੱਚ ਗੁਆਂਢ ਬਲਦੀ ਅੱਗ ਦੀਆਂ ਲਾਟਾਂ ਦਿੱਸਦੀਆਂ ਹਨ। ਮੈਂ ਲਾਟਾਂ ਵੱਲੋਂ ਧਿਆਨ ਮੋੜ ਕੇ ਸੌਣ ਦਾ ਯਤਨ ਕਰਦਾ ਹਾਂ, ਨੀਂਦ ਨਹੀਂ ਆਉਂਦੀ। ਅੱਗ, ਅੱਗ ਹੁੰਦੀ ਹੈ, ਬੜੀ ਮੂੰਹ ਜ਼ੋਰ ਹੈ, ਬਨੇਰੇ ਕੰਧਾਂ ਟੱਪਦਿਆਂ ਚਿਰ ਨਹੀਂ ਲਾਉਂਦੀ।

ਪ੍ਰਭਜੋਤ ਨੂੰ ਭਵਨਾਂ ਵਾਲੇ ਸ਼ਹਿਰ ਭੇਜਣ ਲਈ ਉਸ ਦੀ ਮੰਮੀ ਵੀ ਕਾਹਲੀ ਸੀ। ਸਾਰਾ ਪਿੰਡ ਨਸ਼ਿਆਂ ਦੀ ਚਪੇਟ ਵਿੱਚ ਆ ਚੁੱਕਾ ਹੈ। ਨਵਾਂ ਪੋਚ ਗਰਕਦਾ ਹੀ ਜਾਂਦਾ ਹੈ। ਪ੍ਰਭਜੋਤ ਨੂੰ ਅਸੀਂ ਪਿੰਡ ਦੇ ਵਿਗੜੇ ਮਾਹੌਲ ਤੋਂ ਚੁੱਪ-ਚੁਪੀਤੇ ਰਵਾਨਾ ਕਰ ਦਿੱਤਾ ਹੈ। ਮੁੰਡੇ ਦਾ ਫੋਨ ਦੋ ਵਾਰ ਰੋਜ਼ ਆਉਂਦਾ ਹੈ। ਜੀਅ ਲੱਗ ਗਿਆ। ਮੇਰਾ ਵੀ ਉਹ ਸੁਪਨਿਆਂ ਦਾ ਸ਼ਹਿਰ ਸੀ। ਮੈਂ ਆਪਣੀਆਂ ਇੱਛਾਵਾਂ ਪ੍ਰਭਜੋਤ ਰਾਹੀਂ ਪੂਰੀਆਂ ਕਰ ਕੇ ਰੋਮਾਂਚਿਤ ਹੋ ਰਿਹਾ ਹਾਂ। ਪ੍ਰਭਜੋਤ ਦੀ ਮੰਮੀ ਫੋਨ ਸੁਣਨ ਪਿੱਛੋਂ ਅਕਸਰ ਆਖਦੀ ਹੈ: ‘ਮੁੰਡੇ ਦੀ ਖ਼ੁਸ਼ੀ ਤੋਂ ਏਦਾਂ ਲੱਗਦੈ, ਕੋਈ ਗਰਲ ਫਰੈਂਡ ਉਸ ਬਣਾ ਲਈ।’

ਗਰਲ ਫਰੈਂਡ ਬਾਰੇ ਸੋਚ ਅਸੀਂ ਦੋਵੇਂ ਜੀਅ ਰੋਮਾਂਚਿਤ ਹੋ ਰਹੇ ਹਾਂ। ਅਸੀਂ ਇਨ੍ਹਾਂ ਗੱਲਾਂ ਦਾ ਕਚੀਰਾ ਕਰਦੇ ਸੌਂ ਗਏ। ਸੱਥ ਵਾਲੇ ਟਰਾਂਸਫਾਰਮਰ ਦਾ ਫਿਊਜ਼ ਉੱਡ ਗਿਆ। ਮੰਜਿਆਂ ਵਿੱਚ ਅਧਸੁੱਤਾ ਪਿਆ ਸ਼ਰਾਬੀ ਪਿੰਡ ਸੱਥ ਵਿੱਚ ਆ ਗਿਆ। ਅਸੀਂ ਦੋਵੇਂ ਜੀਆਂ ਨੇ ਕੰਧ ਉੱਤੋਂ ਦੀ ਦੇਖਿਆ, ਇੱਕ ਵੀ ਬੰਦਾ ਤਮੀਜ਼ ਨਾਲ ਨਹੀਂ ਬੋਲ ਰਿਹਾ। ਹੋਰ ਗੱਲਾਂ ਸੁਣਨ ਦੀ ਥਾਂ ਪ੍ਰਭਜੋਤ ਦੀ ਮੰਮੀ ਮੈਨੂੰ ਬਾਹੋਂ ਫੜ ਮੰਜੇ ਵੱਲ ਆ ਗਈ। ‘ਸ਼ੁਕਰ ਹੈ, ਮੁੰਡਾ ਆਪਾਂ ਸ਼ਹਿਰ ਭੇਜ ਦਿੱਤਾ। ਭੋਲੇ ਬੱਚੇ ਉੱਤੇ ਕੀ ਅਸਰ ਪੈਂਦਾ ਅਜਿਹੀ ਬੋਲ-ਬਾਣੀ ਦਾ! ਨਾ ਵੱਡਿਆਂ ਨੂੰ ਸ਼ਊਰ ਹੈ ਤੇ ਨਾ ਛੋਟਿਆਂ ਨੂੰ।’

ਉਹ ਥੋੜ੍ਹਾ ਚਿਰ ਬੋਲ ਕੇ ਸੌਂ ਗਈ। ਮੈਨੂੰ ਚਿੰਤਾ ਹੋਣ ਲੱਗੀ ‘ਕੀ ਸੱਚਮੁੱਚ ਅਸੀਂ ਮਾਹੌਲ ਤੋਂ ਅਣਭਿੱਜ ਰਹਿ ਜਾਵਾਂਗੇ?’ ਮੇਰਾ ਜੀਅ ਕੀਤਾ, ਪ੍ਰਭਜੋਤ ਨੂੰ ਹੁਣੇ ਫੋਨ ਲਾਵਾਂ, ਪਰ ਨਹੀਂ, ਕੱਲ੍ਹ ਨੂੰ ਪ੍ਰਭਜੋਤ ਨੇ ਆਉਣਾ ਹੈ। ਝੋਨੇ ਨੂੰ ਕੰਬਾਈਨ ਲੱਗਣੀ ਹੈ। ਪ੍ਰਭਜੋਤ ਨੂੰ ਟਰੈਕਟਰ ਉੱਤੇ ਮੰਡੀ ਝੋਨਾ ਸੁੱਟਣ ਦਾ ਸ਼ੌਕ ਹੈ। ਉਸ ਦਿਨ ਉਹ ਟਰੈਕਟਰ ਉੱਤੇ ਲੱਗੀ ਟੇਪ ਉੱਤੇ ਆਪਣੇ ਮਨਪਸੰਦ ਗਾਣੇ ਸੁਣਦਾ ਹੈ।

ਪ੍ਰਭਜੋਤ ਰੋਟੀ ਵੇਲੇ ਪਿੰਡ ਆ ਗਿਆ। ਉਸ ਸ਼ਹਿਰੀ ਲਿਬਾਸ ਵੀ ਨਾ ਬਦਲਿਆ। ਟਰੈਕਟਰ ਦੀ ਝਾੜ-ਪੂੰਝ ਕਰ ਕੇ ਖੇਤ ਵੱਲ ਨਿਕਲ ਪਿਆ। ਥੋੜ੍ਹਾ ਸੂਰਜ ਭਖਦੇ ਕੰਬਾਈਨ ਚੱਲ ਪਈ। ਪ੍ਰਭਜੋਤ ਆਪਣੀ ਧੁਨ ਵਿੱਚ ਮਸਤ ਝੋਨਾ ਟਰਾਲੀ ਵਿੱਚ ਪਵਾਉਣ ਲੱਗਾ। ਕਣਕ ਜਾਂ ਝੋਨਾ ਢੋਣ ਵੇਲੇ ਉਹ ਜ਼ਿਆਦਾ ਬੇਪਰਵਾਹ ਹੋ ਜਾਂਦਾ ਹੈ। ਆਪਣੇ ਮਨਪਸੰਦ ਗਾਣੇ ਉੱਚੀ ਆਵਾਜ਼ ਵਿੱਚ ਲਾਉਂਦਾ ਹੈ। ਉਸ ਦੀ ਟੇਪ ਵੱਜਣ ਲੱਗਦੀ ਹੈ; ‘ਨੀਂ ਚੰਡੀਗੜ੍ਹ ਵਾਲੀਏ, ਹੁਣ ਨ੍ਹੀਂ ਮੁੜਦੇ ਯਾਰ। ਨੀਂ ਚੰਡੀਗੜ੍ਹ ਵਾਲੀਏ, ਮਿਸ ਕਾਲਾਂ ਨਾ ਮਾਰ।’ ਉਸ ਦੀ ਉਮਰ ਹੀ ਅਜਿਹੀ ਹੈ। ਕੰਬਾਈਨ ਵਾਲੇ ਭਾਈ ਵੀ ਮੇਰੇ ਨਾਲ ਅੱਖ ਮਿਲਾ ਹੱਸਣ ਲੱਗ ਪਏ।

