ਸਰੀ, ਬੀ.ਸੀ. – ਜਿਵੇਂ ਕਿ ਗਰਮੀਆਂ ਨੇੜੇ ਆ ਰਹੀਆਂ ਹਨ ਅਤੇ ਮੌਸਮ ਵਿਗਿਆਨੀਆਂ ਵੱਲੋਂ ਇਸ ਸਾਲ ਗਰਮੀ ਦੇ ਵਧੇਰੇ ਖ਼ਤਰੇ ਦੀ ਭਵਿੱਖਬਾਣੀ ਕੀਤੀ ਗਈ ਹੈ। ਸਰੀ ਸ਼ਹਿਰ ਨੇ ਨਿਵਾਸੀਆਂ, ਸੈਲਾਨੀਆਂ ਅਤੇ ਕੁਦਰਤੀ ਪਾਰਕਾਂ ਦੀ ਰੱਖਿਆ ਲਈ ਆਪਣੀ 2025 ਡਰਾਈ ਸੀਜ਼ਨ ਐਕਸ਼ਨ ਯੋਜਨਾ ਲਾਗੂ ਕਰ ਦਿੱਤੀ ਹੈ। 2024 ਵਿੱਚ ਹੀ 505 ਝਾੜੀਆਂ/ਘਾਹ ਨੂੰ ਅੱਗ ਲੱਗਣ ਦੇ ਮਾਮਲੇ ਦਰਜ ਕੀਤੇ ਗਏ ਸਨ। ਇਹ ਯੋਜਨਾ ਸਰੀ ਫਾਇਰ ਸਰਵਿਸ, ਪਾਰਕਸ, ਰਿਕਰੀਏਸ਼ਨ ਐਂਡ ਕਲਚਰ ਅਤੇ ਬਾਈਲਾਅ ਸਰਵਿਸਿਜ਼ ਵੱਲੋਂ ਮਿਲ ਕੇ ਤਿਆਰ ਕੀਤੀ ਗਈ ਹੈ। ਇਹ ਇੱਕ ਵਿਆਪਕ ਅਤੇ ਖ਼ਤਰੇ-ਆਧਾਰਤ ਰਣਨੀਤੀ ਹੈ, ਜੋ ਅੱਗ ਦੇ ਮਾਮਲਿਆਂ ਦੀ ਸੰਭਾਵਨਾ ਨੂੰ ਘਟਾਉਣ ਅਤੇ ਸੁੱਕੇ ਮੌਸਮ ਦੌਰਾਨ ਜਨਤਕ ਸੁਰੱਖਿਆ ਨੂੰ ਵਧਾਉਣ ਲਈ ਬਣਾਈ ਗਈ ਹੈ।
ਮੇਅਰ ਬਰੈਂਡਾ ਲੌਕ ਨੇ ਕਿਹਾ ਕਿ ਜਨਤਕ ਸੁਰੱਖਿਆ ਸਾਡੀ ਪਹਿਲੀ ਤਰਜੀਹ ਹੈ, ਕਿਉਂਕਿ ਅਸੀਂ ਸਰੀ ਵਿਚ ਖ਼ਾਸ ਤੌਰ ‘ਤੇ ਖ਼ੁਸ਼ਕ ਅਤੇ ਗਰਮ ਮੌਸਮ ਦੀ ਤਿਆਰੀ ਕਰ ਰਹੇ ਹਾਂ। “ਡਰਾਈ ਸੀਜ਼ਨ ਐਕਸ਼ਨ ਯੋਜਨਾ ਸਾਡੇ ਭਾਈਚਾਰੇ, ਕੁਦਰਤੀ ਖੇਤਰਾਂ ਅਤੇ ਸੈਲਾਨੀਆਂ ਨੂੰ ਜੰਗਲੀ ਅੱਗ ਦੇ ਜੋਖ਼ਮ ਤੋਂ ਬਚਾਉਣ ਲਈ ਸਾਡੇ ਸ਼ਹਿਰ ਦੇ ਵੱਖ-ਵੱਖ ਵਿਭਾਗਾਂ ਦੁਆਰਾ ਇੱਕ ਵਿਆਪਕ ਅਤੇ ਸਹਿਯੋਗੀ ਕੋਸ਼ਿਸ਼ ਦੀ ਨੁਮਾਇੰਦਗੀ ਕਰਦੀ ਹੈ। ਇਨ੍ਹਾਂ ਉਪਾਵਾਂ ਨੂੰ ਸਰਗਰਮੀ ਨਾਲ ਲਾਗੂ ਕਰਕੇ, ਅਸੀਂ ਅੱਗ ਲੱਗਣ ਦੀ ਸੰਭਾਵਨਾ ਨੂੰ ਘਟਾ ਸਕਦੇ ਹਾਂ, ਉੱਭਰ ਰਹੇ ਖ਼ਤਰਿਆਂ ਦਾ ਤੇਜ਼ੀ ਨਾਲ ਜਵਾਬ ਦੇ ਸਕਦੇ ਹਾਂ, ਅਤੇ ਸਾਡੇ ਸੁੰਦਰ ਵਾਤਾਵਰਨ ਦਾ ਅਨੰਦ ਲੈਂਦੇ ਹੋਏ, ਹਰ ਕਿਸੇ ਨੂੰ ਸੁਰੱਖਿਅਤ ਰਹਿਣ ਵਿੱਚ ਸਹਾਇਤਾ ਕਰ ਸਕਦੇ ਹਾਂ। ਇਹ ਮਹੱਤਵਪੂਰਨ ਹੈ ਕਿ ਵਸਨੀਕ ਅਤੇ ਸੈਲਾਨੀ ਨਿੱਜੀ ਜ਼ਿੰਮੇਵਾਰੀ ਵੀ ਲੈਣ, ਜਿਵੇਂ ਕਿ ਸੂਚਿਤ ਰਹਿਣਾ, ਸੁਰੱਖਿਆ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨਾ, ਅਤੇ ਸਿਗਰਟਨੋਸ਼ੀ ਸਮੱਗਰੀ ਦਾ ਸਹੀ ਢੰਗ ਨਾਲ ਸੁੱਟਣਾ ਤਾਂ ਜੋ ਅਸੀਂ ਅੱਗ ਤੋਂ ਬਚਾਅ ਕਰ ਸਕੀਏ ਅਤੇ ਸਰੀ ਨੂੰ ਇੱਕ ਸੁਰੱਖਿਅਤ ਅਤੇ ਜੀਵੰਤ ਥਾਂ ਬਣਾਈ ਰੱਖੀਏ।”
2025 ਖ਼ੁਸ਼ਕ ਮੌਸਮ ਕਾਰਵਾਈ ਯੋਜਨਾ ਦੇ ਮੁੱਖ ਤੱਤ:
• ਜਨਤਾ ਵਿੱਚ ਜਾਗਰੂਕਤਾ ਵਧਾਉਣਾ: ਅੱਗ ਸੁਰੱਖਿਆ ਅਤੇ ਰੋਕਥਾਮ ਬਾਰੇ ਨਾਗਰਿਕਾਂ ਨੂੰ ਸੂਚਿਤ ਕਰਨ ਲਈ ਲਗਾਤਾਰ ਸੰਚਾਰ, ਜਿਸ ਵਿੱਚ ਅੱਗ ਦੇ ਖ਼ਤਰੇ ਦੀ ਮੌਜੂਦਾ ਰੇਟਿੰਗ ਦਰਸਾਉਣ ਵਾਲੇ ਬੋਰਡ, ਉਹ ਥਾਵਾਂ ਜਿੱਥੇ ਸਿਗਰਟਨੋਸ਼ੀ ਸਮੱਗਰੀ ਗ਼ਲਤ ਢੰਗ ਨਾਲ ਸੁੱਟੀ ਜਾਣ ਕਾਰਨ ਅੱਗ ਲੱਗੀ ਹੋਵੇ, ਅਤੇ ਸਮੁੰਦਰ ਕਿਨਾਰੇ ਅੱਗ ਲਗਾਉਣ ‘ਤੇ ਪਾਬੰਦੀ ਬਾਰੇ ਜਾਣਕਾਰੀ ਸ਼ਾਮਲ ਹੈ।
• ਅੰਤਰ-ਵਿਭਾਗੀ ਸਹਿਯੋਗ: ਫਾਇਰ ਸਰਵਿਸ, ਪਾਰਕਸ, ਅਤੇ ਬਾਈਲਾਅ ਟੀਮਾਂ ਵੱਲੋਂ ਹਾਲਾਤਾਂ ਦੀ ਨਿਗਰਾਨੀ ਅਤੇ ਨਵੇਂ ਖ਼ਤਰੇ ਉੱਤੇ ਤੁਰੰਤ ਜਵਾਬ ਲਈ ਸਹਿਯੋਗ।