ਰਾਤ ਨੂੰ ਤਾਰਿਆਂ ਦੀ ਛਾਂ ਹੇਠ ਪਏ ਅਸੀਂ ਦੋਵੇਂ ਜੀਅ ਪ੍ਰਭਜੋਤ ਦੀਆਂ ਜਵਾਨ ਹਰਕਤਾਂ ਦਾ ਵਖਿਆਨ ਕਰ ਰਹੇ ਹਾਂ। ਗੱਲ ਪ੍ਰਭਜੋਤ ਦੇ ਫੋਨ ਉੱਤੇ ਆ ਜਾਂਦੀ ਹੈ। ਪ੍ਰਭਜੋਤ ਦੇ ਫੋਨ ਘੱਟ ਆਉਣ ਦੀ ਸ਼ਿਕਾਇਤ ਉਸ ਦੀ ਮੰਮੀ ਕਰ ਰਹੀ ਹੈ। ‘ਭਵਨਾਂ ਵਾਲਾ ਸ਼ਹਿਰ ਅਜਿਹਾ ਹੈ। ਉਸ ਦੀ ਰੰਗੀਨੀ ਵਿੱਚ ਪੁੱਤ ਖੋ ਗਿਆ ਹੋਵੇਗਾ।’ ਮੈਂ ਸੋਚਦਾ ਹਾਂ।

ਸਾਝਰੇ ਬਾਹਰਲੇ ਬਾਰ ਦਾ ਕੁੰਡਾ ਖੜਕਦਾ ਹੈ। ਮੇਰਾ ਦਿਲ ਧੜਕਣ ਲੱਗਦਾ ਹੈ। ਚੱਪਲਾਂ ਪਾ ਕੇ ਬਾਰ ਵੱਲ ਅਹੁਲਦਾ ਹਾਂ। ਅਰਲ ਖਿੱਚ ਦੇਖਦਾ ਹਾਂ। ਸਾਡੀ ਪਰਲੀ ਪੱਤੀ ਦਾ ਨੰਬਰਦਾਰ ਜਿਊਣਾ ਬਾਰ ਅੱਗੇ ਖੜ੍ਹਾ ਹੈ। ਨੰਬਰਦਾਰ ਦਾ ਪੋਤਾ ਸਾਡੇ ਪ੍ਰਭਜੋਤ ਨਾਲ ਭਵਨਾਂ ਵਾਲੇ ਸ਼ਹਿਰ ਪੜ੍ਹਦਾ ਹੈ। ਮੈਨੂੰ ਪਤਾ ਹੈ। ਉਸ ਦਾ ਚਿਹਰਾ ਭਖਿਆ ਹੋਇਆ ਹੈ। ਮੈਂ ਜਿਊਣੇ ਦੀਆਂ ਅੱਖਾਂ ਵੱਲ ਦੇਖ ਸਹਿਮ ਜਾਂਦਾ ਹਾਂ। ਜਿਉਣਾ ਖੂੰਡੇ ਦੀ ਘੋਪ ਧਰਤੀ ਵਿੱਚ ਖੋਭਦਾ ਸਾਡੇ ਵਿਹੜੇ ਲੰਘ ਆਇਆ। ‘ਅਸੀਂ ਮੁੰਡਾ ਸ਼ਹਿਰ ਵਿੱਚੋਂ ਵਾਪਸ ਲੈ ਆਏ ਦਰਸ਼ਨ ਸਿੰਹਾਂ।’

ਮੈਂ ਅਵਾਕ ਜਿਊਣੇ ਦੇ ਮੁੰਹ ਵੱਲ ਦੇਖਣ ਲੱਗਦਾ ਹਾਂ। ‘ਘਰੇ ਲਿਆ ਕੇ ਡਾਂਗ ਫੇਰੀ ਐ ਸੰਵਾਰ ਕੇ। ਮੁੰਡੇ ਆਪਣੇ ਗ਼ਲਤ ਰਾਹ ਪੈ ਗਏ।’ ਉਸ ਅੱਗਾ-ਪਿੱਛਾ ਦੇਖ ਕੇ ਕਿਹਾ, ‘ਚਿੱਟੇ ਦੀ ਪੁੜੀ ਮਿਲੀ ਐ ਮੁੰਡੇ ਕੋਲੋਂ।’
ਜਿਊਣਾ ਹੋਰ ਕੁਝ ਨਾ ਬੋਲਿਆ। ਭਖਿਆ ਹੋਇਆ ਪੁੱਠਾ ਮੁੜ ਗਿਆ।

ਮੇਰੀਆਂ ਅੱਖਾਂ ਮੂਹਰੇ ਹਨੇਰਾ ਛਾ ਗਿਆ। ਅਲਾਣੀ ਮੰਜੀ ਉੱਤੇ ਬੇਸੁਰਤਿਆਂ ਵਾਂਗ ਡਿੱਗ ਪੈਂਦਾ ਹਾਂ। ਪ੍ਰਭਜੋਤ ਦੀ ਮੰਮੀ ਪਾਣੀ ਲੈ ਕੇ ਆਈ। ਡਰ ਨਾਲ ਪੀਲੀ ਪਈ ਮੇਰੇ ਘਬਰਾਏ ਚਿਹਰੇ ਵੱਲ ਦੇਖਣ ਲੱਗੀ। ਮੈਂ ਦੋ ਘੁੱਟਾਂ ਪਾਣੀ ਪੀ ਗਲਾਸ ਪਰ੍ਹੇ ਰੱਖ ਦਿੱਤਾ।

‘ਨੰਬਰਦਾਰ ਕੀ ਕਹਿ ਕੇ ਗਿਆ?’

ਮੈਂ ਢਿੱਲੇ ਹੋਏ ਜੂੜੇ ਨੂੰ ਕੱਸਦਿਆਂ ਕਿਹਾ, ‘ਜਿਹੜੀ ਅੱਗ ਗੁਆਂਢ ਵਿੱਚ ਬਲ ਰਹੀ ਸੀ। ਉਹ ਆਪਣੀ ਕੰਧ ਵੀ ਟੱਪ ਆਈ।’

ਅਸੀਂ ਦੋਵੇਂ ਜੀਅ ਕੁਝ ਮਿੰਟ ਸਿਰ ਫੜ ਕੇ ਬੈਠੇ ਰਹੇ। ਜਿਵੇਂ ਦੇ ਕੱਪੜੇ ਸੀ, ਉਹੀ ਪਾ, ਬਟੂਆ ਜੇਬ ਵਿੱਚ ਪਾ ਕੇ ਮੈਂ ਬੱਸ ਚੜ੍ਹ ਗਿਆ। ਪ੍ਰਭਜੋਤ ਨੂੰ ਫੋਨ ਕਰਨਾ ਗ਼ਲਤ ਸੀ। ਉਹ ਘਬਰਾਹਟ ਵਿੱਚ ਆ ਕੇ ਕੋਈ ਗ਼ਲਤ ਕਦਮ ਚੁੱਕ ਸਕਦਾ ਸੀ। ਜਦੋਂ ਮੈਂ ਭਵਨਾਂ ਵਾਲੇ ਸ਼ਹਿਰ ਪੁੱਜਿਆ, ਸੁਰਤ ਪੂਰਾ ਕੰਮ ਨਹੀਂ ਕਰ ਰਹੀ ਸੀ। ਕਾਲਜ ਦੇ ਸਟਾਫ਼ ਨੂੰ ਮਿਲਿਆ। ਬੱਚਿਆਂ ਦੀ ਸ਼ਿਕਾਇਤ ਪੁੱਜ ਚੁੱਕੀ ਸੀ। ਸਟਾਫ਼ ਮੇਰੀ ਉਡੀਕ ਕਰ ਰਿਹਾ ਸੀ। ਮੈਂ ਪ੍ਰਿੰਸੀਪਲ ਦੇ ਦਫ਼ਤਰ ਗਿਆ ਤੇ ਨੀਵੀਂ ਪਾ ਕੇ ਬਹਿ ਗਿਆ।

ਪ੍ਰਿੰਸੀਪਲ ਬੋਲਿਆ, ‘ਸਰਦਾਰ ਜੀ, ਬੱਚੇ ਨੂੰ ਚੁੱਪਚਾਪ ਲੈ ਜਾਉ। ਸਖ਼ਤੀ ਨ੍ਹੀਂ ਕਰਨੀ। ਘਰ ਦਾ ਮਾਹੌਲ ਠੀਕ ਬਣਾ ਕੇ ਰਸਤਾ ਨਿਕਲੇਗਾ। ਪਰਮਾਤਮਾ ਭਲੀ ਕਰੇਗਾ।’ ਹੋਰ ਕੁਝ ਸੁਣਨ ਦੀ ਲੋੜ ਨਹੀਂ ਸੀ। ਪੀ ਜੀ ਗਿਆ। ਉਹ ਨੀਵੀਂ ਪਾਈ ਸਟੂਲ ਉੱਤੇ ਬੈਠਾ ਸੀ। ਕਈ ਦਿਨਾਂ ਦੇ ਜੂਠੇ ਬਰਤਨ ਘੋਰ ਉਦਾਸੀ ਦੀ ਗਵਾਹੀ ਭਰ ਰਹੇ ਸਨ। ਮੈਂ ਉਸ ਦੇ ਮੋਢਿਆਂ ਉੱਤੇ ਹੱਥ ਰੱਖੇ। ਮੇਰਾ ਸ਼ੇਰ ਵਰਗੀ ਤਾਕਤ ਵਾਲਾ ਛੇ ਫੁੱਟ ਤੋਂ ਵੱਧ ਕੱਦ ਦਾ ਪੁੱਤ ਮੈਲੇ ਕੱਪੜਿਆਂ ਵਿੱਚ ਬੇਹੱਦ ਗਮਗੀਨ ਜਾਪਦਾ ਸੀ। ਕੁਝ ਚੁੱਕਣ ਦੀ ਲੋੜ ਨਹੀਂ ਸੀ। ਮੈਂ ਉਸ ਦਾ ਚੌੜਾ ਹੱਥ ਆਪਣੇ ਹੱਥ ਵਿੱਚ ਲੈ ਲਿਆ।