• ਟਿਕਾਊ ਤਰੀਕੇ: ਲੰਬੀ ਮਿਆਦ ਵਾਲੀਆਂ ਰਣਨੀਤੀਆਂ ਜੋ ਕਿ ਅੱਗ ਦੀ ਰੋਕਥਾਮ ਨੂੰ ਵਾਤਾਵਰਨ ਅਤੇ ਕਾਰਜਸ਼ੀਲ ਦ੍ਰਿਸ਼ਟੀਕੋਣ ਤੋਂ ਟਿਕਾਊ ਬਣਾਉਂਦੀਆਂ ਹਨ।
ਇਹ ਯੋਜਨਾ ਪਹਿਲੀ ਵਾਰ 2018 ਵਿੱਚ ਵਧ ਰਹੀਆਂ ਅੱਗਾਂ ਦੇ ਮਾਮਲਿਆਂ ਦੇ ਜਵਾਬ ਵਜੋਂ ਸ਼ੁਰੂ ਕੀਤੀ ਗਈ ਸੀ ਅਤੇ ਹਰ ਸਾਲ ਮੌਜੂਦਾ ਹਾਲਾਤਾਂ ਅਤੇ ਵਧੀਆ ਤਰੀਕਿਆਂ ਦੇ ਆਧਾਰ ‘ਤੇ ਸਮੀਖਿਆ ਅਤੇ ਅੱਪਡੇਟ ਕੀਤੀ ਜਾਂਦੀ ਹੈ।
ਫਾਇਰ ਚੀਫ਼ ਲੈਰੀ ਥੋਮਸ ਨੇ ਕਿਹਾ ਕਿ, “ਸੁੱਕੇ ਮੌਸਮ ਦੀ ਕਾਰਵਾਈ ਯੋਜਨਾ ਸਰੀ ਦੇ ਜੰਗਲ ਅਤੇ ਬੀਚ ਇਲਾਕਿਆਂ ਵਿੱਚ ਅੱਗ ਦੀ ਸੁਰੱਖਿਆ ਨੂੰ ਲੈ ਕੇ ਵਿਭਾਗਾਂ ਵਿਚਕਾਰ ਇੱਕ ਸਾਂਝੀ ਕੋਸ਼ਿਸ਼ ਹੈ। ਸਰੀ ਦੇ ਨਿਵਾਸੀਆਂ ਅਤੇ ਸੈਲਾਨੀਆਂ ਨੂੰ ਅਣਚਾਹੀਆਂ ਝਾੜੀਆਂ ਅਤੇ ਘਾਹ ਦੀਆਂ ਅੱਗਾਂ ਤੋਂ ਬਚਾਅ ਲਈ ਨਿੱਜੀ ਜ਼ਿੰਮੇਵਾਰੀ ਲੈਣ ਦੀ ਅਪੀਲ ਕੀਤੀ ਜਾਂਦੀ ਹੈ। ਸਿਗਰਟ ਆਦਿ ਦੀ ਢੰਗ ਨਾਲ ਨਿਕਾਸੀ ਅਤੇ ਖੁੱਲ੍ਹੀਂ ਅੱਗ ਜਾਂ ਬੀਚ ਅੱਗ ਬਾਲਣ ‘ਤੇ ਪਾਬੰਦੀ ਦੀ ਪਾਲਣਾ ਕਰਕੇ ਅਸੀਂ ਸਾਰੇ ਇੱਕ ਸੁਰੱਖਿਅਤ ਗਰਮੀ ਦਾ ਆਨੰਦ ਲੈ ਸਕਦੇ ਹਾਂ।”
ਵਸਨੀਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਅੱਗ ਸਬੰਧੀ ਨਿਯਮਾਂ ਦੀ ਪਾਲਣਾ ਕਰਦੇ ਹੋਏ, ਕਿਸੇ ਵੀ ਧੂੰਏਂ ਜਾਂ ਅੱਗ ਦੀ ਕਿਸੇ ਵੀ ਗਤੀਵਿਧੀ ਦੀ ਤੁਰੰਤ ਰਿਪੋਰਟ ਕਰੋ। ਸਰੀ ਦੇ ਅੱਗ ਸਬੰਧੀ ਨਿਯਮਾਂ ਅਤੇ ਪਰਮਿਟ ਬਾਰੇ ਜਾਣਕਾਰੀ ਲਈ ਸਿਟੀ ਦੀ ਵੈੱਬਸਾਈਟ ‘ਤੇ ਜਾਓ।