ਕਿਤੇ ਮੈਨੂੰ ਇਹ ਸ਼ਹਿਰ ਰੋਮਾਂਚ ਨਾਲ ਭਰਦਾ ਸੀ। ਹੁਣ ਬੱਸ ਜਦੋਂ ਚੌਕਾਂ ਨੂੰ ਪਿੱਛੇ ਛੱਡਦੀ ਸੀ ਤਾਂ ਅਮਲਤਾਸ ਦੇ ਪੀਲੇ ਫੁੱਲ ਮੈਨੂੰ ਬਲਦੇ ਸਿਵਿਆਂ ਵਰਗੇ ਜਾਪ ਰਹੇ ਸਨ। ਉਹ ਸੀਟ ਉੱਤੇ ਨੀਵੀਂ ਸੁੱਟੀ ਊਂਘ ਰਿਹਾ ਸੀ। ਦੋ ਵਾਰ ਉਸ ਦੇ ਮੋਬਾਈਲ ਦੀ ਰਿੰਗ ਵੱਜੀ। ਉਸ ਨਾ ਚੁੱਕਿਆ। ਮੈਂ ਵੀ ਚੁੱਪ ਸੀ। ਪਤਾ ਨਹੀਂ ਪਿੰਡ ਦੀਆਂ ਕਿਨ੍ਹਾਂ ਗਲੀਆਂ ਵਿਚ ਦੀ ਅਸੀਂ ਪਿਉ-ਪੁੱਤ ਘਰ ਪੁੱਜੇ। ਉਹ ਬਿਨਾਂ ਕੁਝ ਖਾਧੇ ਪੀਤੇ ਬੈੱਡ ਉੱਤੇ ਡਿੱਗ ਪਿਆ। ਉਸ ਦੀ ਮੰਮੀ ਨੇ ਬੂਟਾਂ ਦੇ ਤਸਮੇ ਖੋਲ੍ਹਣ ਲਈ ਹੱਥ ਵਧਾਇਆ। ਉਸ ਹੱਥ ਛਿਟਕ ਦਿੱਤਾ।

ਘਰ ਖਾਣ ਨੂੰ ਆ ਰਿਹਾ ਸੀ। ਇੱਕ-ਦੂਜੇ ਵੱਲ ਦੇਖ ਅਸੀਂ ਅੱਖਾਂ ਭਰ ਆਏ। ਉਹ ਉਲਟੀਆਂ ਕਰ ਰਿਹਾ ਸੀ। ਮੈਂ ਕਿਹਾ, ‘ਰਹਿਰਾਸ ਪੜ੍ਹ, ਗੁਰਜੀਤ ਕੁਰੇ।’

ਬਾਣੀ ਚੱਲ ਪਈ। ਕੋਈ ਰਸਤਾ ਕੱਢਣ ਲਈ ਮਨ ਦੀ ਤਾਰ ਕਿਤੇ-ਕਿਤੇ ਬਾਣੀ ਨਾਲੋਂ ਟੁੱਟ ਜਾਂਦੀ। ਰਹਿਰਾਸ ਖ਼ਤਮ ਹੋਇਆ। ਮੈਂ ਕਿਹਾ, ‘ਪਾਠ ਕਿਤੋਂ ਹੋਰ ਸ਼ੁਰੂ ਕਰੋ। ਮਨ ਹਾਲੇ ਵੀ ਅਸ਼ਾਂਤ ਹੈ।’

ਬਾਣੀ ਦੇ ਸੁਰ ਘਰ ਵਿੱਚ ਗੂੰਜਣ ਲੱਗੇ। ਪਤਾ ਨਾ ਲੱਗਾ ਕਦੋਂ ਗੁਰਜੀਤ ਕੌਰ ਸੌਂ ਗਈ। ਮੈਂ ਪ੍ਰਭਜੋਤ ਦੀ ਵੱਖੀ ਨਾਲ ਲੱਗ ਕੇ ਪੈ ਗਿਆ। ਰਾਤ ਨੂੰ ਪ੍ਰਭਜੋਤ ਖੰਘਦਾ ਤਾਂ ਮੇਰੀ ਨੀਂਦ ਟੁੱਟ ਜਾਂਦੀ। ਹੁਣ ਉਸ ਦੀ ਖੰਘ ਵਿੱਚ ਗੱਭਰੂਆਂ ਵਾਲੀ ਦਮਕ ਨਹੀਂ ਸੀ, ਇਉਂ ਸੀ ਜਿਵੇਂ ਕੋਈ ਬਿਮਾਰ ਖੰਘਦਾ ਹੋਵੇ। ਤੜਕੇ ਮੇਰੀ ਅੱਖ ਖੁੱਲ੍ਹੀ। ਬਾਣੀ ਦੀ ਸੈਂਚੀ ਗੁਰਜੀਤ ਕੌਰ ਦੇ ਹੱਥਾਂ ਵਿੱਚ ਖੁੱਲ੍ਹੀ ਪਈ ਸੀ। ਗੁਰਬਾਣੀ ਦੀ ਇੱਕ ਟੂਕ ਉੱਤੇ ਮੇਰੀ ਨਜ਼ਰ ਅਟਕ ਗਈ: ਧਿਰਗ ਤਿਨਾ ਕਾ ਜੀਵਣਾ ਜੇ ਪਤ ਲੱਥੀ ਜਾਇ।

ਮੈਂ ਟੂਕ ਵੱਲ ਦੇਖ ਕੁਝ ਸੋਚਦਾ ਰਿਹਾ। ਸੈਂਚੀ ਰੁਮਾਲੇ ਵਿੱਚ ਲਪੇਟ ਕੇ ਸੰਤੋਖ ਦਿੱਤੀ। ਸਦਮੇ ਵਿੱਚੋਂ ਬਾਹਰ ਆਉਣ ਲਈ ਕੋਈ ਰਾਹ ਖੋਜਣ ਲੱਗਾ। ਗੁਰਜੀਤ ਕੌਰ ਉੱਠ ਖੜ੍ਹੀ। ਮੈਂ ਕਿਹਾ, ‘ਜਿਸ ਲੜਾਈ ਤੋਂ ਬਚਣ ਲਈ ਆਪਾਂ ਪ੍ਰਭਜੋਤ ਨੂੰ ਭੇਜਿਆ ਸੀ, ਉਹ ਆਪਣੇ ਗਲ ਆ ਪਈ। ਆਪਾਂ ਇਹ ਲੜਾਈ ਲੜਾਂਗੇ। ਤੂੰ ਠੇਕਿਆਂ ਖਿਲਾਫ਼ ਔਰਤਾਂ ਨੂੰ ਜਾਗਰੂਕ ਕਰ। ਮੈਂ ਜਿਊਣੇ ਹੋਰਾਂ ਨੂੰ ਹੋਰ ਨਸ਼ਿਆਂ ਖਿਲਾਫ਼ ਨਾਲ ਤੋਰਾਂਗਾ। ਇਸ ਤਰ੍ਹਾਂ ਢੇਰੀ ਢਾਹਿਆਂ ਖ਼ਤਰਾ ਟਲਣ ਵਾਲਾ ਨਹੀਂ ਹੈ।’

ਨਸ਼ਾ ਛੁਡਾਊ ਕੇਂਦਰ ਦਾ ਇਹ ਮੇਰਾ ਦੂਜਾ ਗੇੜਾ ਹੈ। ਕੇਂਦਰ ਦਾ ਸਟਾਫ਼ ਬੜਾ ਸਖ਼ਤ ਹੈ। ਨਸ਼ਾ ਛੱਡਣ ਵਾਲੇ ਮੁੰਡਿਆਂ ਦੀ ਕੁੱਟ-ਮਾਰ ਕਰ ਦਿੰਦਾ ਹੈ। ਮੈਂ ਆਪਣੇ ਪੁੱਤ ਨਾਲ ਅਜਿਹਾ ਵਿਹਾਰ ਸਹਿ ਨਹੀਂ ਸਕਦਾ। ਭੋਲੇਪਣ ਵਿੱਚ ਉਹ ਜ਼ਰੂਰ ਕਿਸੇ ਸ਼ਾਤਰ ਗੈਂਗ ਦੀ ਚਪੇਟ ਵਿੱਚ ਆਇਆ ਹੈ। ਮੈਂ ਕੇਂਦਰ ਦੇ ਡਾਕਟਰ ਨੂੰ ਮਿਲਿਆ। ਡਾਕਟਰ ਮਿਲਣਸਾਰ ਹੈ। ਮੈਂ ਬੇਨਤੀ ਕੀਤੀ ਕਿ ਪੈਸੇ ਚਾਹੇ ਦੁੱਗਣੇ ਭਰਾ ਲਵੋ, ਮੇਰੇ ਪੁੱਤ ਦੇ ਛਟੀ ਨਹੀਂ ਮਾਰਨੀ। ਡਾਕਟਰ ਮੇਰੀਆਂ ਭਰੀਆਂ ਅੱਖਾਂ ਦੇਖ ਕੇ ਗੰਭੀਰ ਹੋ ਗਿਆ। ਮੈਨੂੰ ਹੌਸਲਾ ਦਿੱਤਾ। ਪਿੰਡ ਵਿੱਚ ਨਸ਼ਾ ਵਿਰੋਧੀ ਲਹਿਰ ਬਣਾਉਣ ਲਈ ਕਿਹਾ। ਮੈਂ ਘਰ ਘਰ ਗਿਆ। ਦੁਖੀ ਔਰਤਾਂ ਤੇ ਬੰਦੇ ਹੌਲੀ-ਹੌਲੀ ਆਪਣੀ ਜ਼ੁਬਾਨ ਖੋਲ੍ਹਣ ਲੱਗੇ।
ਮੈਂ ਜਥੇਬੰਦੀ ਖੜ੍ਹੀ ਕਰਦਾ ਕਈ ਦਿਨਾਂ ਮਗਰੋਂ ਪ੍ਰਭਜੋਤ ਦਾ ਪਤਾ ਲੈਣ ਗਿਆ। ਉਸ ਦੀ ਡਾਕਟਰ ਨਾਲ ਦੋਸਤੀ ਹੋ ਗਈ ਸੀ। ਡਾਕਟਰ ਨੇ ਮੈਨੂੰ ਦੱਸਿਆ, ‘ਤੁਹਾਡਾ ਪੁੱਤਰ ਖੁੱਲ੍ਹੀ ਕਿਤਾਬ ਜਿਹਾ ਹੈ। ਕੋਈ ਵਕਤ ਮਾੜਾ ਆ ਗਿਆ ਸੀ। ਹੁਣ ਇਹ ਠੀਕ ਹੈ।’ ਉਸ ਪ੍ਰਭਜੋਤ ਨੂੰ ਕੋਲ ਸੱਦ ਲਿਆ ਤੇ ਕਿਹਾ, ‘ਦੇਖ ਕਾਕਾ, ਅਹੁ ਸਾਹਮਣੇ ਸੌ ਸਾਲ ਪੁਰਾਣਾ ਬੋਹੜ ਦਾ ਰੁੱਖ ਹੈ। ਪੱਤਝੜ ਮਗਰੋਂ ਬਹਾਰ ਵਿੱਚ ਤੂੰ ਇਸ ਦਾ ਪੁਨਰ-ਜਨਮ ਦੇਖ ਰਿਹਾ ਹੈਂ ਨਾ? ਇਸ ਦੀ ਛਾਂ ਕਿੰਨੀ ਸੰਘਣੀ ਹੈ। ਇਸ ਦੇ ਪੱਤੇ ਕਿੰਨੇ ਕੂਲੇ ਹਨ। ਪੁੱਤਰ, ਤੂੰ ਜਵਾਨੀ ਦੀ ਸਿਖਰ ਉੱਤੇ ਹੈਂ। ਇਸ ਤੋਂ ਪਿੱਛੋਂ ਤੇਰੇ ਉੱਤੇ ਕੋਈ ਪੱਤਝੜ ਨਹੀਂ ਆਵੇਗੀ। ਤੂੰ ਮਾਂ-ਪਿਉ ਦਾ ਚਿਰਾਗ਼ ਹੀ ਨਹੀਂ, ਸੰਘਣੀ ਛਾਂ ਦੇਣ ਵਾਲਾ ਰੁੱਖ਼ ਏਂ। ਖ਼ੁਸ਼ੀ-ਖ਼ੁਸ਼ੀ ਆਪਣੇ ਘਰ ਜਾ।’

ਪ੍ਰਭਜੋਤ ਨੂੰ ਕਮਰੇ ਵਿੱਚੋਂ ਤੋਰਨ ਮਗਰੋਂ ਡਾਕਟਰ ਨੇ ਮੈਨੂੰ ਕਿਹਾ, ‘ਇਹ ਕਿਹੜੀ ਰੁੱਤ ਹੈ ਸਰਦਾਰ ਜੀ?’

ਮੈਂ ਹੈਰਾਨ ਹੋ ਗਿਆ। ਡਾਕਟਰ ਨੇ ਇਹ ਸਵਾਲ ਕਿਉਂ ਪੁੱਛਿਆ। ਸਾਫ਼ ਹੈ, ਵਿਸਾਖੀ ਲੰਘ ਗਈ ਹੈ। ਕਣਕਾਂ ਨੂੰ ਕੰਬਾਈਨ ਪੈਣ ਵਾਲੀ ਹੈ।

‘ਜੀ, ਵਾਢੀ ਦਾ ਜ਼ੋਰ ਚੱਲ ਰਿਹਾ।’ ਮੈਂ ਕਿਹਾ।

‘ਤੁਸੀਂ ਜਿਸ ਦਿਨ ਕੰਬਾਈਨ ਲਾਈ, ਪ੍ਰਭਜੋਤ ਦੀ ਗਰਲ ਫਰੈਂਡ ਕੰਬਾਈਨ ਦੀ ਵਾਢੀ ਦੇਖਣ ਆਵੇਗੀ। ਮੁੰਡਾ ਮੈਨੂੰ ਸਭ ਕੁਝ ਦੱਸ ਚੁੱਕਾ ਹੈ। ਇਸ ਨੂੰ ਆਹ ਦਲਦਲ ਵਿੱਚੋਂ ਕੱਢਣ ਵਿੱਚ ਮੇਰੀ ਦਵਾਈ ਦੇ ਨਾਲ ਉਸ ਦਾ ਵੀ ਹੱਥ ਹੈ। ਤੁਸੀਂ ਉਸ ਦਾ ਸੁਆਗਤ ਕਰਨਾ ਹੈ।’

ਖ਼ੁਸ਼ੀ ਵਿੱਚ ਮੇਰੇ ਹੰਝੂ ਟਪਕ ਆਏ। ‘ਡਾਕਟਰ ਸਾਹਿਬ। ਇਸ ਦੀ ਖ਼ੁਸ਼ੀ ਵਿੱਚ ਹੀ ਸਾਡੀ ਖ਼ੁਸ਼ੀ ਹੈ। ਅਸੀਂ ਤਾਂ ਵਿਆਹ ਵੇਲੇ ਤੁਹਾਨੂੰ ਵੀ ਸਪੈਸ਼ਲ ਸੱਦਾਂਗੇ।’ ਡਾਕਟਰ ਨੇ ਆਉਣ ਦਾ ਵਾਅਦਾ ਕੀਤਾ।

ਬਾਹਰ ਆ ਮੈਂ ਲਾਡ ਵਿੱਚ ਪ੍ਰਭਜੋਤ ਦੇ ਮੋਢਿਆਂ ਨੂੰ ਧੱਫ਼ਾ ਮਾਰਿਆ। ਮੋਢੇ ਪਹਿਲਾਂ ਵਾਂਗ ਹੀ ਮਜ਼ਬੂਤ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਜ਼ਬਾਨ ਦਾ ਕਤਲ -ਅਸ਼ਰਫ਼ ਸੁਹੇਲ

ਸਕੂਲ ਲੱਗਣ ਵਿੱਚ ਅਜੇ ਅੱਧਾ ਘੰਟਾ ਰਹਿੰਦਾ ਸੀ। ਸਕੂਲ ਦੇ ਅਹਾਤੇ ਦੇ ਬਾਹਰ ਕੁਝ ਬੱਚੇ ਖੇਡ ਰਹੇ ਸਨ। ਕੁਝ ਕੁਲਚੇ-ਛੋਲੇ ਵਾਲੇ ਦੀ ਰੇੜ੍ਹੀ ਕੋਲ ਖੜੇ

ਵਿਅੰਗ: ਝਾੜਫੂਕ…

ਮਿੰਟੂ ਦੇ ਡੈਡੀ ਜੀ, ਮੇਰੀ ਗੱਲ ਜ਼ਰਾ ਧਿਆਨ ਨਾਲ ਸੁਣੋਂ…ਮਹੀਨਾ ਹੋ ਗਿਐ, ਥੋਨੂੰ ਵੀ ਪਤੈ ਕਿ ਮੇਰਾ ਟਾਈਫਾਈਡ ਖਹਿੜਾ ਹੀ ਨਹੀਂ ਛੱਡ ਰਿਹੈ…। ਅੱਜ ਆਪਣੀ

gurnaaz-new flyer feb 23
Elevate-Visual-Studios
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.